ਕੈਪਟਨ ਨਹੀਂ ਉਲਟਾ ਡਰੱਗ ਸਮੱਗਲਰ ਤੋੜ ਰਹੇ ਨੇ ਸਰਕਾਰ ਦਾ ਲੱਕ : ਹਰਪਾਲ ਚੀਮਾ

Thursday, Oct 03, 2019 - 08:41 PM (IST)

ਕੈਪਟਨ ਨਹੀਂ ਉਲਟਾ ਡਰੱਗ ਸਮੱਗਲਰ ਤੋੜ ਰਹੇ ਨੇ ਸਰਕਾਰ ਦਾ ਲੱਕ : ਹਰਪਾਲ ਚੀਮਾ

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਅੰਦਰ ਖ਼ਤਰਨਾਕ ਪੱਧਰ 'ਤੇ ਫੈਲ ਚੁੱਕੇ 'ਡਰੱਗ ਮਾਫ਼ੀਆ' ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਖ਼ੂਬ ਰਗੜੇ ਲਾਏ ਹਨ। 'ਆਪ' ਨੇ ਕਿਹਾ ਕਿ ਸਰਕਾਰ ਡਰੱਗ ਮਾਫ਼ੀਆ ਦਾ ਲੱਕ ਤੋੜਨ 'ਚ ਬੁਰੀ ਤਰ੍ਹਾਂ ਫ਼ੇਲ ਹੋਈ ਹੈ, ਉਲਟਾ ਬੇਖ਼ੌਫ ਡਰੱਗ ਮਾਫ਼ੀਆ ਸਰਕਾਰ ਦਾ ਲੱਕ ਤੋੜ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। 'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਇਕੱਲੇ ਮਾਝੇ 'ਚ ਹੀ ਪੁਲਸ ਪਾਰਟੀਆਂ 'ਤੇ ਕਈ ਹਮਲੇ ਹੋ ਚੁੱਕੇ ਹਨ। ਤਰਨਤਾਰਨ ਬਾਈਪਾਸ 'ਤੇ ਵਾਪਰੀ ਬੇਹੱਦ ਦੁਖਦਾਇਕ ਘਟਨਾ 'ਚ ਪੰਜਾਬ ਪੁਲਸ ਦੇ ਇਕ ਜਵਾਨ ਦਾ 'ਸ਼ਹੀਦ' ਹੋਣਾ ਇਸ ਦੀ ਤਾਜ਼ਾ ਮਿਸਾਲ ਹੈ। ਇਸ ਤੋਂ ਪਹਿਲਾਂ ਚੋਗਾਵਾਂ (ਮਜੀਠਾ) 'ਚ ਡਰੱਗ ਮਾਫ਼ੀਆ ਨੇ ਪੁਲਸ ਅਫ਼ਸਰ ਦੀ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਸੀ, ਉਸ ਤੋਂ ਸਾਫ਼ ਹੈ ਕਿ ਡਰੱਗ ਮਾਫ਼ੀਆ ਪੂਰੀ ਤਰ੍ਹਾਂ ਬੇਖ਼ੌਫ ਹੈ।

ਉਨ੍ਹਾਂ ਕਿਹਾ ਕਿ ਪੁਲਸ ਫੋਰਸ ਭਾਰੀ ਦਬਾਅ ਥੱਲੇ ਕੰਮ ਕਰ ਰਹੀ ਹੈ ਕਿਉਂਕਿ ਸੂਬੇ ਦੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਾ ਸਮੱਗਲਿੰਗ 'ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਇੱਛਾ ਸ਼ਕਤੀ ਪੂਰੀ ਤਰ੍ਹਾਂ ਗਵਾ ਚੁੱਕੇ ਹਨ ਅਤੇ ਕੁੱਝ ਰਸੂਖਵਾਨ ਪਰਿਵਾਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ 'ਦੋਸਤੀ' ਦੀ ਕੀਮਤ ਪੰਜਾਬ ਦੇ ਲੱਖਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੁਕਾਉਣੀ ਪੈ ਰਹੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੱਥ 'ਚ ਸ੍ਰੀ ਗੁਟਕਾ ਸਾਹਿਬ ਫੜ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਨਸ਼ਾ ਮਾਫ਼ੀਆ ਨੂੰ 4 ਹਫ਼ਤਿਆਂ 'ਚ ਖ਼ਤਮ ਕਰਨ ਦੀ ਸਹੁੰ ਖਾਣ ਵਾਲੇ ਕੈ. ਅਮਰਿੰਦਰ ਸਿੰਘ ਡਰੱਗ ਮਾਫ਼ੀਆ ਦਾ ਲੱਕ ਨਹੀਂ ਤੋੜ ਸਕਿਆ, ਉਲਟਾ ਡਰੱਗ ਮਾਫ਼ੀਆ ਰੋਜ਼ਾਨਾ ਸਰਕਾਰ ਤੇ ਪੁਲਸ ਫੋਰਸ ਦਾ ਲੱਕ ਤੋੜ ਰਿਹਾ ਹੈ। ਇਸ ਲਈ ਕੈ. ਅਮਰਿੰਦਰ ਸਿੰਘ ਨੂੰ ਬਤੌਰ ਗ੍ਰਹਿ ਮੰਤਰੀ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਜ਼ਿੰਮੇਵਾਰ ਅਤੇ ਸੰਜੀਦਾ ਵਿਅਕਤੀ ਨੂੰ ਸੌਂਪ ਦੇਣੀ ਚਾਹੀਦੀ ਹੈ।

 


Related News