ਕੌਮੀ ਕਮਿਸ਼ਨ ਦੂਜੀ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦੀ ਕਰੇਗਾ ਜਾਂਚ : ਹਰਸਿਮਰਤ

12/19/2019 8:00:15 PM

ਚੰਡੀਗੜ੍ਹ,(ਅਸ਼ਵਨੀ)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਕਿਹਾ ਕਿ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ. ਸੀ. ਪੀ. ਸੀ. ਆਰ.) ਨੇ ਦੂਜੀ ਕਲਾਸ ਵਿਚ ਪੜ੍ਹਦੀ ਵਿਦਿਆਰਥਣ ਨਾਲ ਹੋਏ ਜਬਰ-ਜ਼ਨਾਹ ਦੇ ਘਿਨੌਣੇ ਅਪਰਾਧ ਦੀ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮ ਇਸ ਮਾਮਲੇ ਵਿਚ ਸਕੂਲ ਮੈਨੇਜਮੈਂਟ ਵੱਲੋਂ ਵਰਤੀ ਅਣਗਹਿਲੀ ਵਾਸਤੇ ਜ਼ਿੰਮੇਵਾਰੀ ਤੈਅ ਕਰਨ ਅਤੇ ਭਵਿੱਖ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਸਕੂਲ ਦਾ ਦੌਰਾ ਕਰੇਗੀ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਘਟਨਾ ਹੋਣ ਤੋਂ 4 ਦਿਨ ਬਾਅਦ ਵੀ ਨਾ ਇਸ ਘਿਨੌਣੇ ਅਪਰਾਧ ਨੂੰ ਲੁਕੋਣ ਦੀ ਕੋਸ਼ਿਸ਼ ਕਰਨ ਵਾਲੀ ਸਕੂਲ ਮੈਨੇਜਮੈਂਟ ਖ਼ਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਪੁਲਸ ਅਧਿਕਾਰੀਆਂ ਖ਼ਿਲਾਫ਼, ਜਿਨ੍ਹਾਂ ਨੇ ਇਸ ਅਣਮਨੁੱਖੀ ਕੰਮ 'ਚ ਮੈਨੇਜਮੈਂਟ ਦੀ ਮਦਦ ਕੀਤੀ ਸੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅੱਜ ਐੱਨ. ਸੀ. ਪੀ. ਸੀ. ਆਰ. ਦੇ ਚੇਅਰਮੈਨ ਪ੍ਰਿਯਾਂਕ ਕਾਨੂੰਗੋ ਨੂੰ ਮਿਲੇ ਸਨ ਤੇ ਉਨ੍ਹਾਂ ਸਕੂਲ ਮੈਨੇਜਮੈਂਟ ਦੇ ਗੈਰ-ਸਹਿਯੋਗੀ ਵਿਵਹਾਰ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ, ਜਿਸ ਨੇ ਪੀੜਤ ਬੱਚੀ ਦੇ ਮਾਪਿਆਂ ਨੂੰ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਨਹੀਂ ਦਿੱਤੀ। ਹਰਸਿਮਰਤ ਨੇ ਕਿਹਾ ਕਿ ਚੇਅਰਮੈਨ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਪੂਰੀ ਘਟਨਾ ਦੀ ਵਿਸਥਾਰ 'ਚ ਜਾਂਚ ਕਰਵਾਉਣਗੇ ਅਤੇ ਪੀੜਤ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਿਫਾਰਿਸ਼ ਕਰਨਗੇ। ਇਸੇ ਦੌਰਾਨ ਹਰਸਿਮਰਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਆਸ ਸਕੂਲ ਦੇ ਪ੍ਰਿੰਸੀਪਲ ਅਤੇ ਉਨ੍ਹਾਂ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪੁਲਸ ਅਧਿਕਾਰੀਆਂ ਨੂੰ 
ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।


Related News