ਚੰਡੀਗੜ੍ਹ ਦੇ 12 ਕਲਾਸ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ, ਗੂਗਲ ਨੇ ਦਿੱਤੀ ਲੱਖਾਂ ਦੀ ਨੌਕਰੀ

Sunday, Jul 30, 2017 - 03:30 PM (IST)

ਚੰਡੀਗੜ੍ਹ ਦੇ 12 ਕਲਾਸ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ, ਗੂਗਲ ਨੇ ਦਿੱਤੀ ਲੱਖਾਂ ਦੀ ਨੌਕਰੀ

ਚੰਡੀਗੜ੍ਹ— ਚੰਡੀਗੜ੍ਹ ਦੇ 12ਵੀਂ ਕਲਾਸ ਦੇ ਵਿਦਿਆਰਥੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਕਿਸੇ ਤੋਂ ਘੱਟ ਨਹੀਂ ਹਨ। ਗੂਗਲ ਨੇ ਹਰਸ਼ਿਤ ਸ਼ਰਮਾ ਨਾਮੀ ਇਸ ਵਿਦਿਆਰਥੀ ਨੂੰ 'ਆਈਕਾਨ ਡਿਜ਼ਾਈਨਿੰਗ' ਲਈ ਚੁਣਿਆ ਹੈ। ਗੂਗਲ ਦੇ ਇਸ ਸਪੈਸ਼ਲ ਪ੍ਰੋਗਰਾਮ ਅਧੀਨ ਉਸ ਨੂੰ ਇਕ ਸਾਲ ਲਈ ਟਰੇਨਿੰਗ ਦਿੱਤੀ ਜਾਵੇਗੀ। ਇਸ ਦੌਰਾਨ ਉਸ ਨੂੰ ਪ੍ਰਤੀ ਮਹੀਨਾ ਚਾਰ ਲੱਖ ਰੁਪਏ ਦੀ ਸਕਾਲਰਸ਼ਿਪ ਮਿਲੇਗੀ। ਟਰੇਨਿੰਗ ਪੂਰੀ ਹੋਣ ਤੋਂ ਬਾਅਦ ਉਸ ਨੂੰ 12 ਲੱਖ ਰੁਪਏ ਪ੍ਰਤੀ ਮਹੀਨੇ ਮਿਲਿਆ ਕਰਨਗੇ। ਇਸ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ। ਗੂਗਲ ਨੇ ਹਰਸ਼ਿਤ ਨੂੰ ਅਗਸਤ ਮਹੀਨੇ ਵਿਚ ਅਮਰੀਕਾ ਆ ਕੇ ਪ੍ਰੋਗਰਾਮ ਜੁਆਇਨ ਕਰਨ ਨੂੰ ਕਿਹਾ ਹੈ। 
16 ਸਾਲਾ ਹਰਸ਼ਿਤ ਨੇ ਸੈਕਟਰ 33 ਵਿਚ ਗੋਰਮਿੰਟ ਮਾਡਲ ਸੀਨੀਅਰ ਸੰਕੈਂਡਰੀ ਸਕੂਲ ਤੋਂ ਇਨਫਾਰਮੇਸ਼ਨ ਟੈਕਨਾਲੋਜੀ ਵਿਚ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਹੈ। ਹਰਸ਼ਿਤ ਮੂਲ ਰੂਪ ਨਾਲ ਹਰਿਆਣਾ ਦੇ ਕਰੁਕਸ਼ੇਤਰ ਤੋਂ ਹੈ। ਹਰਸ਼ਿਤ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਨਲਾਈਨ ਨੌਕਰੀ ਦੀ ਤਲਾਸ਼ ਕਰਦਾ ਰਹਿੰਦਾ ਸੀ। ਇਸ ਦੌਰਾਨ ਹੀ ਉਸ ਨੇ ਮਈ ਵਿਚ ਗੂਗਲ ਲਈ ਇੰਟਰਵਿਊ ਦਿੱਤੀ ਸੀ। ਉਸ ਨੇ ਦੱਸਿਆ ਕਿ ਉਸ ਨੂੰ 10 ਸਾਲਾਂ ਤੋਂ ਗਰਾਫਿਕ ਡਿਜ਼ਾਈਨਿੰਗ ਦਾ ਸ਼ੌਂਕ ਹੈ। ਉਸ ਦੇ ਬਣਾਏ ਗਏ ਪੋਸਟਰਾਂ ਦੇ ਆਧਾਰ 'ਤੇ ਉਸ ਦੀ ਚੋਣ ਹੋਈ ਹੈ। 
ਹਰਸ਼ਿਤ ਦੇ ਮਾਤਾ-ਪਿਤਾ ਅਧਿਆਪਕ ਹਨ। ਉਹ ਆਪਣੇ ਅੰਕਲ ਨਾਲ ਡੇਰਾ ਬੱਸੀ ਵਿਖੇ ਰਹਿ ਰਿਹਾ ਹੈ। ਹਰਸ਼ਿਤ ਦੀ ਸਫਲਤਾ 'ਤੇ ਉਸ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਇਕ ਬਿਹਤਰੀਨ ਵਿਦਿਆਰਥੀ ਹੈ। ਉਸ ਦੀ ਇਸ ਸਫਲਤਾ 'ਤੇ ਉਸ ਦਾ ਪੂਰਾ ਸਕੂਲ ਪੱਬਾਂ ਭਾਰ ਹੈ।


Related News