ਹਰਜੋਤ ਬੈਂਸ ਵੱਲੋਂ ਹੜ੍ਹਾਂ ਕਾਰਨ ਝੋਨੇ ਦੀ ਫਸਲ ਦੀ ਪਕਾਈ ਪਛੇਤੀ ਪੈਣ ਕਰਕੇ ਮੰਡੀਆਂ 15 ਦਿਨ ਹੋਰ ਖੁੱਲ੍ਹਣ ਦੀ ਮੰਗ

Tuesday, Nov 07, 2023 - 06:52 PM (IST)

ਹਰਜੋਤ ਬੈਂਸ ਵੱਲੋਂ ਹੜ੍ਹਾਂ ਕਾਰਨ ਝੋਨੇ ਦੀ ਫਸਲ ਦੀ ਪਕਾਈ ਪਛੇਤੀ ਪੈਣ ਕਰਕੇ ਮੰਡੀਆਂ 15 ਦਿਨ ਹੋਰ ਖੁੱਲ੍ਹਣ ਦੀ ਮੰਗ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਉਨ੍ਹਾਂ ਰੋਪੜ ਜ਼ਿਲ੍ਹੇ ਵਿਸ਼ੇਸ਼ ਕਰ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਵਿਚ ਬੀਤੇ ਮਹੀਨੇ ਆਏ ਬੇਮੌਸਮੇ ਹੜ੍ਹਾਂ ਕਾਰਨ ਝੋਨੇ ਦੀ ਪਕਾਈ ਪਛੇਤੀ ਪੈਣ ਕਾਰਨ ਜ਼ਿਲ੍ਹੇ ਦੀਆਂ ਕੁਝ ਮੰਡੀਆਂ ਵਿਚ ਖਰੀਦ ਪ੍ਰਕਿਰਿਆ 15 ਦਿਨ  ਵਧਾਉਣ ਦੀ ਮੰਗ ਕੀਤੀ ਗਈ। ਬੈਂਸ ਨੇ ਖੁਰਾਕ ਮੰਤਰੀ ਨੂੰ ਦੱਸਿਆ ਕਿ ਹੜ੍ਹਾਂ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ ਜਿਸ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੁਬਾਰਾ ਬੀਜੀ ਗਈ ਹੈ, ਜਿਸਨੂੰ ਤਿਆਰ ਹੋਣ ਵਿਚ ਹਾਲੇ 10 ਦਿਨ ਹੋਰ ਲੱਗ ਜਾਣਗੇ।

ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਕਟਾਈ ਅਤੇ ਝਾੜਨ ਲਈ ਵੀ 3-4 ਦਿਨ ਲੱਗ ਜਾਣਗੇ। ਇਸ ਲਈ ਖਰੀਦ ਪ੍ਰਕਿਰਿਆ ਸਬੰਧੀ ਤੈਅ ਸਮਾਂ-ਸੀਮਾਂ ਅਨੁਸਾਰ ਆਖਰੀ ਮਿਤੀ ਵਿੱਚ 15 ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਗਈ। ਜਿਨ੍ਹਾਂ ਮੰਡੀਆਂ ਨੂੰ ਵਿਸ਼ੇਸ਼ ਤੌਰ ’ਤੇ 15 ਦਿਨ ਵਾਧੂ ਖਰੀਦ ਕਰਨ ਦੀ ਪ੍ਰਵਾਨਗੀ ਮੰਗੀ ਗਈ ਹੈ। ਉਨ੍ਹਾਂ ਵਿਚ ਅਗੰਮਪੁਰ, ਹਾਜੀਪੁਰ, ਕੀਰਤਪੁਰ ਸਾਹਿਬ, ਨੰਗਲ, ਘਨੌਲੀ, ਮਹੈਣ, ਅਜੌਲੀ ਤੇ ਭਰਤਗੜ੍ਹ ਦੀ ਮੰਡੀਆਂ ਸ਼ਾਮਲ ਹਨ। ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਹਰਜੋਤ ਸਿੰਘ ਬੈਂਸ ਨੂੰ ਭਰੋਸਾ ਦਿਵਾਇਆ ਗਿਆ ਕਿ ਉਕਤ ਮੰਡੀਆਂ ਨੂੰ 15 ਦਿਨ ਹੋਰ ਖਰੀਦ ਪ੍ਰਕਿਰਿਆ ਜਾਰੀ ਰੱਖਣ ਲਈ ਜਲਦ ਹੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।


author

Gurminder Singh

Content Editor

Related News