‘ਆਪ’ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਦਾ ਹਰਪਾਲ ਚੀਮਾ ਨੇ ਦਿੱਤਾ ਜਵਾਬ, ਆਖੀ ਇਹ ਗੱਲ
Saturday, Apr 29, 2023 - 08:32 AM (IST)
ਜਲੰਧਰ (ਧਵਨ) - ਪੰਜਾਬ ਦੇ ਵਿੱਤ ਮੰਤਰੀ ਅਤੇ ‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ’ਚ ਵਿਰੋਧੀ ਪਾਰਟੀਆਂ ਨੇ ਹੀ ਗੈਂਗਸਟਰ ਪੈਦਾ ਕੀਤੇ ਅਤੇ ਸੱਤਾ ਤੋਂ ਬਾਹਰ ਹੋਣ ਪਿਛੋਂ ਹੁਣ ਇਹ ਪਾਰਟੀਆਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਵੱਲੋਂ ਅਮਨ-ਕਾਨੂੰਨ ਦੇ ਮੁੱਦੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਦਾ ਜਵਾਬ ਦਿੰਦਿਆਂ ਹਰਪਾਲ ਚੀਮਾ ਨੇ ਸ਼ੁਕਰਵਾਰ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸੂਬੇ ਵਿੱਚ ਅਮਨ-ਕਾਨੂੰਨ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਨੌਜਵਾਨਾਂ ਨੂੰ ਗ਼ਲਤ ਰਸਤੇ ’ਤੇ ਲਿਜਾਣ ਲਈ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਸਾਬਕਾ ਕਾਂਗਰਸ ਸਰਕਾਰ ਜਵਾਬ ਦੇਵੇ ਕਿ ਅੰਸਾਰੀ ਵਰਗੇ ਗੈਂਗਸਟਰਾਂ ਨੂੰ ਪੰਜਾਬ ਕਿਉਂ ਲਿਆਂਦਾ ਗਿਆ? ਚੀਮਾ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ ਹੈ, ਇਸ ਲਈ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਭਗਵੰਤ ਮਾਨ ਸਰਕਾਰ ਵਿਰੁੱਧ ਕੂੜ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਵਿੱਚ ਅਕਾਲੀਆਂ ਅਤੇ ਬਾਅਦ ਵਿੱਚ ਕਾਂਗਰਸ ਸਰਕਾਰ ਵੇਲੇ ਵੀ ‘ਟਾਰਗੈੱਟ ਕਿਲਿੰਗ’ ਜਾਰੀ ਰਹੀ। ਇਹ ਆਗੂ ਉਸ ਸਮੇਂ ਚੁੱਪ ਕਿਉਂ ਸੀ?
ਇਹ ਵੀ ਪੜ੍ਹੋ: ਪਰਬਤਾਰੋਹੀ ਅਰਜੁਨ ਵਾਜਪਾਈ ਨੇ ਚਮਕਾਇਆ ਭਾਰਤ ਦਾ ਨਾਂ, ਕਾਇਮ ਕੀਤੀ ਹੌਂਸਲੇ ਦੀ ਮਿਸਾਲ
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਨਾਲ ਹਨ। ਇਸ ਦਾ ਪਤਾ 13 ਮਈ ਨੂੰ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ਦੇ ਨਤੀਜਿਆਂ ਤੋਂ ਲੱਗ ਜਾਵੇਗਾ। ਜਲੰਧਰ ਵਿੱਚ ਚੋਣ ਪ੍ਰਚਾਰ ਦੌਰਾਨ ਸਾਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ। ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ 10 ਫ਼ੀਸਦੀ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ, ਜੋ ਮਈ ਦਿਵਸ ’ਤੇ ਮਜ਼ਦੂਰਾਂ ਲਈ ਇੱਕ ਤੋਹਫਾ ਹੈ। ਜੇ ਫਸਲਾਂ ਦੀ ਖਰਾਬੀ ਕਾਰਨ ਕਿਸਾਨਾਂ ਦੀ ਆਮਦਨ ਘਟੀ ਹੈ ਤਾਂ ਮਜ਼ਦੂਰਾਂ ਦੀ ਆਮਦਨ ਵੀ ਘਟੀ ਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਪਾਰੀਆਂ, ਉੱਦਮੀਆਂ ਅਤੇ ਸ਼ਹਿਰੀ ਤੇ ਪੇਂਡੂ ਲੋਕਾਂ ਦੇ ਹੱਕ ਵਿੱਚ ਕਈ ਇਤਿਹਾਸਕ ਫ਼ੈਸਲੇ ਲਏ ਜਾਣਗੇ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ: CM ਮਾਨ ਨੇ ਜਲੰਧਰ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਸੁਸ਼ੀਲ ਰਿੰਕੂ ਨੂੰ ਜਿਤਾ ਕੇ ਸਾਡਾ ਹੌਸਲਾ ਵਧਾਓ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।