ਹਰਸਿਮਰਤ ਨੇ ਇਰਾਕ ''ਚ ਫਸੇ ਪੰਜਾਬੀਆਂ ਲਈ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ
Wednesday, Jun 12, 2019 - 10:45 PM (IST)

ਚੰਡੀਗੜ੍ਹ (ਭੁੱਲਰ)— ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਿਛਲੇ 7 ਮਹੀਨਿਆਂ ਤੋਂ ਇਰਾਕ ਦੇ ਇਰਬਿਲ ਸ਼ਹਿਰ 'ਚ ਫਸੇ 7 ਪੰਜਾਬੀ ਨੌਜਵਾਨਾਂ ਦੀ ਵਾਪਸੀ ਵਾਸਤੇ ਲੋੜੀਂਦਾ ਸਹਿਯੋਗ ਪ੍ਰਦਾਨ ਕਰਨ ਲਈ ਇਰਾਕ 'ਚ ਭਾਰਤੀ ਦੂਤਾਵਾਸ ਨੂੰ ਨਿਰਦੇਸ਼ ਦੇਣ। ਹਰਸਿਮਰਤ ਕੱਲ ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨਾਲ ਡਾ. ਐੱਸ.ਜੈਸ਼ੰਕਰ ਨੂੰ ਵੀ ਮਿਲੇਗੀ। ਇਸ ਸਬੰਧੀ ਉਨ੍ਹਾਂ ਨੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਚਿੱਠੀ ਲਿਖ ਕੇ ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਦੇ ਇਰਾਕ 'ਚ ਫਸੇ 7 ਪੰਜਾਬੀ ਨੌਜਵਾਨਾਂ ਦੀ ਜਲਦੀ ਸਹੀ ਸਲਾਮਤ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਬਹੁਤ ਹੀ ਮਾੜੀ ਹਾਲਤ ਹੈ, ਕਿਉਂਕਿ ਵਰਕ ਪਰਮਿਟ ਨਾ ਹੋਣ ਕਰਕੇ ਉਹ ਆਪਣੇ ਗੁਜ਼ਾਰੇ ਵਾਸਤੇ ਕੰਮ ਵੀ ਨਹੀਂ ਕਰ ਸਕਦੇ।
ਹਰਸਿਮਰਤ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਪੰਜਾਬ 'ਚ ਵਾਪਸ ਲਿਆਉਣ ਲਈ ਹਵਾਈ ਟਿਕਟਾਂ ਦਾ ਖਰਚਾ ਅਕਾਲੀ ਦਲ ਵਲੋਂ ਦਿੱਤਾ ਜਾਵੇਗਾ। ਇਸ ਕੇਸ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਹਰਸਿਮਰਤ ਨੇ ਕਿਹਾ ਕਿ 2 ਟ੍ਰੈਵਲ ਏਜੰਟਾਂ ਵਲੋਂ ਇਰਾਕ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 7 ਨੌਜਵਾਨਾਂ ਨੂੰ ਠੱਗਿਆ ਗਿਆ ਸੀ। ਉਨ੍ਹਾਂ ਕਿਹਾ ਕਿ ਏਜੰਟਾਂ ਨੇ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਤਿਆਰ ਕਰਵਾਉਣ ਦੇ ਪੈਸੇ ਲੈ ਲਏ ਪਰ ਉਨ੍ਹਾਂ ਨੂੰ ਉਹ ਦਸਤਾਵੇਜ਼ ਸੌਂਪੇ ਨਹੀਂ, ਜਿਨ੍ਹਾਂ ਨਾਲ ਉਹ ਇਰਾਕ ਵਿਚ ਕੰਮ ਕਰਨ ਦੇ ਯੋਗ ਹੋ ਜਾਂਦੇ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਮੰਗ ਕਰ ਕੇ ਉਕਤ ਏਜੰਟਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।