ਪੰਜਾਬ ’ਚ GST ਤੋਂ ਮਾਲੀਏ ’ਚ 16.52 ਤੇ ਐਕਸਾਈਜ਼ ਡਿਊਟੀ ਤੋਂ 10.4 ਫ਼ੀਸਦੀ ਦਾ ਵਾਧਾ : ਹਰਪਾਲ ਚੀਮਾ
Sunday, Jan 28, 2024 - 11:04 AM (IST)
ਜਲੰਧਰ (ਧਵਨ)–ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੀ ਅਰਥਵਿਵਸਥਾ ਸਹੀ ਦਿਸ਼ਾ ’ਚ ਅੱਗੇ ਵਧ ਰਹੀ ਹੈ ਅਤੇ ਹਰ ਖੇਤਰ ਦੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। 75ਵੇਂ ਗਣਤੰਤਰ ਦਿਵਸ ਸਮਾਗਮ ਦੌਰਾਨ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਕੌਮੀ ਝੰਡਾ ਲਹਿਰਾਉਣ ਮਗਰੋਂ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਮਾਰਚ 2022 ’ਚ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਬਿਹਤਰ ਯੋਜਨਾ ਅਤੇ ਅਸਰਦਾਰ ਨੀਤੀਆਂ ਕਾਰਨ ਰਿਕਾਰਡ ਟੈਕਸ ਮਾਲੀਆ ਇਕੱਠਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਨੇ ਜੀ. ਐੱਸ. ਟੀ. ਲਾਗੂ ਕਰਕੇ ਮਾਲੀਏ ਵਿਚ 16.52 ਫ਼ੀਸਦੀ ਅਤੇ ਐਕਸਾਈਜ਼ ਡਿਊਟੀ ਤੋਂ 10.4 ਫ਼ੀਸਦੀ ਮਾਲੀਏ ਦਾ ਵਾਧਾ ਕੀਤਾ ਹੈ। ਚਾਲੂ ਮਾਲੀ ਸਾਲ ਦਸੰਬਰ 2023 ਤਕ ਪੰਜਾਬ ਨੇ ਟੈਕਸ ਮਾਲੀਏ ਦੇ ਤੌਰ ’ਤੇ 27,931.16 ਕਰੋੜ ਰੁਪਏ ਇਕੱਠੇ ਕੀਤੇ ਹਨ, ਜਦਕਿ ਸਾਲ 2022 ਦੀ ਸਮਾਨ ਮਿਆਦ ਦੌਰਾਨ ਇਹ ਅੰਕੜਾ 24,468.14 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਮਾਲੀ ਸਾਲ ਦੌਰਾਨ ਦਸੰਬਰ ਤਕ ਵੈਟ, ਸੀ. ਐੱਸ. ਟੀ., ਜੀ. ਐੱਸ. ਟੀ., ਪੀ. ਐੱਸ. ਡੀ. ਟੀ. ਅਤੇ ਐਕਸਾਈਜ਼ ਡਿਊਟੀ ਤੋਂ ਕੁਲ ਮਾਲੀਏ ਵਿਚ 14.15 ਫ਼ੀਸਦੀ ਦੀ ਵਾਧਾ ਦਰ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕਰਮਾ ਫੈਸ਼ਨ ਮਾਲਕ ਨੂੰ ਮਿਲੀ ਧਮਕੀ ਭਰੀ ਚਿੱਠੀ, ਲਾਰੈਂਸ ਗੈਂਗ 'ਤੇ ਸ਼ੱਕ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਹ ਸਭ ਪ੍ਰਸ਼ਾਸਨ ਨੂੰ ਪਾਰਦਰਸ਼ੀ ਤੇ ਜਵਾਬਦੇਹ ਬਣਾ ਕੇ ਅਤੇ ਲੋਕਾਂ ’ਤੇ ਕੋਈ ਨਵਾਂ ਬੋਝ ਪਾਏ ਬਿਨਾਂ ਕੀਤਾ ਹੈ। ਸਰਕਾਰ ਵਲੋਂ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ ਤੋਂ ਇਲਾਵਾ ਵਨ ਟਾਈਮ ਸੈਟਲਮੈਂਂਟ ਸਕੀਮ-2023, ਬਿੱਲ ਲਿਆਓ-ਇਨਾਮ ਪਾਓ ਸਕੀਮ, ਪੰਜਾਬ ਜੀ. ਐੱਸ. ਟੀ. ਸੋਧ ਐਕਟ-2023, ਸੂਚਨਾ ਦੇਣ ਵਾਲਿਆਂ ਲਈ ਇਨਾਮ ਯੋਜਨਾ ਅਤੇ ਕਈ ਹੋਰ ਪਹਿਲਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਨੂੰ 64,114 ਕਰੋੜ ਰੁਪਏ ਦੇ 4125 ਨਿਵੇਸ਼ ਪ੍ਰਸਤਾਵ ਮਿਲੇ ਹਨ, ਜਿਸ ਨਾਲ 3.01 ਲੱਖ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਦੇ ਮੌਕੇ ਮਿਲਣਗੇ। ਸੈਰ-ਸਪਾਟੇ ਤੇ ਸੰਸਕ੍ਰਿਤੀ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ-2023 ਅਤੇ ਪੰਜਾਬ ਵਾਟਰ ਟੂਰਿਜ਼ਮ ਪਾਲਿਸੀ-2023 ਜਾਰੀ ਕੀਤੀ ਗਈ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਅਪਣਾਈ ਗਈ ‘ਜ਼ੀਰੋ ਟਾਲਰੈਂਸ’ ਨੀਤੀ ਕਾਰਨ ਪੰਜਾਬ ਭ੍ਰਿਸ਼ਟਾਚਾਰ-ਮੁਕਤ ਸੂਬਾ ਬਣਨ ਵੱਲ ਵਧ ਰਿਹਾ ਹੈ ਅਤੇ ਇਸ ਮੁਹਿੰਮ ਤਹਿਤ ਹੁਣ ਤਕ 550 ਗ੍ਰਿ਼ਫ਼ਤਾਰੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਮੁਕੇਰੀਆਂ ਦੇ ਨੌਜਵਾਨ ਦੀ ਦਰਦਨਾਕ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।