ਸੱਤਾਹੀਣ ਹੋ ਕੇ ਹੀ ਕਿਉਂ ਜਾਗਦਾ ਹੈ ਬਾਦਲਾਂ ਦਾ ਪੰਜਾਬ ਨਾਲ ਪਿਆਰ : ਹਰਪਾਲ ਚੀਮਾ

07/10/2019 1:09:21 AM

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਬਾਦਲ ਪਰਿਵਾਰ ਪੰਜਾਬ ਦੀ ਸੱਤਾ ਵਿੱਚੋਂ ਬਾਹਰ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਪੰਥ ਅਤੇ ਪੰਜਾਬ ਦਾ ਹੇਜ ਜਾਗ ਜਾਂਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਇਹ (ਬਾਦਲ) ਪੰਜਾਬ ਦੇ ਪਾਣੀ, ਚੰਡੀਗੜ੍ਹ ਅਤੇ ਪੰਥ ਨੂੰ ਖਤਰੇ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੰਦੇ ਹਨ, ਪ੍ਰੰਤੂ ਪੰਜਾਬ ਦੇ ਲੋਕ ਬਾਦਲ ਪਰਿਵਾਰ ਦੀ ਸੱਤਾ ਅਤੇ ਪੈਸੇ ਦੀ ਭੁੱਖ ਬਾਰੇ ਚੰਗੀ ਤਰ੍ਹਾਂ ਸਮਝ ਚੁੱਕੇ ਹਨ, ਇਸ ਲਈ ਪੰਜਾਬ ਦੇ ਲੋਕ ਹੁਣ ਬਾਦਲਾਂ ਦੀਆਂ ਗੁੰਮਰਾਹਕੁੰਨ ਗੱਲਾਂ ਦਾ ਸ਼ਿਕਾਰ ਨਹੀਂ ਹੋਣਗੇ। ਪਾਰਟੀ ਹੈਡਕੁਆਟਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਅਤੇ ਹੱਕਾਂ ਦੀ ਨਾ ਕਦੇ ਪ੍ਰਵਾਹ ਸੀ ਅਤੇ ਨਾ ਹੀ ਰਹੇਗੀ। ਜੇਕਰ ਹੁੰਦੀ ਤਾਂ ਚੰਡੀਗੜ੍ਹ ਪੰਜਾਬ ਦਾ ਹੁੰਦਾ, ਪੰਜਾਬ ਦੇ ਪਾਣੀ ਲੁੱਟੇ ਨਾ ਜਾਂਦੇ ਅਤੇ ਪੰਜਾਬ ਦੇ ਲੋਕ ਤੇ ਖੇਤ ਇੰਝ ਪਿਆਸੇ ਨਾ ਮਰਦੇ। ਪੰਜਾਬੀ ਬੋਲਦੇ ਇਲਾਕੇ ਪੰਜਾਬ ਅਧੀਨ ਹੁੰਦੇ ਅਤੇ ਪੰਜਾਬ ਅਤੇ ਕਿਸਾਨ ਮਜਦੂਰਾਂ ਸਿਰ ਲੱਖਾਂ ਕਰੋੜ ਦਾ ਕਰਜ ਨਾ ਚੜ੍ਹਦਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1966 ਤੋਂ ਲੈ ਕੇ ਹੁਣ ਤੱਕ ਦੇ ਦੋ ਦਹਾਕਿਆਂ ਤੋਂ ਵੱਧ ਸਮਾਂ ਅਕਾਲੀ ਦਲ ਪੰਜਾਬ ਉੱਤੇ ਰਾਜ ਕਰ ਚੁੱਕਿਆ ਹੈ,ਜਿਸ ਵਿੱਚ ਕਰੀਬ ਸਾਢੇ ਸਤਾਰਾਂ ਸਾਲ ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ। ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਉਹ ਦੱਸਣ ਇਸ ਰਾਜ ਭਾਗ ਦੌਰਾਨ ਉਨ੍ਹਾਂ ਪੰਜਾਬ ਅਤੇ ਚੰਡੀਗੜ੍ਹ ਬਾਰੇ ਕੀ ਕੀਤਾ? ਜਦਕਿ ਇਸ ਦੌਰਾਨ ਉਹ ਖ਼ੁਦ ਕਰੀਬ ਅੱਠ ਸਾਲ ਉਪ ਮੁੱਖ ਮੰਤਰੀ ਰਹੇ ਇਨ੍ਹਾਂ ਹੀ ਨਹੀਂ 2019 ਤੱਕ ਦੀਆਂ ਚੋਣਾਂ ਤੱਕ ਬਾਦਲ 11 ਸਾਲ ਕੇਂਦਰ ਦੀ ਸੱਤਾ ਭੋਗ ਚੁੱਕੇ ਹਨ ਅਤੇ ਹੁਣ ਬਾਰ੍ਹਵੇਂ ਸਾਲ ਵਿੱਚ ਹਨ। ਸੁਖਬੀਰ ਸਿੰਘ ਬਾਦਲ ਦੱਸਣ ਉਨ੍ਹਾਂ ਆਪਣੀ ਕੇਂਦਰ ਦੀ ਸਰਕਾਰ ਤੋਂ ਪੰਜਾਬ ਦੇ ਅਜਿਹੇ ਸਾਰੇ ਲੰਬਿਤ ਮਸਲੇ ਹੱਲ ਕਰਵਾਉਣ ਲਈ ਕੀ ਕੀਤਾ ਅਤੇ ਉਨ੍ਹਾਂ ਦੀ ਕੈਬਨਿਟ ਮੰਤਰੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਕੀ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਕੇਂਦਰ ਸਰਕਾਰ ਕੋਲ ਲਟਕੀਆਂ ਮੰਗਾਂ ਬਾਰੇ ਬਾਦਲ ਇੰਝ ਪ੍ਰਤੀਕਿਰਿਆ ਦਿੰਦੇ ਹਨ, ਜਿਵੇਂ ਉਹ ਕੇਂਦਰ 'ਚ ਵਿਰੋਧੀ ਧਿਰ 'ਚ ਹੁੰਦੇ ਹਨ। ਚੀਮਾ ਨੇ ਸੁਖਬੀਰ ਬਾਦਲ ਵਲੋਂ ਚੰਡੀਗੜ੍ਹ ਦੇ ਮਾਲੀਆ ਦਾ ਹਿੱਸਾ ਮੰਗਣ ਦੀ ਮੰਗ ਨਾਲ ਸਿਧਾਂਤਕ ਮਤਭੇਦ ਜਤਾਉਂਦਿਆਂ ਕਿਹਾ ਕਿ ਬਾਦਲਾਂ ਨੂੰ ਮਾਲੀਆ ਨਹੀਂ ਸਗੋਂ ਚੰਡੀਗੜ੍ਹ ਦੀ ਮਾਲਕੀ ਹੱਕ ਆਪਣੀ ਐਨਡੀਏ ਸਰਕਾਰ ਤੋਂ ਲੈਣਾ ਚਾਹੀਦਾ ਹੈ, ਜਾਂ ਫਿਰ ਪੰਜਾਬ ਦੇ ਹਿੱਤਾਂ ਲਈ ਨਰਿੰਦਰ ਮੋਦੀ ਸਰਕਾਰ ਅਤੇ ਐਨਡੀਏ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ।


Related News