ਹਰਚੰਦ ਸਿੰਘ ਬਰਸਟ ਨੂੰ ਲਾਇਆ ਕੌਸਾਂਬ ਦਾ ਚੇਅਰਮੈਨ
Saturday, Nov 30, 2024 - 01:30 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਦੇ ਮੰਡੀਕਰਣ ਸਿਸਟਮ ਲਈ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਦੇ ਚੱਲਦਿਆਂ ਉਨ੍ਹਾਂ ਨੂੰ ਨੈਸ਼ਨਲ ਕੌਂਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕੌਸਾਬ), ਨਵੀਂ ਦਿੱਲੀ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸ ਦਾ ਐਲਾਨ ਅੱਜ ਕੌਸਾਂਬ ਦੇ ਮੈਨੇਜਿੰਗ ਡਾਇਰੈਕਟਰ ਡਾ. ਜੇ. ਐੱਸ. ਯਾਦਵ ਵੱਲੋਂ ਕਿਸਾਨ ਭਵਨ ਵਿਖੇ ਆਯੋਜਿਤ ਸਮਾਗਮ ਦੇ ਦੌਰਾਨ ਕੀਤਾ ਗਿਆ।
ਹਰਚੰਦ ਸਿੰਘ ਬਰਸਟ ਕੈਸਾਂਬ ਦੇ 21ਵੇਂ ਚੇਅਰਮੈਨ ਬਣੇ ਹਨ। ਇਸ ਦੌਰਾਨ ਆਦਿਤਿੱਯ ਦੇਵੀਲਾਲ ਚੌਟਾਲਾ, ਵਿਧਾਇਕ ਡੱਬਵਾਲੀ, ਹਰਿਆਣਾ ਅਤੇ ਸਾਬਕਾ ਚੇਅਰਮੈਨ ਕੈਸਾਂਬ ਵੱਲੋਂ ਹਰਚੰਦ ਸਿੰਘ ਬਰਸਟ ਨੂੰ ਰਸਮੀ ਤੌਰ 'ਤੇ ਕੌਸਾਂਬ ਦੀ ਵਾਂਗਡੋਰ ਸੌਂਪੀ ਗਈ। ਇਸ ਮੌਕੇ ਬਰਸਟ ਨੇ ਡਾ. ਜੇ. ਐੱਸ. ਯਾਦਵ ਸਮੇਤ ਕੌਸਾਂਬ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦੁਆਇਆ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਬਰਸਟ ਨੇ ਕਿਹਾ ਕਿ ਕਿਸਾਨ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਦੀ ਪੈਦਾਵਾਰ ਕਰਕੇ ਸਾਰਿਆਂ ਦਾ ਪੇਟ ਭਰਦੇ ਹਨ, ਇਸ ਲਈ ਉਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਫਲਾਂ ਸਮੇਤ ਅਨਾਜ ਦੀ ਪੈਦਾਵਾਰ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ। ਕਿਸਾਨ ਦੀ ਉਪਜ ਤੋਂ ਲੈ ਕੇ ਫ਼ਸਲ ਦੇ ਮੰਡੀ ਵਿੱਚ ਆਉਣਾ ਅਤੇ ਕੰਜ਼ੀਊਮਰ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਨਰੋਏ ਢੰਗ ਨਾਲ ਹੋਣਾ ਬਹੁਤ ਜ਼ਰੂਰੀ ਹੈ। ਅੱਜ ਸਾਰਿਆਂ ਦੇ ਖਾਣ-ਪੀਣ ਦਾ ਢੰਗ ਬਦਲ ਰਿਹਾ ਹੈ, ਇਸ ਲਈ ਅਧੁਨਿਕੀਕਰਨ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਭਾਰਤ ਦੇ ਮੰਡੀ ਸਿਸਟਮ ਨੂੰ ਇੱਕ ਮਾਲਾ ਵਿੱਚ ਪਿਰੋਣਾ ਜ਼ਰੂਰੀ ਹੈ ਅਤੇ ਅਸੀਂ ਭਾਰਤ ਵਿੱਚ ਮੰਡੀਕਰਣ ਸਿਸਟਮ ਨੂੰ ਅਪਗਰੇਡ ਕਰਕੇ ਚੰਗੇ ਢੰਗ ਨਾਲ ਚਲਾਵਾਂਗੇ।