ਐਜੂਕੇਸ਼ਨ ਇਨਫ੍ਰਾਸਟ੍ਰਕਚਰ ਵੇਖ ਕੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਲੈਣਗੇ ਸਰਕਾਰੀ ਸਕੂਲਾਂ ’ਚ ਦਾਖ਼ਲੇ: ਹਰਜੋਤ ਬੈਂਸ

05/04/2023 6:41:41 PM

ਜਲੰਧਰ (ਰਮਨਦੀਪ ਸਿੰਘ ਸੋਢੀ)- 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜੋ ਪ੍ਰਚਾਰ ਕੀਤਾ ਗਿਆ ਸੀ, ਉਸ ਵਿਚ 2 ਮੁੱਦੇ ਸਭ ਤੋਂ ਜ਼ਿਆਦਾ ਵਿਚਾਰਯੋਗ ਸਨ। ਇਕ ਸੀ ਹੈਲਥ ਅਤੇ ਦੂਜਾ ਸੀ ਐਜੂਕੇਸ਼ਨ। ਐਜੂਕੇਸ਼ਨ ਦੇ ਮੁੱਦੇ ’ਤੇ ਦਿੱਲੀ ਦਾ ਹਵਾਲਾ ਦਿੱਤਾ ਗਿਆ ਸੀ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿਚ ਸਿੱਖਿਆ ਦੇ ਖੇਤਰ ’ਚ ਵਿਕਾਸ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਆਪਣੇ ਕੀਤੇ ਗਏ ਕੰਮ ਨੂੰ ਕਿਵੇਂ ਵੇਖਦੇ ਹਨ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਇਨ੍ਹਾਂ ਦਾ ਕੀ ਕਹਿਣਾ ਹੈ, ਇਸ ਸਬੰਧੀ ‘ਜਗ ਬਾਣੀ’ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਜੂਕੇਸ਼ਨ ਇਨਫ੍ਰਾਸਟ੍ਰਕਚਰ ਵਿਚ ਵੱਡੀ ਤਬਦੀਲੀ ਲਿਆਉਣ ਦਾ ਖਾਕਾ ਤਿਆਰ ਕੀਤਾ ਹੋਇਆ ਹੈ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਐਜੂਕੇਸ਼ਨ ਇਨਫ੍ਰਾਸਟ੍ਰਕਚਰ ਵੇਖ ਕੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਲੈਣ ਆਉਣਗੇ।

‘ਆਪ’ ਸਰਕਾਰ ਦੀਆਂ ਸਿੱਖਿਆ ਖੇਤਰ ਵਿਚ 3 ਵੱਡੀਆਂ ਪ੍ਰਾਪਤੀਆਂ, ਸਰਕਾਰੀ ਸਕੂਲਾਂ ’ਚ ਵਧੇ ਦਾਖ਼ਲੇ
ਕਹਿੰਦੇ ਹਨ ਕਿ ਵਿਅਕਤੀ ਨੂੰ ਆਪਣੇ ਕੰਨ ਕਦੇ ਝੂਠ ਨਹੀਂ ਬੋਲਦੇ। ਤੁਸੀਂ ਆਪਣੀ ਇਕ ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ? ਇਸ ’ਤੇ ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਭਾਵੇਂ ਉਹ ਮੰਤਰੀ ਮਾਰਚ ਮਹੀਨੇ ਵਿਚ ਹੀ ਬਣ ਗਏ ਸਨ ਪਰ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਜੁਲਾਈ ਵਿਚ ਮਿਲੀ ਸੀ। ਸਿੱਖਿਆ ਵਿਭਾਗ ਵਿਚ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਪਰ 3 ਪ੍ਰਾਪਤੀਆਂ ਜੋ ਸਾਡੀ ਸਰਕਾਰ ਨੇ ਇਕ ਸਾਲ ਵਿਚ ਹਾਸਲ ਕੀਤੀਆਂ ਹਨ, ਉਨ੍ਹਾਂ ਬਾਰੇ ਉਹ ਜ਼ਰੂਰ ਦੱਸਣਾ ਚਾਹੁਣਗੇ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ

ਪਹਿਲੀ ਪ੍ਰਾਪਤੀ : ਪੰਜਾਬ ਵਿਚ ਵਿਦਿਆਰਥੀਆਂ ਨੂੰ ਅੱਜ ਤਕ ਕਦੇ ਵੀ ਸਮੇਂ ’ਤੇ ਕਿਤਾਬਾਂ ਨਹੀਂ ਮਿਲੀਆਂ ਸਨ। ਪਿਛਲੇ ਸਾਲ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਸਕੂਲਾਂ ਵਿਚ ਜਾਣਾ ਸ਼ੁਰੂ ਕੀਤਾ। ਹੁਣ ਤਕ ਉਹ ਪੰਜਾਬ ਦੇ 400 ਸਕੂਲਾਂ ਵਿਚ ਜਾ ਚੁੱਕੇ ਹਨ ਅਤੇ ਉੱਥੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਿਆ ਹੈ।

ਇਸ ਦੌਰਾਨ ਜੋ ਸਭ ਤੋਂ ਵੱਡੀ ਖਾਮੀ ਨਜ਼ਰ ਆਈ, ਉਹ ਸੀ ਕਿ ਵਿਦਿਆਰਥੀਆਂ ਨੂੰ ਸਮੇਂ ’ਤੇ ਕਿਤਾਬਾਂ ਹੀ ਨਹੀਂ ਮਿਲਦੀਆਂ ਸਨ। ਇਸ ਤੋਂ ਬਾਅਦ ਇਕ-ਇਕ ਕਰਕੇ ਕਿਤਾਬਾਂ ਆ ਰਹੀਆਂ ਸਨ ਅਤੇ ਅਧਿਆਪਕਾਂ ਦੀ ਡਿਊਟੀ ਲੱਗਦੀ ਸੀ ਅਤੇ ਉਹ ਜਾ ਕੇ ਕਿਤਾਬਾਂ ਲੈ ਕੇ ਸਕੂਲ ਆਉਂਦੇ ਸਨ। ਉਸ ਤੋਂ ਬਾਅਦ ਅਸੀਂ ਤੁਰੰਤ ਫ਼ੈਸਲਾ ਕਰ ਲਿਆ ਸੀ ਅਤੇ 31 ਮਾਰਚ ਤੋਂ ਪਹਿਲਾਂ 99 ਫ਼ੀਸਦੀ ਤਕ ਕਿਤਾਬਾਂ ਵਿਦਿਆਰਥੀਆਂ ਨੂੰ ਵੰਡੀਆਂ ਜਾ ਚੁੱਕੀਆਂ ਹਨ। 1 ਫ਼ੀਸਦੀ ਦਾ ਕਾਰਨ ਕਿਤੇ ਕਿਸੇ ਸਕੂਲ ਵਿਚ ਦੋ-ਚਾਰ ਬੱਚਿਆਂ ਦਾ ਵਧ ਜਾਂ ਘਟ ਜਾਣਾ ਹੈ। ਇਸ ਸਬੰਧੀ ਪੰਜਾਬ ਵਿਚ ਕਿਤੇ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ।

ਦੂਜੀ ਪ੍ਰਾਪਤੀ : ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੇ ਪੈਸੇ ਕਦੇ ਵੀ ਸਤੰਬਰ ਮਹੀਨੇ ਤੋਂ ਪਹਿਲਾਂ ਰਿਲੀਜ਼ ਨਹੀਂ ਹੁੰਦੇ ਸਨ। ਅੱਜ 15 ਅਪ੍ਰੈਲ ਤੋਂ ਪਹਿਲਾਂ ਅਸੀਂ ਸਾਰੇ ਸਕੂਲਾਂ ਵਿਚ ਵਰਦੀਆਂ ਦੇ ਪੈਸੇ ਭੇਜ ਚੁੱਕੇ ਹਾਂ। 2017 ਵਿਚ ਸਕੂਲਾਂ ’ਚ ਬੱਚਿਆਂ ਦੀਆਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਹੋ ਗਈਆਂ ਸਨ ਪਰ ਅੱਜ ਤਕ ਬੱਚਿਆਂ ਨੂੰ ਵਰਦੀ ਨਹੀਂ ਦਿੱਤੀ ਗਈ ਸੀ। ਸਾਡੀ ਸਰਕਾਰ ਨੇ ਪਿਛਲੇ ਸਾਲ ਤੋਂ ਹੀ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਵਰਦੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਇਸ ਤੋਂ ਪਹਿਲਾਂ ਪਹਿਲੀ ਤੋਂ ਅੱਠਵੀਂ ਜਮਾਤ ਤਕ ਦੇ ਹਰੇਕ ਵਰਗ ਦੇ ਬੱਚਿਆਂ ਨੂੰ ਵਰਦੀਆਂ ਦਿੱਤੀ ਜਾਂਦੀਆਂ ਸਨ ਪਰ ਜਨਰਲ ਵਰਗ ਦੇ ਬੱਚੇ ਰਹਿ ਜਾਂਦੇ ਸਨ। ਇਸ ਵਾਰ ਅਸੀਂ ਜਨਰਲ ਵਰਗ ਦੇ ਬੱਚਿਆਂ ਨੂੰ ਵੀ ਵਰਦੀਆਂ ਦੇਣ ਜਾ ਰਹੇ ਹਾਂ। ਇਹ ਸਾਡੀ ਸਰਕਾਰ ਦੀ ਨਵੀਂ ਪ੍ਰਾਪਤੀ ਹੈ।

ਤੀਜੀ ਪ੍ਰਾਪਤੀ : ਪਿਛਲੇ ਸਾਲ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਤੰਬਰ ਮਹੀਨੇ ਵਿਚ ਟਵੀਟ ਕਰਕੇ ਕਿਹਾ ਸੀ ਕਿ ਸਰਕਾਰੀ ਸਕੂਲਾਂ ਵਿਚ 7 ਫ਼ੀਸਦੀ ਦਾਖਲੇ ਘੱਟ ਹੋ ਗਏ ਹਨ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਅਤੇ ਰਾਜਾ ਵੜਿੰਗ ਵੀ ਸਿੱਖਿਆ ’ਤੇ ਟਵੀਟ ਕਰਦੇ ਹਨ। 2022 ਤੋਂ ਪਹਿਲਾਂ ਵੇਖ ਲਵੋ, ਕਦੇ ਕਿਸੇ ਨੇ ਟਵੀਟ ਨਹੀਂ ਕੀਤਾ। ਉਹ ਇਨ੍ਹਾਂ ਟਵੀਟਸ ਨੂੰ ਸੈਲੀਬ੍ਰੇਟ ਕਰਦੇ ਹਨ ਕਿ ਚਲੋ ਸਿੱਖਿਆ ’ਤੇ ਗੱਲ ਤਾਂ ਹੋ ਰਹੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਚਲੋ ਵੱਡੇ-ਵੱਡੇ ਨੇਤਾਵਾਂ ਦਾ ਧਿਆਨ ਤਾਂ ਸਰਕਾਰੀ ਸਕੂਲਾਂ ਵੱਲ ਜਾਣ ਲੱਗਾ ਹੈ ਪਰ ਇਨ੍ਹਾਂ ਨੇਤਾਵਾਂ ਦਾ ਜਦੋਂ ਇਹ ਸੱਤਾ ਵਿਚ ਸਨ, ਕਦੇ ਧਿਆਨ ਇਸ ਪਾਸੇ ਨਹੀਂ ਗਿਆ।
ਮੌਜੂਦਾ ਸਿੱਖਿਆ ਪੱਧਰ ਦੀ ਗੱਲ ਕਰੀਏ ਤਾਂ ਇਕੱਲੀ ਪ੍ਰਾਇਮਰੀ ਕਲਾਸ ਵਿਚ 80 ਹਜ਼ਾਰ ਬੱਚਿਆਂ ਦਾ ਦਾਖਲਾ ਵਧਿਆ ਹੈ ਅਤੇ ਪਹਿਲੀ ਜਮਾਤ ਵਿਚ 25 ਹਜ਼ਾਰ ਬੱਚੇ ਵਧੇ ਹਨ। ਪ੍ਰਾਇਮਰੀ ਵਿਚ 6 ਫ਼ੀਸਦੀ ਅਤੇ ਪਹਿਲੀ ਜਮਾਤ ਦੇ ਦਾਖਲੇ ਵਿਚ 13 ਫ਼ੀਸਦੀ ਦਾ ਵਾਧਾ ਹੋਇਆ ਹੈ।
ਮਿਸ਼ਨ-100 ਫ਼ੀਸਦੀ : ਬਿਹਤਰ ਰਿਜ਼ਲਟ ਲਈ ਇਕ-ਇਕ ਬੱਚੇ ਨੂੰ ਕੀਤਾ ਜਾ ਰਿਹਾ ਹੈ ਟ੍ਰੈਕ
ਇਕ ਗੱਲ ਜੋ ਪੰਜਾਬ ਸਰਕਾਰ ਨੇ ਕਹੀ ਹੈ ਕਿ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣੀ ਹਨ। ਇਹ ਚੰਗੀ ਪਹਿਲ ਹੈ। ਅੱਠਵੀਂ ਜਮਾਤ ਵਿਚ ਲਗਭਗ 863 ਬੱਚੇ ਇਕੱਲੇ ਪੰਜਾਬੀ ਵਿਚ ਫੇਲ ਹੋ ਜਾਂਦੇ ਹਨ। ਇਸ ’ਤੇ ਮੰਤਰੀ ਨੇ ਕਿਹਾ ਕਿ ਇਹ ਸਾਲ ਪੜ੍ਹਾਈ ਦੇ ਨਜ਼ਰੀਏ ਤੋਂ ਮੁਸ਼ਕਿਲ ਭਰਿਆ ਸੀ। ਕੋਵਿਡ ਕਾਰਨ ਇਕ ਸਾਲ ਤਾਂ ਸਾਰੇ ਬੱਚਿਆਂ ਨੂੰ ਪਾਸ ਕਰ ਦਿੱਤਾ ਗਿਆ। ਦੂਜੇ ਸਾਲ ਪੇਪਰ ਆਨਲਾਈਨ ਹੋਏ ਹਨ। ਅਧਿਆਪਕਾਂ ਤੇ ਬੱਚਿਆਂ ਵਿਚਕਾਰ ਦੂਰੀ ਬਹੁਤ ਵਧ ਗਈ ਸੀ। ਅਸੀਂ ਸੱਤਾ ਵਿਚ ਆਉਣ ਤੋਂ ਬਾਅਦ ਬੱਚਿਆਂ ’ਤੇ ਬਹੁਤ ਜ਼ਿਆਦਾ ਮਿਹਨਤ ਕੀਤੀ। ਅਸੀਂ ਮਿਸ਼ਨ-100 ਫ਼ੀਸਦੀ ਚਲਾਇਆ ਕਿ ਬੱਚੇ ਆਪਣੀ ਸਮਰੱਥਾ ਅਨੁਸਾਰ ਬਿਹਤਰ ਦੇਣ। ਇਕ-ਇਕ ਬੱਚੇ ਨੂੰ ਅਸੀਂ ਟ੍ਰੈਕ ਕੀਤਾ ਕਿ ਕੋਈ ਬੱਚਾ ਫੇਲ ਨਾ ਹੋਵੇ। ਅਸੀਂ ਜਦੋਂ ਬੱਚਿਆਂ ਨੂੰ ਟ੍ਰੈਕ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਲੱਗਦਾ ਸੀ ਕਿ ਬੱਚੇ ਹਿਸਾਬ ਵਿਚ, ਅੰਗਰੇਜ਼ੀ ਜਾਂ ਸਾਇੰਸ ਵਿਚ ਕਮਜ਼ੋਰ ਹੋਣਗੇ ਪਰ ਟ੍ਰੈਕਿੰਗ ਦੌਰਾਨ ਪਤਾ ਲੱਗਾ ਕਿ ਬੱਚੇ ਪੰਜਾਬੀ ਵਿਚ ਵੀ ਕਮਜ਼ੋਰ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਵੱਡੇ ਪੱਧਰ ’ਤੇ ਬੱਚੇ ਮਾਈਗ੍ਰੇਟ ਵੀ ਆ ਗਏ ਹਨ। ਦੂਜੀ ਵੱਡੀ ਗੱਲ ਇਹ ਹੈ ਕਿ ਬੀਤੇ ਸਮੇਂ ’ਚ ਪੰਜਾਬੀ ਵੱਲ ਤਵੱਜੋ ਨਹੀਂ ਦਿੱਤੀ ਗਈ ਕਿ ਪੰਜਾਬੀ ਚੱਲ ਹੀ ਜਾਵੇਗੀ। ਅਸੀਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਸ਼ੁਰੂ ਕੀਤੇ।

ਇਹ ਵੀ ਪੜ੍ਹੋ : ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਗਈਆਂ ਜਲ ਪ੍ਰਵਾਹ

ਸਾਡਾ ਯਤਨ–ਸੀ. ਬੀ. ਐੱਸ. ਈ. ਸਾਨੂੰ ਫਾਲੋ ਕਰੇ
ਸਾਡੇ ਅਧਿਆਪਕ ਤੇ ਪ੍ਰਿੰਸੀਪਲ ਵਿਦੇਸ਼ ਵੀ ਜਾ ਕੇ ਆਏ ਹਨ ਪਰ ਕੀ ਗੱਲ ਹੈ ਕਿ ਅਸੀਂ ਅੱਜ ਤਕ ਆਪਣਾ ਸਿਲੇਬਸ ਤਿਆਰ ਨਹੀਂ ਕਰ ਸਕੇ? ਅਸੀਂ ਅੱਜ ਵੀ ਅੰਗਰੇਜ਼ਾਂ ਵੱਲੋਂ ਤਿਆਰ ਕੀਤੇ ਸਿਲੇਬਸ ਅਤੇ 33 ਫ਼ੀਸਦੀ ’ਤੇ ਹੀ ਬੈਠੇ ਹਾਂ।
ਇਸ ’ਤੇ ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਕਦੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਪਰ ਅਸੀਂ ਕਿਹਾ ਕਿ ਇਸ ਰਵਾਇਤ ਨੂੰ ਬਦਲਿਆ ਜਾਵੇ ਕਿਉਂਕਿ ਇਹ ਜ਼ਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ, ਕੋਡਿੰਗ ਦਾ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਮੰਗਲਵਾਰ ਨੂੰ ਸਿੱਖਿਆ ਵਿਭਾਗ ਦੇ ਅਫ਼ਸਰਾਂ ਦੀ ਮੀਟਿੰਗ ਲੈਂਦੇ ਹਨ। ਅਫ਼ਸਰ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਮੰਤਰੀ ਆਏ, ਉਨ੍ਹਾਂ ਦਾ 2 ਗੱਲਾਂ ਵੱਲ ਹੀ ਧਿਆਨ ਹੁੰਦਾ ਸੀ। ਇਕ ਬਦਲੀਆਂ ਵੱਲ ਅਤੇ ਦੂਜਾ ਟੈਂਡਰਾਂ ਵੱਲ। ਨਾ ਉਨ੍ਹਾਂ ਦਾ ਧਿਆਨ ਕਿਤਾਬਾਂ ਵੱਲ, ਨਾ ਸਿਲੇਬਸ ਵੱਲ ਅਤੇ ਨਹੀਂ ਹੀ ਸਕੂਲਾਂ ਵੱਲ ਹੁੰਦਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਿਆਨ ਇਨ੍ਹਾਂ 2 ਚੀਜ਼ਾਂ ਵੱਲ ਨਹੀਂ ਹੈ। ਕੋਈ ਦਾਅਵਾ ਨਹੀਂ ਕਰ ਸਕਦਾ ਕਿ ਇਕ ਸਾਲ ਵਿਚ ਸਭ ਕੁਝ ਬਦਲ ਸਕਦਾ ਹੈ। ਤਬਦੀਲੀ ਲਈ ਸਮਾਂ ਚਾਹੀਦਾ ਹੈ। ਅੱਜ ਬੋਰਡ ਦੀ ਅਹਿਮੀਅਤ ਬਹੁਤ ਵਧ ਚੁੱਕੀ ਹੈ। ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਪੜ੍ਹਦੇ ਹੋ ਅਤੇ ਬੋਰਡ ਕਿਹੜਾ ਹੈ ਤਾਂ ਸੀ. ਬੀ. ਐੱਸ. ਈ. ਨੂੰ ਚੰਗਾ ਕਹਿ ਦਿੱਤਾ ਜਾਂਦਾ ਹੈ। ਅੱਜ ਹਰੇਕ ਬੱਚਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦਾ ਹੈ। ਇਸ ਲਈ ਅਸੀਂ ਸਰਕਾਰੀ ਸਕੂਲਾਂ ਵਿਚ ਸਕੂਲੀ ਸਿੱਖਿਆ ਦੇ ਢਾਂਚੇ ਦੇ ਸੁਧਾਰ ਲਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਨਾਲ ਟਾਈਅੱਪ ਕਰ ਰਹੇ ਹਾਂ। ਸਿੱਖਿਆ ਦੇ ਖੇਤਰ ਵਿਚ ਤਬਦੀਲੀ ਲਿਆ ਰਹੇ ਹਾਂ ਤਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਆਏ ਤਾਂ ਬੱਚੇ ਮਾਣ ਮਹਿਸੂਸ ਕਰਨ ਅਤੇ ਸੀ. ਬੀ. ਐੱਸ. ਈ. ਸਾਨੂੰ ਫਾਲੋ ਕਰੇ। ਸਾਡਾ ਸਿਲੇਬਸ ਐਡਵਾਂਸ ਹੋਵੇ।
ਸਵਾਲ ਉੱਠਦਾ ਹੈ ਕਿ ਕਿੰਨੇ ਨੇਤਾਵਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਤਾਂ ਮੈਂ ਕਹਿੰਦਾ ਹਾਂ ਕਿ ਤੁਹਾਡਾ ਇਹ ਸਵਾਲ ਗਲਤ ਹੈ। ਸਕੂਲਾਂ ਵਿਚ ਇਨਫ੍ਰਾਸਟ੍ਰਕਚਰ ਠੀਕ ਹੋਵੇ ਤਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿਚ ਪੜ੍ਹਨਗੇ।

ਅਦਾਲਤਾਂ ’ਚ ਜਾ ਕੇ ਪੁਰਾਣੀਆਂ ਭਰਤੀਆਂ ਨੂੰ ਬਚਾਇਆ
ਇਕ ਵੱਡਾ ਸਵਾਲ, ਜਿਨ੍ਹਾਂ ਅਧਿਆਪਕਾਂ ਨੂੰ ਤੁਸੀਂ ਹਾਇਰ ਕਰ ਲਿਆ ਹੈ, ਉਨ੍ਹਾਂ ਨੂੰ ਆਫਰ ਲੈਟਰ ਤਾਂ ਦੇ ਦਿੱਤੇ ਪਰ ਉਹ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਅਸੀਂ ਵੀ ਸੰਘਰਸ਼ਾਂ ’ਚੋਂ ਨਿਕਲੇ ਹਾਂ। ਕਦੇ-ਕਦੇ ਲੱਗਦਾ ਹੈ ਕਿ ਇਹ ਮੰਤਰੀ ਬਣ ਗਏ ਹੈ ਅਤੇ ਬਦਲ ਗਏ ਹੋਣਗੇ। ਬਹੁਤ ਕੁਝ ਲਿਖਿਆ ਜਾਂਦਾ ਹੈ ਅਤੇ ਕਈ ਵਾਰ ਮਨ ਨੂੰ ਠੇਸ ਵੀ ਲੱਗਦੀ ਹੈ ਕਿ ਜਿਨ੍ਹਾਂ ਲੋਕਾਂ ਲਈ ਇੰਨਾ ਕੁਝ ਕਰਦੇ ਹਾਂ, ਉਹੀ ਸਾਡੇ ਖਿਲਾਫ ਲਿਖ ਰਹੇ ਹਨ। ਫਿਰ ਕਈ ਵਾਰ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ ਲੋਕ ਸਕੂਲਾਂ ਵਿਚ ਜਾ ਕੇ ਪੜ੍ਹਾ ਵੀ ਲੈਣਗੇ? ਅਸੀਂ ਜੁਆਇਨਿੰਗ ਲੈਟਰ ਦੇ ਦਿੱਤੇ। ਇਨ੍ਹਾਂ ਵਿਚੋਂ ਹੀ ਇਨ੍ਹਾਂ ਦੇ ਕੁਝ ਸਾਥੀ ਅਦਾਲਤਾਂ ਵਿਚ ਕੇਸ ਕਰਦੇ ਹਨ। ਅਦਾਲਤਾਂ ਸਟੇਅ ਕਰ ਦਿੰਦੀਆਂ ਹਨ। 2006 ਤੇ 2011 ਦੇ ਕੇਸ ਵੀ ਅਸੀਂ ਅੱਜ ਤਕ ਭੁਗਤ ਰਹੇ ਹਾਂ। ਅਸੀਂ ਉਨ੍ਹਾਂ ਭਰਤੀਆਂ ਨੂੰ ਬਚਾਇਆ ਹੈ। ਉਸ ਦਾ ਫ਼ੈਸਲਾ 28 ਅਪ੍ਰੈਲ ਨੂੰ ਆਇਆ ਹੈ ਅਤੇ ਆਰਡਰ ਅੱਜ ਆਇਆ ਹੈ। ਫਿਰ ਵੀ ਕਿਹਾ ਜਾਂਦਾ ਹੈ ਕਿ ਸਰਕਾਰ ਬੁਰੀ ਹੈ ਅਤੇ ‘ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾਏ ਜਾਂਦੇ ਹਨ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਦੇ ਘਰ 'ਚ ਚੱਲੀਆਂ ਗੋਲੀਆਂ, ਖੂਨੀ ਖੇਡ 'ਚ ਬਦਲੀ ਮਾਮੂਲੀ ਤਕਰਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News