ਬੀਮਾਰ ਮਾਨਸਿਕਤਾ ਦੀਆਂ ਨਿਸ਼ਾਨੀਆਂ ਗੁੱਤਾਂ ਕੱਟਣ ਦੀਆਂ ਘਟਨਾਵਾਂ: ਟਿੱਬਾ

08/21/2017 4:44:19 PM

ਸੁਲਤਾਨਪੁਰ ਲੋਧੀ (ਧੰਜੂ)— ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਟਿੱਬਾ ਦੀ ਬੀਤੇ ਦਿਨ ਇਕ ਮੀਟਿੰਗ ਪਿੰਡ ਟਿੱਬਾ ਵਿਖੇ ਮਾ. ਰਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਕਾਈ ਦੇ ਮੈਂਬਰਾਂ ਨੇ ਹਿੱਸਾ ਲਿਆ। ਸੁਰਜੀਤ ਸਿੰਘ ਟਿੱਬਾ ਜ਼ੋਨ ਮੀਡੀਆ ਮੁਖੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਸੁਸਾਇਟੀ ਨੇ ਅੱਜਕੱਲ ਗੁੱਤਾਂ ਕੱਟਣ ਦੀਆਂ ਵਾਪਰ ਰਹੀਆਂ ਘਟਨਾਵਾਂ ਦਾ ਨੋਟਿਸ ਲਿਆ। ਮਾ. ਜਸਵੀਰ ਸਿੰਘ ਨੇ ਦੱਸਿਆ ਕਿ ਇਹ ਵਾਪਰ ਰਹੀਆਂ ਘਟਨਾਵਾਂ ਬੀਮਾਰ ਮਾਨਸਿਕਤਾ ਦੀ ਨਿਸ਼ਾਨੀਆਂ ਹਨ, ਨਾ ਕਿ ਕਿਸੇ ਗੈਬੀ ਸ਼ਕਤੀ ਦੀ ਦੇਣ। ਸੁਰਜੀਤ ਟਿੱਬਾ ਨੇ ਕਿਹਾ ਕਿ ਔਰਤਾਂ ਘਰੇਲੂ ਸਮੱਸਿਆਵਾਂ, ਇਛਾਵਾਂ ਦੀ ਪੂਰਤੀ ਵਿੱਚ ਅੜਿੱਕਾ ਅਤੇ ਸਮਾਜਿਕ ਹਲਾਤਾਂ ਨਾਲ ਗ੍ਰਸਤ ਹੋ ਕੇ ਇਹ ਕਾਰੇ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਵਾਪਰੀਆਂ ਸਾਰੀਆਂ ਘਟਨਾਵਾਂ ਦੀ ਪੜਤਾਲ ਤਰਕਸੀਲਾਂ ਨੇ ਕੀਤੀ ਹੈ ਤੇ ਕਿਸੇ ਵੀ ਘਟਨਾ ਪਿੱਛੇ ਗੈਬੀ ਸ਼ਕਤੀ ਨਹੀਂ ਪਾਈ ਗਈ ਸਗੋਂ ਇਹ ਸਭ ਸਾਰੇ ਮਨੁੱਖੀ ਹੱਥਾਂ ਦੀ ਹੀ ਸਫਾਈ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਪੰਜ ਲੱਖ ਦਾ ਇਨਾਮ ਉਸ ਵਿਅਕਤੀ ਨੂੰ ਦੇਣ ਲਈ ਤਿਆਰ ਹੈ, ਜੋ ਗੈਬੀ ਸ਼ਕਤੀ ਨਾਲ ਕਿਸੇ ਦੇ ਵਾਲ ਕੱਟ ਕੇ ਦਿਖਾਵੇ। ਸ਼੍ਰੀ ਟਿੱਬਾ ਨੇ ਕਿਹਾ ਕਿ ਮੀਡੀਆ ਇਹੋ ਜਿਹੀਆਂ ਘਟਨਾਵਾਂ ਦਾ ਨੋਟਿਸ ਲੈਣਾ ਬੰਦ ਕਰ ਦੇਵੇ ਤਾਂ ਘਟਨਾਵਾਂ ਬੰਦ ਹੋ ਸਕਦੀਆਂ ਹਨ ਕਿਉਂਕਿ ਕੁਝ ਲੋਕ ਇਸ ਤਰੀਕੇ ਫੋਕੀ ਸ਼ੋਹਰਤ ਕਾਰਨ ਇਹੋ ਜਿਹੇ ਕਾਰੇ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਘਟਨਾਵਾਂ ਸਦਾ ਵਰਗ ਜਾਂ ਇਸ ਤੋਂ ਹੇਠਲੇ ਤਬਕੇ ਵਿਚ ਵਾਪਰ ਰਹੀਆਂ ਹਨ। ਅਮੀਰ ਜਾਂ ਲੀਡਰਾਂ ਦੇ ਘਰਾਂ ਦੀਆਂ ਔਰਤਾਂ ਦੀਆਂ ਗੁੱਤਾਂ ਕਿਉਂ ਨਹੀਂ ਕੱਟ ਹੁੰਦੀਆਂ। ਮਾ. ਰਾਮ ਸਿੰਘ ਨੇ ਕਿਹਾ ਕਿ ਅੱਜ 21ਵੀਂ ਸਦੀ 'ਚ ਵੀ ਅਸੀਂ ਮਾਨਸਿਕ ਤੌਰ 'ਤੇ ਬੀਮਾਰ ਚਲ ਰਹੇ ਹਾਂ। ਇਸ ਮੌਕੇ ਮਾ. ਕਰਨੈਲ ਸਿੰਘ, ਸ਼ਸ਼ੀ ਸ਼ਰਮਾ, ਜਸਦੀਪ ਮੈਰੀਪੁਰ, ਜ਼ੋਰਾਵਰ ਸਿੰਘ, ਜਤਿੰਦਰ ਰਾਜੂ, ਹਰਜਿੰਦਰ ਸਿੰਘ ਅਤੇ ਤਰਕਸ਼ੀਲ ਦੇ ਮੈਂਬਰ ਹਾਜ਼ਰ ਸਨ।


Related News