ਸੁਖਬੀਰ ਸਿੰਘ ਬਾਦਲ ਨਾਲ ਬੈਠਕ ਮਗਰੋਂ ਹਰਜਿੰਦਰ ਸਿੰਘ ਧਾਮੀ ਵਲੋਂ ਅਸਤੀਫ਼ਾ ਵਾਪਸ ਲੈਣ ਦਾ ਐਲਾਨ
Tuesday, Mar 18, 2025 - 03:01 PM (IST)

ਹੁਸ਼ਿਆਰਪੁਰ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਧਾਮੀ ਨੇ ਇਹ ਫ਼ੈਸਲਾ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਨਾਲ ਮੀਟਿੰਗ ਤੋਂ ਬਾਅਦ ਲਿਆ ਹੈ। ਧਾਮੀ ਨੇ ਇਹ ਵੀ ਆਖਿਆ ਹੈ ਕਿ ਉਹ ਇਕ-ਦੋ ਦਿਨਾਂ ਵਿਚ ਮੁੜ ਆਪਣਾ ਅਹੁਦਾ ਸੰਭਾਲ ਲੈਣਗੇ। ਲਗਭਗ ਇਕ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਾਮੀ ਨੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਸਿੰਘ ਸਾਹਿਬਾਨ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰ-ਵਾਰ ਮੈਨੂੰ ਅਸਤੀਫ਼ਾ ਵਾਪਸ ਲੈਣ ਲਈ ਅਪੀਲ ਕੀਤੀ ਜਾ ਰਹੀ ਸੀ। ਕੱਲ੍ਹ ਵੀ ਐੱਸ. ਜੀ. ਪੀ. ਸੀ. ਦੀ ਐਗਜ਼ੀਕਿਊਟਿਵ ਕਮੇਟੀ ਦੇ ਮਤੇ ਅਨੁਸਾਰ ਅਸਤੀਫਾ ਵਾਪਸ ਕਰਵਾਇਆ ਗਿਆ। ਅੱਜ ਅਕਾਲੀ ਦਲ ਦੀ ਲੀਡਰਸ਼ਿਪ ਬਲਵਿੰਦਰ ਸਿੰਘ ਭੂੰਦੜ, ਸੁਖਬੀਰ ਸਿੰਘ ਬਾਦਲ, ਜਨਮੇਜਾ ਸਿੰਘ ਸੇਖੋਂ ਤੋਂ ਇਲਾਵਾ ਹੋਰ ਆਗੂ ਮੇਰੇ ਘਰ ਪਹੁੰਚੇ ਅਤੇ ਮੈਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ। ਧਾਮੀ ਨੇ ਕਿਹਾ ਕਿ ਉਹ ਇਕ ਦੋ-ਦਿਨ ਵਿਚ ਮੁੜ ਸੇਵਾ ਸੰਭਾਲਣਗੇ।