ਹਰਪ੍ਰੀਤ ਸਿੱਧੂ ਹੁਣ ਸਿੱਧਾ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਦੇਣਗੇ ਰਿਪੋਰਟ

07/21/2019 6:40:23 PM

ਜਲੰਧਰ (ਧਵਨ)— ਸਰਕਾਰ ਵੱਲੋਂ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨੂੰ ਐੱਸ. ਟੀ. ਐੱਫ. ਦਾ ਮੁਖੀ ਨਿਯੁਕਤ ਕਰਨ ਪਿੱਛੋਂ ਜਿੱਥੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ, ਉਥੇ ਹੀ ਦੂਜੇ ਪਾਸੇ ਸਰਕਾਰ ਨੇ ਮੌਜੂਦਾ ਡੀ. ਜੀ. ਪੀ. ਦਿਨਕਰ ਗੁਪਤਾ ਅਤੇ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦਰਮਿਆਨ ਵਧੀਆ ਤਾਲਮੇਲ ਬਿਠਾਉਣ ਬਾਰੇ ਫੈਸਲਾ ਕੀਤਾ ਹੈ। ਸਿੱਧੂ ਹੁਣ ਸਿੱਧਾ ਡੀ. ਜੀ. ਪੀ. ਗੁਪਤਾ ਨੂੰ ਰਿਪੋਰਟ ਦੇਣਗੇ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪਹਿਲਾਂ ਹਰਪ੍ਰੀਤ ਸਿੱਧੂ ਅਤੇ ਸਾਬਕਾ ਪੁਲਸ ਮੁਖੀ ਸੁਰੇਸ਼ ਅਰੋੜਾ ਦਰਮਿਆਨ ਵਧੀਆ ਤਾਲਮੇਲ ਨਹੀਂ ਸੀ। ਹੁਣ ਸਰਕਾਰ ਨੇ ਪੰਜਾਬ ਪੁਲਸ ਅਤੇ ਐੱਸ.ਟੀ. ਐੱਫ. ਦਰਮਿਆਨ ਤਾਲਮੇਲ ਵਧਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦਾ ਮਿਸ਼ਨ ਨਸ਼ਿਆਂ ਵਿਰੁੱਧ ਜੰਗ ਨੂੰ ਅਸਰਦਾਰ ਢੰਗ ਨਾਲ ਅੱਗੇ ਵਧਾਉਣਾ ਹੈ। ਦੱਸਿਆ ਜਾਂਦਾ ਹੈ ਕਿ ਐੱਸ. ਟੀ. ਐੱਫ. ਨੂੰ ਨਸ਼ਿਆਂ ਵਿਰੁੱਧ ਉਦੋਂ ਤਕ ਅਸਰਦਾਰ ਸਫਲਤਾ ਨਹੀਂ ਮਿਲ ਸਕਦੀ ਜਦੋਂ ਤੱਕ ਐੱਸ. ਟੀ. ਐੱਫ. ਨੂੰ ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਪੂਰਾ ਸਹਿਯੋਗ ਨਹੀਂ ਮਿਲਦਾ।

ਸਰਕਾਰੀ ਹਲਕਿਆਂ ਨੇ ਸ਼ਨੀਵਾਰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀ. ਕੇ. ਭਵਰਾ ਨੂੰ ਇੰਟੈਲੀਜੈਂਸ ਚੀਫ ਅਤੇ ਹਰਪ੍ਰੀਤ ਸਿੱਧੂ ਨੂੰ ਐੱਸ. ਟੀ. ਐੱਫ. ਦਾ ਮੁਖੀ ਨਿਯੁਕਤ ਕਰਕੇ ਪੰਜਾਬ ਪੁਲਸ ਦੇ ਚੋਟੀ ਦੇ ਤੰਤਰ 'ਚ ਸੱਤਾ ਦੇ ਸਮੀਕਰਨ ਨੂੰ ਵੀ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਪੁਲਸ 'ਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਾਨਾਜੰਗੀ ਚਲ ਰਹੀ ਸੀ। ਇਸ ਹਫਤੇ ਰੋਕ ਲਾਉਣ ਦੇ ਇਰਾਦੇ ਨਾਲ ਹੀ ਮੁੱਖ ਮੰਤਰੀ ਨੇ ਸਖਤ ਕਦਮ ਚੁੱਕਦੇ ਹੋਏ ਪੁਲਸ ਅਧਿਕਾਰੀਆਂ ਦਰਮਿਆਨ ਤਾਲਮੇਲ ਕਾਇਮ ਕੀਤਾ ਹੈ।
ਮੁੱਖ ਮੰਤਰੀ ਨੇ ਏ. ਡੀ. ਜੀ.ਪੀ. ਸਿੱਧੂ ਨੂੰ ਨਸ਼ਿਆਂ ਵਿਰੁੱਧ ਕਮਾਂਡ ਇਸ ਲਈ ਸੌਂਪੀ ਕਿਉਂਕਿ ਉਨ੍ਹਾਂ ਕੋਲ ਅਜਿਹੀਆਂ ਰਿਪੋਰਟਾਂ ਪਹੁੰਚੀਆਂ ਸਨ ਕਿ ਪੰਜਾਬ ਦੇ ਕੁਝ ਹਿੱਸਿਆਂ 'ਚ ਚਿੱਟੇ ਦੀ ਵਿਕਰੀ ਮੁੜ ਤੋਂ ਸ਼ੁਰੂ ਹੋ ਗਈ ਹੈ। ਸਿੱਧੂ ਨੂੰ ਐੱਸ. ਟੀ.ਐੱਫ. ਦੀ ਕਮਾਂਡ ਸੌਂਪ ਕੇ ਸਰਕਾਰ ਨੇ ਮੁੜ ਤੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਨਸ਼ਿਆਂ ਵਿਰੁੱਧ ਇਕ ਸਖਤ ਸਟੈਂਡ ਲੈ ਰਹੀ ਹੈ। ਵਿਸ਼ੇਸ਼ ਟਾਸਕ ਫੋਰਸ ਨੂੰ ਦੋਬਾਰਾ ਮਜ਼ਬੂਤੀ ਦੇਣ ਦੀ ਕੋਸ਼ਿਸ਼ ਸ਼ੁਰੂ ਹੋਈ ਹੈ।

ਇਕ ਕੈਬਨਿਟ ਮੰਤਰੀ ਨੇ ਕਿਹਾ ਕਿ ਹਰਪ੍ਰੀਤ ਸਿੱਧੂ ਦੇ ਆਉਣ ਨਾਲ ਨਸ਼ਾ ਸਮਗਲਰਾਂ ਅੰਦਰ ਘੱਟੋ-ਘੱਟ ਇਹ ਸੰਦੇਸ਼ ਤਾਂ ਜਾਏਗਾ ਕਿ ਉਹ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਪੁਲਸ ਅਤੇ ਨਸ਼ਾ ਸਮਗਲਰਾਂ ਦੀ ਆਪਸੀ ਗੰਢ-ਸੰਢ ਨੂੰ ਤੋੜਨਗੇ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੇ ਵੀ ਸਿੱਧੂ ਦੀ ਨਿਯੁਕਤੀ 'ਚ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਅਤੇ ਪੂਰੀ ਤਰ੍ਹਾਂ ਸਿੱਧੂ ਦੀ ਵਾਪਸੀ ਦੇ ਫੈਸਲੇ ਦੀ ਹਮਾਇਤ ਕੀਤੀ।


shivani attri

Content Editor

Related News