'ਆਪ' ਆਗੂ ਹਰਿੰਦਰ ਸਿੰਘ ਖਾਲਸਾ ਭਾਜਪਾ 'ਚ ਸ਼ਾਮਲ (ਵੀਡੀਓ)

Thursday, Mar 28, 2019 - 04:40 PM (IST)

ਦਿੱਲੀ,ਬੱਸੀ ਪਠਾਣਾਂ (ਰਾਜਕਮਲ)—ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ 'ਚ ਬਣੇ ਚੋਣ ਮੌਸਮ ਵਿਚ ਨਾਰਾਜ਼ ਨੇਤਾਵਾਂ ਦਾ ਦਲ ਬਦਲਣ ਦਾ ਸਿਲਸਿਲਾ ਜਾਰੀ ਹੈ। ਭਾਰਤੀ ਜਨਤਾ ਪਾਰਟੀ ਕਾਂਗਰਸ ਸਮੇਤ ਕਈ ਹੋਰ ਦਲਾਂ ਦੇ ਵੱਡੇ ਨੇਤਾ ਬਦਲ ਚੁੱਕੇ ਹਨ। ਹੁਣ ਇਸੇ ਲੜੀ 'ਚ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਆਮ ਆਦਮੀ ਪਾਰਟੀ ਦੇ ਇਕ ਨਾਰਾਜ਼ ਐੱਮ. ਪੀ. ਹਰਿੰਦਰ ਸਿੰਘ ਖਾਲਸਾ ਨੇ ਦਿੱਲੀ 'ਚ ਆਯੋਜਿਤ ਇਕ ਸਮਾਗਮ 'ਚ ਭਾਜਪਾ ਦੇ ਸੀਨੀਅਰ ਨੇਤਾਵਾਂ ਵਿੱਤ ਮੰਤਰੀ ਅਰੁਣ ਜੇਤਲੀ, ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਹੋਰਨਾਂ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ।

ਭਾਜਪਾ ਦਾ ਪੱਲਾ ਫੜਨ ਤੋਂ ਬਾਅਦ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਦੇਸ਼ 'ਚ ਮੌਜੂਦਾ ਸਮੇਂ 'ਚ ਸਿਰਫ਼ ਇਕ ਹੀ ਪਾਰਟੀ ਹੈ ਤੇ ਉਹ ਪਾਰਟੀ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਹੈ ਬਾਕੀ ਸਮੁੱਚੀਆਂ ਪਾਰਟੀਆਂ ਸੱਤਾ ਦੀ ਲਾਲਚੀ ਹਨ। ਐੱਮ. ਪੀ. ਖਾਲਸਾ ਨੇ ਦੱਸਿਆ ਕਿ ਉਨ੍ਹਾਂ ਬਿਨਾਂ ਕਿਸੇ ਸ਼ਰਤ ਦੇ ਪਾਰਟੀ ਨੂੰ ਜੁਆਇਨ ਕੀਤਾ ਹੈ ਤੇ ਉਹ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਬਹੁਤ ਹੀ ਪ੍ਰਭਾਵਿਤ ਹਨ ਤੇ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਏਗੀ ਉਹ ਪਾਰਟੀ ਦਾ ਹਰ ਤਰ੍ਹਾਂ ਤੋਂ ਪ੍ਰਚਾਰ ਕਰਨਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਐੱਮ . ਪੀ. ਹਰਿੰਦਰ ਸਿੰਘ ਦੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਦੋਸਤਾਨਾ ਸਬੰਧੀ ਹੋਣ ਕਾਰਨ ਭਾਜਪਾ 'ਚ ਸ਼ਾਮਲ ਹੋਣ ਦਾ ਖੁਲਾਸਾ 'ਜਗ ਬਾਣੀ' ਵਲੋਂ 16 ਜਨਵਰੀ ਨੂੰ ਹੀ ਆਪਣੇ ਅਖ਼ਬਾਰ 'ਚ ਕਰ ਦਿੱਤਾ ਗਿਆ ਸੀ। ਦੱਸਣਾ ਹੋਵੇਗਾ ਕਿ ਐੱਮ. ਪੀ. ਖਾਲਸਾ ਦਾ ਸਿਆਸੀ ਜੀਵਨ ਬਹੁਤ ਹੀ ਪੁਰਾਣਾ ਹੈ। ਐੱਮ. ਪੀ. ਖਾਲਸਾ ਦਾ ਪਰਿਵਾਰ ਬੀਤੇ ਸਮੇਂ ਦੌਰਾਨ ਅਕਾਲੀ ਦਲ ਨਾਲ ਜੁੜਿਆ ਰਿਹਾ ਹੈ ਤੇ ਖਾਲਸਾ 1974 ਬੈਂਜ ਦੇ ਭਾਰਤੀ ਵਿਦੇਸ਼ ਹਵਾਈ ਸੇਵਾ ਆਈ. ਐੱਫ. ਐੱਸ. ਦੇ ਅਫ਼ਸਰ ਰਹਿੰਦ ਚੁੱਕੇ ਹਨ ਤੇ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਹਰਿੰਦਰ ਸਿੰਘ ਖਾਲਸਾ ਨਾਰਵੇ 'ਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਹਨ।

1984 'ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਓਸਲੋ 'ਚ ਸਨ ਤੇ ਉਥੇ ਇਕ ਸਿਰਫ਼ ਅਜਿਹੇ ਆਈ. ਐੱਫ. ਐੱਸ. ਅਧਿਕਾਰੀ ਸੀ, ਜਿਨ੍ਹਾਂ ਨੇ ਸਿੱਖ ਦੰਗਿਆਂ ਦੇ ਵਿਰੋਧ ਵਿਚ ਨੌਕਰੀ ਨੂੰ ਅਲਵਿਦਾ ਆਖ ਦਿੱਤਾ ਸੀ ਤੇ ਸ੍ਰੀ ਦਰਬਾਰ ਸਾਹਿਬ 'ਚ ਆਪ੍ਰੇਸ਼ਨ ਬਲਿਊ ਸਟਾਰ ਦੇ ਵਿਰੋਧ 'ਚ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਰਾਜਦੂਤ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਐੱਮ. ਪੀ. ਖਾਲਸਾ ਦੇ ਪਿਤਾ ਬਾਬਾ ਭੀਮ ਰਾਓ ਅੰਬੇਡਕਰ ਦੇ ਬਹੁਤ ਹੀ ਕਰੀਬੀ ਰਹੇ ਹਨ ਤੇ 1996 'ਚ ਪਹਿਲੀ ਵਾਰ ਅਕਾਲੀ ਦਲ ਬਾਦਲ ਦੀ ਟਿਕਟ 'ਤੇ ਲੋਕ ਸਭਾ ਬਠਿੰਡਾ ਸੀਟ ਤੋਂ ਚੁਣੇ ਗਏ ਸਨ ਤੇ ਫਿਰ 2014 'ਚ ਫਤਿਹਗੜ੍ਹ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਫਿਰ ਤੋਂ ਚੁਣੇ ਗਏ ਸਨ ਪਰ ਛੇਤੀ ਹੀ ਉਨ੍ਹਾਂ ਦਾ ਆਪ ਪਾਰਟੀ ਤੋਂ ਮੋਹ ਭੰਗ ਹੋ ਗਿਆ ਸੀ। ਉਨ੍ਹਾਂ ਪਿਛਲੇ ਦਿਨਾਂ ਐਲਾਨ ਕੀਤਾ ਸੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਣਗੇ। ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਖਾਲਸਾ ਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਹੱਕ 'ਚ ਚੋਣ ਪ੍ਰਚਾਰ ਕਰਨਾ ਬਹੁਤ ਹੀ ਮਾਈਨੇ ਰੱਖਦਾ ਹੈ ਤੇ ਖਾਲਸਾ ਨੂੰ ਇਸ ਹਲਕੇ ਦੇ ਲੋਕ ਇਕ ਬਹੁਤ ਹੀ ਈਮਾਨਦਾਰ ਨੇਤਾ ਵਜੋਂ ਦੇਖਦੇ ਹਨ।

 


author

Anuradha

Content Editor

Related News