ਹਰਪ੍ਰੀਤ ਕਤਲਕਾਂਡ ''ਚ ਸਾਬਕਾ AIG ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ''ਚ ਭੇਜਿਆ
Wednesday, Aug 07, 2024 - 01:01 PM (IST)
ਚੰਡੀਗੜ੍ਹ (ਸੁਸ਼ੀਲ) : ਸਾਬਕਾ ਏ. ਆਈ. ਜੀ. ਮਾਲਵਿੰਦਰ ਸਿੰਘ ਸਿੱਧੂ ਵੱਲੋਂ ਚਾਰ ਗੋਲੀਆਂ ਚਲਾਉਣ ਤੋਂ ਬਾਅਦ ਪਿਸਤੌਲ ’ਚ ਗੋਲੀ ਫਸ ਗਈ ਸੀ। ਉਸ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਗੋਲੀ ਪਿਸਤੌਲ ਤੋਂ ਨਹੀਂ ਨਿਕਲੀ। ਪਿਸਤੌਲ ’ਚ ਗੋਲੀ ਨਾ ਫਸਦੀ ਤਾਂ ਉਹ ਸਾਰੀ ਦੀਆਂ ਸਾਰੀਆਂ ਗੋਲੀਆਂ ਆਪਣੇ ਜਵਾਈ ਹਰਪ੍ਰੀਤ ਸਿੰਘ ਦੀ ਛਾਤੀ ’ਚ ਮਾਰ ਦਿੰਦਾ। ਆਈ. ਸੀ. ਏ. ਸ. ਅਫ਼ਸਰ ਹਰਪ੍ਰੀਤ ਸਿੰਘ ਦੀ ਛਾਤੀ ’ਚ ਦੋ ਹੀ ਗੋਲੀਆਂ ਲੱਗੀਆਂ।
ਸੈਕਟਰ-36 ਥਾਣਾ ਪੁਲਸ ਨੇ ਪਿਸਤੌਲ ’ਚੋਂ ਚਾਰ ਗੋਲੀਆਂ ਬਰਾਮਦ ਕੀਤੀਆਂ ਸਨ। ਪੁਲਸ ਪਿਸਤੌਲ ਨੂੰ ਜਾਂਚ ਲਈ ਫੋਰੈਂਸਿਕ ਕੋਲ ਭੇਜ ਰਹੀ ਹੈ। ਪੋਸਟਮਾਰਟਮ ਤੋਂ ਪਹਿਲਾਂ ਕਰਵਾਏ ਗਏ ਐਕਸਰੇ ’ਚ ਲਾਸ਼ ’ਚ ਦੋ ਗੋਲੀਆਂ ਫਸੀਆਂ ਸਨ। ਸੈਕਟਰ-36 ਥਾਣਾ ਪੁਲਸ ਨੇ 2 ਦਿਨ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ ਸਮੇਂ ਉਸ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ।
ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਰਿਮਾਂਡ ਦੌਰਾਨ ਪੁਲਸ ਉਸ ਕੋਲੋਂ ਕਤਲ ’ਚ ਵਰਤੇ ਗਏ ਪਿਸਤੌਲ ਦਾ ਲਾਇਸੈਂਸ ਬਰਾਮਦ ਨਹੀਂ ਕਰ ਸਕੀ। ਜ਼ਿਲ੍ਹਾ ਅਦਾਲਤ ’ਚ ਹੁਣ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਆ ਦਾ ਜਾਇਜ਼ਾ ਖ਼ੁਦ ਸੈਸ਼ਨ ਜੱਜ ਲੈ ਰਹੇ ਹਨ ਤਾਂ ਕਿ ਜ਼ਿਲ੍ਹਾ ਅਦਾਲਤ ’ਚ ਫਿਰ ਅਜਿਹੀ ਵਾਰਦਾਤ ਨਾ ਹੋ ਸਕੇ।