ਵੱਡੀ ਖ਼ਬਰ : ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਅਹੁਦੇ ਤੋਂ ਛੁੱਟੀ

Friday, Oct 22, 2021 - 10:49 PM (IST)

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਫਿਰ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਕਾਂਗਰਸ ਹਾਈਕਮਾਨ ਨੇ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਲਾਂਭੇ ਕਰਕੇ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਉਂਝ ਹਰੀਸ਼ ਰਾਵਤ ਕਾਫੀ ਸਮੇਂ ਤੋਂ ਮੰਗ ਕਰਦੇ ਆ ਰਹੇ ਸਨ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਫਾਰਗ ਕੀਤਾ ਜਾਵੇ, ਰਾਵਤ ਦਾ ਤਰਕ ਸੀ ਕਿ ਉਹ ਹੁਣ ਉਤਰਾਖੰਡ ਵਿਚ ਹੀ ਸਰਗਰਮ ਸਿਆਸਤ ਵਿਚ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਦਾ ਇੰਚਾਰਜ ਹੋਣ ਕਰਕੇ ਉਹ ਉਤਰਾਖੰਡ ਵਿਚ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੇ ਹਨ, ਲਿਹਾਜ਼ਾ ਹੁਣ ਉਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਫਾਰਗ ਕੀਤਾ ਜਾਵੇ। ਲਿਹਾਜ਼ਾ ਹੁਣ ਹਰੀਸ਼ ਰਾਵਤ ਦੀ ਥਾਂ ਰਾਜਸਥਾਨ ਦੇ ਮਾਲ ਮੰਤਰੀ ਅਤੇ ਪੰਜਾਬ ਦੇ ਸਹਿ–ਇੰਚਾਰਜ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਥਾਪ ਦਿੱਤਾ ਗਿਆ ਹੈ। ਦਰਅਸਲ ਪੰਜਾਬ ਦੇ ਨਾਲ ਹੀ ਉਤਰਾਖੰਡ ’ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਹਰੀਸ਼ ਰਾਵਤ ਉਤਰਾਖੰਡ ’ਚ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਕਰ ਰਹੇ ਹਨ। ਜਿਸ ਕਾਰਨ ਹੁਣ ਉਹ ਬਾਕੀ ਸਮਾਂ ਉਤਰਾਖੰਡ ਨੂੰ ਦੇਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ : ਜੇਲ ’ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਵੱਧਦੀਆਂ ਜ਼ਿੰਮੇਵਾਰੀਆਂ ਨੂੰ ਵੇਖਦੇ ਹੋਏ ਹਰੀਸ਼ ਰਾਵਤ ਨੇ ਬੀਤੇ ਦਿਨ ਵੱਡਾ ਫ਼ੈਸਲਾ ਲੈਂਦਿਆਂ ਕਾਂਗਰਸ ਹਾਈਕਮਾਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਤਹਿਤ ਇਹ ਜ਼ਿੰਮੇਵਾਰੀ ਹਰੀਸ਼ ਚੌਧਰੀ ਜੋ ਕਿ ਇਸ ਵੇਲੇ ਪਾਰਟੀ ਨਿਗਰਾਨ (ਆਬਜ਼ਰਵਰ) ਦੀ ਭੂਮਿਕਾ ਨਿਭਾਅ ਰਹੇ ਹਨ, ਨੂੰ ਦੇਣ ਦਾ ਤਕਰੀਬਨ ਫ਼ੈਸਲਾ ਕਰ ਲਿਆ ਗਿਆ ਸੀ। ਜਿਸ ਦਾ ਹੁਣ ਰਸਮੀ ਐਲਾਨ ਵੀ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਹਰੀਸ਼ ਰਾਵਲ ਵਲੋਂ ਸੋਸ਼ਲ ਮੀਡੀਆ ’ਤੇ ਕਰਮਭੂਮੀ ਲਈ ਫ਼ਰਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਪਾਸੇ ਜਨਮਭੂਮੀ (ਉਤਰਾਖੰਡ) ਪ੍ਰਤੀ ਉਨ੍ਹਾਂ ਦਾ ਫਰਜ਼ ਹੈ ਅਤੇ ਦੂਜੇ ਪਾਸੇ ਕਰਮਭੂਮੀ ਪੰਜਾਬ ਪ੍ਰਤੀ ਸੇਵਾਵਾਂ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਦੋਹਾਂ ਥਾਵਾਂ ’ਤੇ ਪੂਰਾ ਸਮਾਂ ਚਾਹੁੰਦੇ ਸਨ ਪਰ ਫਰਜ਼ ਦੀ ਪੁਕਾਰ ਕਾਰਨ ਅਜਿਹਾ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਤਲਖੀ ਦਰਮਿਆਨ ਮੁੱਖ ਮੰਤਰੀ ਚੰਨੀ ਨੇ ਸਿੱਧੂ ਨਾਲ ਤਸਵੀਰ ਵਾਲਾ ਪੋਸਟਰ ਕੀਤਾ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News