ਪੰਜਾਬ 'ਚ ਜ਼ੀਰੋ ਬਿਜਲੀ ਬਿੱਲ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਅਹਿਮ ਬਿਆਨ

Friday, Apr 28, 2023 - 12:20 PM (IST)

ਜਲੰਧਰ (ਧਵਨ)- ਪੰਜਾਬ ਦੇ ਵਿੱਤ ਮੰਤਰੀ ਅਤੇ ਸੀਨੀਅਰ ‘ਆਪ’ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਜ਼ੀਰੋ ਬਿਜਲੀ ਬਿੱਲ ਦਾ ਲੋਕਾਂ ’ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਜ਼ੀਰੋ ਬਿੱਲ ਵਾਲੇ ਲੋਕ ਆਮ ਆਦਮੀ ਪਾਰਟੀ ਨੂੰ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਵੋਟ ਪਾਉਣਗੇ। ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰ੍ਹਾਂ ਬਿਜਲੀ ਦੀ ਸਪਲਾਈ ’ਤੇ ਭੇਦਭਾਵ ਨੂੰ ਖ਼ਤਮ ਕੀਤਾ ਹੈ, ਉਸ ਤੋਂ ਆਮ ਜਨਤਾ ਪ੍ਰਭਾਵਿਤ ਹੋਈ ਹੈ। ਸਾਬਕਾ ਅਕਾਲੀ ਤੇ ਭਾਜਪਾ ਸਰਕਾਰਾਂ ਦੇ ਸਮੇਂ ਤਾਂ ਸਿਰਫ਼ ਇਕ ਵਰਗ ਨੂੰ ਮੁਫ਼ਤ ਬਿਜਲੀ ਮਿਲ ਰਹੀ ਸੀ ਪਰ ਹੁਣ ਸਾਰੇ ਵਰਗਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ।

ਉਨ੍ਹਾਂ ਕਿਹਾ ਕਿ ਜਿਸ ਵੀ ਗਰੀਬ ਅਤੇ ਮੱਧ ਵਰਗੀ ਦਾ 2000 ਤੋਂ 2500 ਰੁਪਏ ਤਕ ਦਾ ਬਿਜਲੀ ਦਾ ਬਿੱਲ ਮੁਆਫ਼ ਹੋਇਆ ਹੈ, ਉਸ ਦੇ ਲਈ ਇਹ ਕਾਫ਼ੀ ਵੱਡੀ ਰਾਹਤ ਹੈ। ਆਉਣ ਵਾਲੇ ਦਿਨਾਂ ’ਚ ਸਾਡੀ ਸਰਕਾਰ ਲੋਕਾਂ ਨੂੰ ਹੋਰ ਵੀ ਵੱਡੀਆਂ ਰਿਆਇਤਾਂ ਦੇਵੇਗੀ ਅਤੇ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰੇਗੀ। ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਤੋਂ ਆਮ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਭਾਜਪਾ ਵੀ ਕਾਂਗਰਸ ਦੇ ਕਦਮਾਂ ’ਤੇ ਚੱਲ ਕੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਵੇਲੇ ਕੇਂਦਰ ਵਿਚ ਕਾਂਗਰਸ ਦੀਆਂ ਸਰਕਾਰਾਂ ਸੀ. ਬੀ. ਆਈ. ਅਤੇ ਈ. ਡੀ. ਦੀ ਦੁਰਵਰਤੋਂ ਕਰਦੀਆਂ ਸਨ ਅਤੇ ਹੁਣ ਭਾਜਪਾ ਸਰਕਾਰ ਵੀ ਅਜਿਹਾ ਹੀ ਕਰ ਰਹੀ ਹੈ। ਇਸ ਲਈ ਜਨਤਾ ਦੀ ਨਾਰਾਜ਼ਗੀ ਭਾਜਪਾ ਨੂੰ ਝੱਲਣੀ ਪਵੇਗੀ।

ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ 'ਚ ਮਿਲੀਆਂ ਕੁੜੀਆਂ, ਸਮੱਗਰੀ ਵੀ ਹੋਈ ਬਰਾਮਦ

ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਆਸਾਨੀ ਨਾਲ ਜਿੱਤ ਲਵੇਗੀ ਕਿਉਂਕਿ ਇਸ ਪਾਰਟੀ ਨੂੰ ਸਾਰੇ ਵਰਗਾਂ ਤੋਂ ਸਹਿਯੋਗ ਮਿਲ ਰਿਹਾ ਹੈ। ਪਾਰਟੀ ਜਨਤਾ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਜਦੋਂਕਿ ਸਾਬਕਾ ਸਰਕਾਰਾਂ ਨੇ ਸਿਰਫ਼ ਰਿਵਾਰਵਾਦ ਅਤੇ ਆਪਣੇ ਹਿੱਤਾਂ ਦੀ ਪੂਰਤੀ ਕੀਤੀ ਸੀ। ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਜੰਗ ਸ਼ੁਰੂ ਕੀਤੀ, ਜਿਸ ਅਧੀਨ ਪੰਜਾਬ ਨੂੰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਰਹਿਤ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਸਮੇਂ ਵਿਚ ਆਪ ਚੋਣ ਮੈਦਾਨ ਵਿਚ ਆ ਕੇ ਵਿਰੋਧੀ ਧਿਰ ਨੂੰ ਜਵਾਬ ਦੇਣਗੇ। ਜਲੰਧਰ ਚੋਣ ਜਿੱਤਣ ਤੋਂ ਬਾਅਦ ਸਾਡਾ ਅਗਲਾ ਟੀਚਾ 2024 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਜਿੱਤਣਾ ਹੋਵੇਗਾ।

ਇਹ ਵੀ ਪੜ੍ਹੋ : ਪਿਓ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਵੇਲੇ ਮ੍ਰਿਤਕ ਦੇਹ ਨਾਲ ਲਿਪਟ ਭੁੱਬਾਂ ਮਾਰ ਰੋਏ ਪੁੱਤ ਸੁਖਬੀਰ ਬਾਦਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News