ਚੰਗੀ ਖ਼ਬਰ : ਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ 'ਚ 10 ਹਜ਼ਾਰ ਕਰੋੜ GST ਦਾ ਅੰਕੜਾ ਕੀਤਾ ਪਾਰ
Wednesday, Oct 05, 2022 - 04:00 PM (IST)
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਚਾਲੂ ਵਿੱਤੀ ਸਾਲ ਦੌਰਾਨ 10604 ਕਰੋੜ ਰੁਪਏ ਜੀ. ਐੱਸ. ਟੀ ਵਜੋਂ ਵਸੂਲੇ ਹਨ, ਜਿਸ ਨਾਲ ਸੂਬੇ ਵੱਲੋਂ ਜੀ. ਐੱਸ. ਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ 6 ਮਹੀਨਿਆਂ 'ਚ 10 ਹਜ਼ਾਰ ਦਾ ਅੰਕੜਾ ਪਾਰ ਕੀਤਾ ਗਿਆ ਹੈ। ਇੱਥੇ ਜਾਰੀ ਇੱਕ ਬਿਆਨ 'ਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸੂਬੇ 'ਚ ਚਾਲੂ ਵਿੱਤੀ ਸਾਲ ਦੌਰਾਨ ਜੀ. ਐੱਸ. ਟੀ. ਵਸੂਲੀ 'ਚ 22.6 ਫ਼ੀਸਦੀ ਦੀ ਵਾਧਾ ਦਰ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੁਸਹਿਰੇ ਤੋਂ ਪਹਿਲਾਂ ਹੀ 'ਦਹਿਨ', ਮੇਘਨਾਥ ਦੇ ਪੁਤਲੇ ਨੂੰ ਲਾ ਦਿੱਤੀ ਅੱਗ
ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ 8650 ਕਰੋੜ ਰੁਪਏ ਦੀ ਜੀ. ਐੱਸ. ਟੀ. ਉਗਰਾਹੀ ਹੋਈ ਸੀ, ਜਦਕਿ ਮੌਜੂਦਾ ਸਾਲ ਦੌਰਾਨ ਸੂਬੇ ਨੇ ਕੁੱਲ 10604 ਕਰੋੜ ਰੁਪਏ ਦੀ ਜੀ. ਐੱਸ. ਟੀ. ਉਗਰਾਹੀ ਨਾਲ 1954 ਕਰੋੜ ਰੁਪਏ ਹੋਰ ਕਮਾਏ ਹਨ। ਸਤੰਬਰ-2022 ਦੇ ਜੀ. ਐੱਸ. ਟੀ. ਦੇ ਅੰਕੜਿਆਂ ਦਾ ਖ਼ੁਲਾਸਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ 22 ਫ਼ੀਸਦੀ ਦੀ ਵਿਕਾਸ ਦਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤੰਬਰ 2021 'ਚ 1402 ਰੁਪਏ ਦੀ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਸਤੰਬਰ 'ਚ ਜੀ. ਐੱਸ. ਟੀ. ਕੁਲੈਕਸ਼ਨ 1710 ਕਰੋੜ ਰੁਪਏ ਰਹੀ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿੱਤੀ ਸਾਲ 2022-23 ਲਈ ਆਪਣੇ ਪਹਿਲੇ ਬਜਟ 'ਚ 20,550 ਕਰੋੜ ਰੁਪਏ ਦੀ ਜੀ. ਐੱਸ. ਟੀ. ਉਗਰਾਹੀ ਦਾ ਅੰਦਾਜ਼ਾ ਲਗਾਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਜ਼ੋਰ ਫੜ੍ਹ ਸਕਦੀ ਹੈ 'ਠੰਡ'
ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਨੇ ਪਹਿਲੇ 6 ਮਹੀਨਿਆਂ 'ਚ 50 ਫ਼ੀਸਦੀ ਤੋਂ ਵੱਧ ਦੀ ਪ੍ਰਾਪਤੀ ਕੀਤੀ ਹੈ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜੀ. ਐੱਸ. ਟੀ. ਦੀ ਉਗਰਾਹੀ 'ਚ ਚੰਗੇ ਵਾਧੇ ਦੀ ਉਮੀਦ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਅਲੀ ਬਿਲਿੰਗ ਨੂੰ ਰੋਕਣ ਦੇ ਨਾਲ-ਨਾਲ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਲਈ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2022 ਪੰਜਾਬ ਵਿਧਾਨ ਸਭਾ 'ਚ ਪਾਸ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਵਪਾਰੀਆਂ ਨੂੰ ਫ਼ਾਇਦਾ ਹੋਵੇਗਾ ਸਗੋਂ ਸੂਬੇ ਦੇ ਆਪਣੇ ਮਾਲੀਏ 'ਚ ਵੀ ਵਾਧਾ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ