ਹਰੀਸ਼ ਰਾਵਤ ਦੀ ਚੰਡੀਗੜ੍ਹ ਫੇਰੀ ਦੌਰਾਨ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਉੱਠੇਗਾ ਮੁੱਦਾ

Sunday, Aug 22, 2021 - 12:27 PM (IST)

ਜਲੰਧਰ (ਧਵਨ)– ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਦੇ ਅਗਲੇ ਹਫ਼ਤੇ ਦੇ ਸ਼ੁਰੂ ’ਚ ਚੰਡੀਗੜ੍ਹ ਦੌਰੇ ਦੌਰਾਨ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਮਾਮਲਾ ਉੱਠਣ ਦੇ ਆਸਾਰ ਹਨ। ਪੰਜਾਬ ’ਚ ਕਾਂਗਰਸ ਦੀ ਨਵੀਂ ਟੀਮ ਬਣ ਜਾਣ ਤੋਂ ਬਾਅਦ ਵੀ ਕੁਝ ਮੰਤਰੀਆਂ ਵੱਲੋਂ ਆਪਣੀ ਹੀ ਸਰਕਾਰ ਖ਼ਿਲਾਫ਼ ਟਵੀਟ ਕਰਕੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਮਾਮਲਾ ਹਰੀਸ਼ ਰਾਵਤ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੀਆਂ ਡਿਊਟੀਆਂ ਕੱਲ ਹੀ ਕਾਂਗਰਸ ਭਵਨ ਚੰਡੀਗੜ੍ਹ ’ਚ ਬੈਠਣ ਲਈ ਲਗਾ ਦਿੱਤੀਆਂ ਸਨ। ਇਸ ਦਾ ਟੀਚਾ ਸਰਕਾਰ ਅਤੇ ਸੰਗਠਨ ਦਰਮਿਆਨ ਤਾਲਮੇਲ ਨੂੰ ਬਿਹਤਰ ਬਣਾਉਣਾ ਹੈ ਪਰ ਜਿਸ ਤਰ੍ਹਾਂ ਕੁੱਝ ਇਕ ਮੰਤਰੀਆਂ ਵੱਲੋਂ ਜਨਤਕ ਤੌਰ ’ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਸ ਦਾ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨੋਟਿਸ ਲਿਆ ਸੀ।

ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਅਤੇ ਪਾਰਟੀ ਨੇਤਾਵਾਂ ਨੂੰ ਨਿਰਦੇਸ਼ ਦੇ ਦਿੱਤੇ ਸਨ ਕਿ ਸੰਵੇਦਨਸ਼ੀਲ ਮਾਮਲਿਆਂ ’ਤੇ ਬੋਲਣ ਤੋਂ ਪਹਿਲਾਂ ਉਨ੍ਹਾਂ ਨਾਲ ਜਾਂ ਪਾਰਟੀ ਪਲੇਟਫਾਰਮ ’ਤੇ ਚਰਚਾ ਹੋ ਜਾਣੀ ਚਾਹੀਦੀ ਹੈ।
ਹੁਣ ਕਿਉਂਕਿ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚ ਰਹੇ ਹਨ, ਇਸ ਲਈ ਉਨ੍ਹਾਂ ਦੇ ਸਾਹਮਣੇ ਵੀ ਮਾਮਲਾ ਰੱਖੇ ਜਾਣ ਦੇ ਆਸਾਰ ਹਨ। ਰਾਵਤ ਵੱਲੋਂ ਜਿੱਥੇ ਇਕ ਪਾਸੇ ਪ੍ਰਦੇਸ਼ ਕਾਂਗਰਸ ਦੀ ਨਵੀਂ ਟੀਮ ਨੂੰ ਸਰਕਾਰ ਦੇ ਨਾਲ ਹੋਰ ਬਿਹਤਰ ਤਾਲਮੇਲ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣਗੇ, ਉੱਥੇ ਹੀ ਉਹ ਮੰਤਰੀਆਂ ਅਤੇ ਪਾਰਟੀ ਨੇਤਾਵਾਂ ਲਈ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੇ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਦੇ ਤਹਿਤ ਜਨਤਕ ਤੌਰ ’ਤੇ ਬਿਆਨਬਾਜ਼ੀ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾ ਸਕਦਾ ਹੈ। ਪਾਰਟੀ ਅਤੇ ਸਰਕਾਰ ਨਾਲ ਸਬੰਧਤ ਮਾਮਲਿਆਂ ਨੂੰ ਪਾਰਟੀ ਪੱਧਰ ’ਤੇ ਵੀ ਉਠਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ

ਸਰਕਾਰੀ ਹਲਕਿਆਂ ’ਚ ਵੀ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਸਬੰਧ ’ਚ ਸਰਕਾਰੀ ਅਤੇ ਪਾਰਟੀ ਪੱਧਰ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਰਾਵਤ ਦੇ ਦੌਰੇ ਤੋਂ ਬਾਅਦ ਇਨ੍ਹਾਂ ਸਾਰੀਆਂ ਚਰਚਾਵਾਂ ’ਤੇ ਰੋਕ ਲੱਗ ਸਕਦੀ ਹੈ। ਕਾਂਗਰਸ ਦੇ ਅੰਦਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਲੀਡਰਸ਼ਿਪ ਵੀ ਹੁਣ ਅਨੁਸ਼ਾਸਨਹੀਣਤਾ ਨੂੰ ਸਹਿਣ ਕਰਨ ਦੇ ਪੱਖ ’ਚ ਨਹੀਂ ਹੈ। ਕੱਲ ਜਿਸ ਤਰ੍ਹਾਂ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਦੀ ਨਵੀਂ ਟੀਮ ਨੇ ਆਪਸੀ ਤਾਲਮੇਲ ਵਧਾਉਣ ਲਈ ਕਦਮ ਚੁੱਕੇ, ਉਸ ਦੀ ਖੁਦ ਸੋਨੀਆ ਗਾਂਧੀ ਵੱਲੋਂ ਵੀ ਸੋਸ਼ਲ ਮੀਡੀਆ ’ਤੇ ਸ਼ਲਾਘਾ ਕੀਤੀ ਗਈ।

ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News