ਐੱਨ. ਆਈ. ਏ. ਟੀਮ ਵੱਲੋਂ ਅੱਤਵਾਦੀ ਮਿੰਟੂ ਤੋਂ ਪੁੱਛਗਿੱਛ

Wednesday, Nov 22, 2017 - 06:24 AM (IST)

ਐੱਨ. ਆਈ. ਏ. ਟੀਮ ਵੱਲੋਂ ਅੱਤਵਾਦੀ ਮਿੰਟੂ ਤੋਂ ਪੁੱਛਗਿੱਛ

ਮਾਮਲਾ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਦੇ ਕਤਲ ਦਾ 
ਮੋਗਾ(ਪਵਨ ਗਰੋਵਰ/ਆਜ਼ਾਦ/ਗੋਪੀ ਰਾਊਕੇ)-ਪਿਛਲੇ ਸਮੇਂ ਦੌਰਾਨ ਪੰਜਾਬ 'ਚ ਵੱਖ-ਵੱਖ ਹਿੰਦੂ ਨੇਤਾਵਾਂ ਦੇ ਹੋਏ ਕਤਲਾਂ ਤੋਂ ਬਾਅਦ ਮੋਗਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਤੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗੈਂਗਸਟਰਾਂ ਅਤੇ ਐੱਲ. ਕੇ. ਐੱਫ. ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਤੋਂ ਮੋਗਾ ਪੁਲਸ ਨੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ। ਉਸ ਤੋਂ ਜਾਣਕਾਰੀ ਲੈਣ ਲਈ ਅੱਜ ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ) ਦੀ ਟੀਮ ਮੋਗਾ ਪੁੱਜੀ। ਜ਼ਿਕਰਯੋਗ ਹੈ ਕਿ ਐੱਨ. ਆਈ. ਏ. ਨੇਤਾ ਰਵਿੰਦਰ ਗੋਸਾਈਂ ਦੇ ਕਤਲ ਦੀ ਜਾਂਚ ਕਰ ਰਹੀ ਹੈ। ਕੇਂਦਰੀ ਜਾਂਚ ਅਧਿਕਾਰੀ ਸ਼੍ਰੀ ਰਾਹੁਲ ਦੀ ਅਗਵਾਈ 'ਚ ਪਹੁੰਚੀ ਟੀਮ ਨੇ ਜ਼ਿਲਾ ਪੁਲਸ ਮੁਖੀ ਦੇ ਦਫਤਰ 'ਚ ਐੱਸ. ਪੀ. ਆਈ. ਵਜ਼ੀਰ ਸਿੰਘ ਖਹਿਰਾ, ਡੀ. ਐੱਸ. ਪੀ. ਸਰਬਜੀਤ ਸਿੰਘ ਬਾਹੀਆ ਤੇ ਹੋਰ ਪੁਲਸ ਮੁਲਾਜ਼ਮਾਂ ਵੱਲੋਂ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਜਾਂਚ ਸਮੇਂ ਬਰਾਮਦ ਕੀਤੇ ਗਏ ਹਥਿਆਰਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਕੇਂਦਰੀ ਜਾਂਚ ਏਜੰਸੀ ਟੀਮ ਨੇ ਪੁੱਛਗਿੱਛ ਦੌਰਾਨ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਵਿਦੇਸ਼ਾਂ 'ਚ ਬੈਠੇ ਗਰਮ ਖਿਆਲੀਆਂ ਨਾਲ ਸੰਪਰਕ ਸਬੰਧੀ ਤੱਥ ਜੁਟਾਏ। ਦੱਸਣਯੋਗ ਹੈ ਕਿ ਮੋਗਾ ਪੁਲਸ ਵੱਲੋਂ ਪਿਛਲੇ ਸਮੇਂ ਦੌਰਾਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਨੂੰ ਨਾਭਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੇ ਨਾਲ ਪ੍ਰਮੁੱਖ ਗੈਂਗਸਟਰ ਧਰਮਿੰਦਰ ਸਿੰਘ ਗੁਗਨੀ, ਇੰਗਲੈਂਡ ਨਿਵਾਸੀ ਜਗਤਾਰ ਸਿੰਘ ਜੌਹਲ, ਤਲਜੀਤ ਸਿੰਘ ਜਿੰਮੀ, ਸ਼ਾਰਪ ਸੂਟਰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਰਮਨਾ ਨਾਲ ਸਥਾਨਕ ਸੀ. ਆਈ. ਏ. ਸਟਾਫ 'ਚ ਪੁਲਸ ਰਿਮਾਂਡ ਦੌਰਾਨ ਲੰਮੀ ਪੁੱਛਗਿੱਛ ਕੀਤੀ ਗਈ। ਪ੍ਰਵਾਸੀ ਭਾਰਤੀ ਜਿੰਮੀ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਾਵੇਂ ਅੰਤਰਰਾਸ਼ਟਰੀ ਪੱਧਰ 'ਤੇ ਛਾਇਆ ਹੋਣ ਕਾਰਨ ਪੰਜਾਬ ਪੁਲਸ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਪਰ ਪੁਲਸ ਇਸ ਮਾਮਲੇ 'ਚ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੀ।


Related News