ਕਿਸਾਨ ਜਥੇਬੰਦੀਆਂ 25 ਨੂੰ ਕਰਨਗੀਆਂ ਬੁੱਟਰ ਮਿੱਲ ਦਾ ਘਿਰਾਓ

Wednesday, Nov 20, 2019 - 03:38 PM (IST)

ਕਿਸਾਨ ਜਥੇਬੰਦੀਆਂ 25 ਨੂੰ ਕਰਨਗੀਆਂ ਬੁੱਟਰ ਮਿੱਲ ਦਾ ਘਿਰਾਓ

ਸ੍ਰੀ ਹਰਗੋਬਿੰਦਪੁਰ (ਬਾਬਾ, ਗੁਰਪ੍ਰੀਤ) : ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਜ਼ੋਨ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ 25 ਨਵੰਬਰ ਨੂੰ ਬੁੱਟਰ ਮਿੱਲ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਹੁਸ਼ਿਆਰਪੁਰ ਦੇ ਸੀਨੀਅਰ ਆਗੂ ਕਸ਼ਮੀਰ ਸਿੰਘ ਫੱਤਾਕੁੱਲਾ ਨੇ ਦੱਸਿਆ ਕਿ ਬੁੱਟਰ ਮਿੱਲ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ 10 ਕਿਸਾਨਾਂ ਦਾ ਗੰਨਾ ਬਾਂਡ ਨਹੀਂ ਕੀਤਾ ਗਿਆ ਜਦਕਿ ਇਸ ਸਬੰਧੀ ਡੀ. ਸੀ. ਗੁਰਦਾਸਪੁਰ ਅਤੇ ਅੰਮ੍ਰਿਤਸਰ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਪਰ ਕਿਸਾਨਾਂ ਦਾ ਗੰਨਾ ਬਾਂਡ ਨਾ ਕੀਤਾ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ। ਕਿਉਂਕਿ ਇਨ੍ਹਾਂ ਕਿਸਾਨਾਂ ਨੇ ਆਪਣਾ ਬਣਦਾ ਹੱਕ ਅਤੇ ਮਿੱਲਾਂ ਤੋਂ ਬਣਦੀ ਬਕਾਇਆ ਰਕਮ ਲੈਣ ਲਈ ਇਨ੍ਹਾਂ ਪ੍ਰਾਈਵੇਟ ਮਿੱਲਾਂ ਖਿਲਾਫ ਮੋਰਚਾ ਖੋਲ੍ਹਿਆ ਸੀ।

ਫੱਤਾਕੁੱਲਾ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਇਕ ਵਫਦ ਦੇ ਤੌਰ 'ਤੇ ਅੱਜ ਮਿੱਲ ਮੈਨੇਜਮੈਂਟ ਕੀੜੀ ਅਫਗਾਨਾ ਨੂੰ ਮਿਲੇ ਸੀ ਅਤੇ ਪਿਛਲੇ ਸੀਜ਼ਨ ਦਾ ਬਾਕਾਇਆ ਲਗਭਗ 95 ਕਰੋੜ ਰੁਪਏ ਅਦਾ ਕਰਨ ਲਈ ਆਖਿਆ ਗਿਆ ਸੀ ਪਰ ਕੋਈ ਠੋਸ ਜਵਾਬ ਮੈਨੇਜਮੈਂਟ ਵੱਲੋਂ ਨਹੀਂ ਦਿੱਤਾ ਗਿਆ, ਜਿਸਦੇ ਕਾਰਣ ਜੇਕਰ ਜਲਦ ਮਿੱਲ ਕੀੜੀ ਅਫਗਾਨਾ ਵਲੋਂ ਕਿਸਾਨਾਂ ਦੀ ਪੇਮੈਂਟ ਜਾਰੀ ਨਹੀਂ ਕੀਤੀ ਜਾਂਦੀ ਤਾਂ ਇਨ੍ਹਾਂ ਖਿਲਾਫ ਵੀ ਮੋਰਚਾ ਖੋਲ੍ਹਿਆ ਜਾਵੇਗਾ, ਜਿਸਦੀ ਜ਼ਿੰਮੇਵਾਰੀ ਮਿੱਲ ਮੈਨੇਜਮੈਂਟ ਦੀ ਹੋਵੇਗੀ।


author

Baljeet Kaur

Content Editor

Related News