ਪੰਜਾਬ ਦੇ ਵਿਵੇਕਸ਼ੀਲ ਵਿੱਤੀ ਪ੍ਰਬੰਧਨ ਸਦਕਾ GST ''ਚ 16 ਫ਼ੀਸਦੀ ਵਾਧਾ : ਹਰਪਾਲ ਚੀਮਾ

Sunday, Mar 03, 2024 - 03:31 PM (IST)

ਪੰਜਾਬ ਦੇ ਵਿਵੇਕਸ਼ੀਲ ਵਿੱਤੀ ਪ੍ਰਬੰਧਨ ਸਦਕਾ GST ''ਚ 16  ਫ਼ੀਸਦੀ ਵਾਧਾ : ਹਰਪਾਲ ਚੀਮਾ

ਚੰਡੀਗੜ੍ਹ : ਇੱਕ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਦਿਆਂ ਪੰਜਾਬ ਨੇ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿੱਚ ਫਰਵਰੀ ਦੇ ਅਖ਼ੀਰ ਤੱਕ ਵਸਤੂਆਂ ਅਤੇ ਸੇਵਾਵਾਂ ਕਰ (ਜੀ. ਐੱਸ. ਟੀ.) ਵਿੱਚ 15.69 ਫ਼ੀਸਦੀ ਵਾਧਾ ਅਤੇ ਆਬਕਾਰੀ ਮਾਲੀਆ ਸੰਗ੍ਰਹਿ ਵਿੱਚ 11.71 ਫ਼ੀਸਦੀ ਵਾਧਾ ਦਰਜ ਕੀਤਾ ਹੈ। ਸੂਬੇ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਮੀਲ ਪੱਥਰ ਦਾ ਐਲਾਨ ਕਰਦਿਆਂ ਪੰਜਾਬ ਦੇ ਮਜ਼ਬੂਤ ਹੋ ਰਹੇ ਆਰਥਿਕ ਵਿਕਾਸ ਅਤੇ ਮਾਲੀਆ ਪ੍ਰਾਪਤੀ ਵਿੱਚ ਸਫ਼ਲਤਾ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕੀਤਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਾਰਚ 2022 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਸੂਬਾ ਵਿੱਤੀ ਸੁਧਾਰਾਂ ਦੀ ਗਵਾਹੀ ਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਫਰਵਰੀ ਤੱਕ ਕੁੱਲ ਜੀ. ਐੱਸ. ਟੀ. ਪ੍ਰਾਪਤੀ ਵਿੱਤੀ ਸਾਲ 2022-23 ਦੀ ਇਸੇ ਮਿਆਦ ਦੌਰਾਨ ਇਕੱਤਰ ਕੀਤੇ 16615.52 ਕਰੋੜ ਰੁਪਏ ਦੇ ਮੁਕਾਬਲੇ 19222.5 ਕਰੋੜ ਰੁਪਏ ਰਹੀ, ਅਤੇ 2606.98 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਆਬਕਾਰੀ ਤੋਂ ਮਾਲੀਏ ਵਿੱਚ ਵਾਧਾ ਵੀ 8093.59 ਕਰੋੜ ਰੁਪਏ ਦੇ ਸੰਗ੍ਰਹਿ ਦੇ ਨਾਲ 842.72 ਕਰੋੜ ਰੁਪਏ ਦਾ ਸ਼ਾਨਦਾਰ ਵਾਧਾ ਦਰਸਾਉਂਦਾ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ 7244.87 ਕਰੋੜ ਰੁਪਏ ਪ੍ਰਾਪਤ ਹੋਏ ਸਨ। ਉਨ੍ਹਾਂ ਕਿਹਾ ਕਿ ਬਿਹਤਰ ਯੋਜਨਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਦਕਾ ਰਾਜ ਨੇ ਫਰਵਰੀ ਦੇ ਅਖ਼ੀਰ ਤੱਕ ਵੈਟ, ਸੀ. ਐੱਸ. ਟੀ., ਜੀ. ਐੱਸ. ਟੀ, ਪੀ. ਐੱਸ. ਡੀ. ਟੀ, ਅਤੇ ਆਬਕਾਰੀ ਤੋਂ 34,158 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕਰਦਿਆਂ ਸ਼ੁੱਧ ਕਰ ਮਾਲੀਏ ਵਿੱਚ 13.85 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ।
 


author

Babita

Content Editor

Related News