ਮਾਫੀਆ ਸਰਕਾਰ ਚਲਾਉਣ ’ਚ ਬਾਦਲਾਂ ਤੋਂ ਵੀ ਅੱਗੇ ਨਿਕਲੇ ਕਾਂਗਰਸੀ : ਹਰਪਾਲ ਚੀਮਾ
Sunday, Aug 08, 2021 - 11:00 AM (IST)
ਪਠਾਨਕੋਟ/ਭੋਆ (ਸ਼ਾਰਦਾ): ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਮਾਫੀਆ ਸਰਕਾਰ ਚਲਾਉਣ ’ਚ ਕਾਂਗਰਸ ਸਰਕਾਰ ਅਕਾਲੀ-ਭਾਜਪਾ ਦੀ ਪਿਛਲੀ ਬਾਦਲ ਸਰਕਾਰ ਤੋਂ ਵੀ ਅੱਗੇ ਲੰਘ ਗਈ ਹੈ। ਸੱਤਾ ਦੇ ਨਸ਼ੇ ’ਚ ਕਾਂਗਰਸੀ ਸੂਬੇ ਦੇ ਸਾਧਨ ਲੁੱਟ ਰਹੇ ਹਨ। ਹਰਪਾਲ ਸਿੰਘ ਚੀਮਾ ਹਲਕਾ ਭੋਆ ਦੇ ਕਸਬੇ ਤਾਰਾਗੜ੍ਹ ਵਿਖੇ ‘ਆਪ’ ਦੇ ਐੱਸ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਭੋਆ ਦੇ ਇੰਚਾਰਜ ਲਾਲ ਚੰਦ ਕਟਾਰੂਚੱਕ ਵੱਲੋਂ ਕਰਵਾਏ ਗਏ ਇਕ ਸਮਾਗਮ ’ਚ ਪਹੁੰਚੇ ਸਨ।
ਉਨ੍ਹਾਂ ਨੇ ਕਿਹਾ ਕਿ ਬਾਦਲ-ਭਾਜਪਾਈਆਂ ਦੇ ਮਾਫ਼ੀਆ ਰਾਜ ਤੋਂ ਤੜਫੇ ਲੋਕਾਂ ਨੇ ਇਕ ਵਾਰ ਫਿਰ ਕਾਂਗਰਸ ’ਤੇ ਭਰੋਸਾ ਕਰਨ ਦੀ ਭੁੱਲ ਕੀਤੀ ਸੀ। ਇਹੋ ਕਾਰਨ ਹੈ ਕਿ ਅੱਜ ਪੰਜਾਬ ਦਾ ਹਰੇਕ ਵਰਗ ਪਛਤਾ ਰਿਹਾ ਹੈ, ਮਾਫ਼ੀਆ ਰਾਜ ਚਲਾਉਣ ’ਚ ਸੱਤਾਧਾਰੀ ਕਾਂਗਰਸੀਆਂ ਨੇ ਬਾਦਲਾਂ ਅਤੇ ਭਾਜਪਾ ਦੇ ਮਾਫ਼ੀਆ ਰਾਜ ਨੂੰ ਵੀ ਪਿੱਛੇ ਛੱਡ ਦਿੱਤਾ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਮੌਜੇਵਾਲਾ ਦੇ ਕਿਸਾਨ ਦੀ ਮੌਤ
ਚੀਮਾ ਨੇ ਪਠਾਨਕੋਟ ਦੇ ਮੀਰਥਲ, ਮਾਧੋਪੁਰ ਅਤੇ ਬਿਆਸ ਪਾਰ ਮੁਕੇਰੀਆਂ-ਤਲਵਾੜਾ ’ਚ ਸੱਤਾਧਾਰੀ ਕਾਂਗਰਸੀਆਂ, ਭਾਜਪਾ ਵਿਧਾਇਕਾਂ ਅਤੇ ਬਾਦਲ ਗਰੁੱਪ ਵੱਲੋਂ ਮਿਲ ਕੇ ਚਲਾਏ ਜਾ ਰਹੇ ਰੇਤ ਅਤੇ ਲੈਂਡ ਮਾਫ਼ੀਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੀ ਅੱਤ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ 2022 ’ਚ ‘ਆਪ’ ਦੀ ਸਰਕਾਰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ ਹੈ। ਇਸ ਮੌਕੇ ਭਾਜਪਾ ਨੂੰ ਝਟਕਾ ਦਿੰਦਿਆਂ ਖੁਸ਼ਬੀਰ ਸਿੰਘ ਕਾਟਲ ਸੈਂਕੜੇ ਸਾਥੀਆਂ ਨਾਲ ‘ਆਪ’ ’ਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ, ਜ਼ਿਲਾ ਜਨਰਲ ਸਕੱਤਰ ਠਾਕੁਰ ਮਨੋਹਰ ਸਿੰਘ, ਸੀਨੀਅਰ ਨੇਤਾ ਵਿਜੇ ਕਟਾਰੂਚੱਕ, ਬਲਾਕ ਪ੍ਰਧਾਨ ਸੁਰਿੰਦਰ ਸ਼ਾਹ ਸਮੇਤ ਅਨੇਕਾਂ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ : ਅਬੋਹਰ ਵਿਖੇ ਆਂਗਣਵਾੜੀ ਵਰਕਰ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਲਿਖੇ 18 ਲੋਕਾਂ ਦੇ ਨਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?