ਚੋਣਾਂ ''ਚ ਧੋਖੇਬਾਜ਼ ਨੂੰ ਲੋਕ ਦੇਣਗੇ ਮੋੜਵਾਂ ਜਵਾਬ : ਹਰਚੰਦ ਸਿੰਘ ਬਰਸਟ

06/27/2024 5:06:58 PM

ਚੰਡੀਗੜ੍ਹ/ਜਲੰਧਰ : ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪਛੱਮੀ ਜਲੰਧਰ ਦੀ ਜ਼ਿਮਨੀ ਚੋਣ 'ਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਦੇ ਪੱਖ 'ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਪਾਰਟੀ ਵਰਕਰਾਂ ਤੇ ਵਲੰਟੀਅਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 2 ਸਾਲਾਂ 'ਚ ਕੀਤੇ ਗਏ ਕੰਮਾ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ ਅਤੇ ਲੋਕ ਵੀ ਆਪ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਬਹੁਤ ਖੁਸ਼ ਹਨ ਅਤੇ ਵਿਧਾਨ ਸਭਾ ਹਲਕਾ ਪਛੱਮੀ ਜਲੰਧਰ ਦੀ ਜ਼ਿਮਨੀ ਚੋਣ 'ਚ ਆਪ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣਗੇ।

ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 'ਤੇ ਵਰ੍ਹਦੇ ਹੋਏ ਬਰਸਟ ਨੇ ਕਿਹਾ ਕਿ ਭਾਜਪਾ 'ਚ ਸ਼ਾਮਲ ਹੋ ਕੇ ਸ਼ੀਤਲ ਅੰਗੁਰਾਲ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ। ਆਪਣੇ ਨਿੱਜੀ ਸਵਾਰਥਾਂ ਨੂੰ ਅੱਗੇ ਰੱਖਦੇ ਹੋਏ ਸ਼ੀਤਲ ਅੰਗੁਰਾਲ ਜਲੰਧਰ ਵਾਸੀਆਂ ਨੂੰ ਅਣਦੇਖਿਆਂ ਕਰਕੇ ਭਾਜਪਾ 'ਚ ਸ਼ਾਮਲ ਹੋਏ ਹਨ ਅਤੇ ਵਿਧਾਇਕ ਦਾ ਅਹੁਦਾ ਛੱਡ ਕੇ ਦੁਬਾਰਾ ਚੋਣ ਕਰਾਉਣ ਦਾ ਵਿੱਤੀ ਬੋਝ ਵਧਾਇਆ ਹੈ। ਪਿਛਲੀ ਵਾਰ ਵੀ ਲੋਕਾਂ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੋਣ ਕਰਕੇ ਜਿੱਤਾਇਆ ਸੀ, ਪਰ ਸ਼ੀਤਲ ਨੇ ਲੋਕਾਂ ਨੂੰ ਧੋਖਾ ਦੇਣ ਅਤੇ ਆਪਣੇ ਫ਼ਰਜ਼ਾਂ ਤੋਂ ਭੱਜਣ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੇ ਕਦੇ ਵੀ ਕਿਸੇ ਵਿਸ਼ਵਾਸਘਾਤੀ ਦਾ ਸਾਥ ਨਹੀਂ ਦਿੱਤਾ ਅਤੇ ਲੋਕ ਆਪਣੇ ਨਾਲ ਹੋਏ ਧੋਖੇ ਲਈ ਉਸ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਚੋਣ ਵਿੱਚ ਉਸ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ ਅਤੇ ਉਸ ਦੇ ਖ਼ਿਲਾਫ਼ ਆਪਣੇ ਵੋਟ ਪਾ ਕੇ ਮੌੜਵਾਂ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਚੋਣਾਂ ਦੌਰਾਨ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਤਾਂ ਕਰ ਦਿੰਦੀਆਂ ਹਨ, ਪਰ ਉਨ੍ਹਾਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾਂਦਾ ਸੀ। ਇਸੇ ਲਈ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਉਤਾਰ ਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਹੈ। ਲੋਕਾਂ ਨੂੰ ਕੀਤੇ ਝੂਠੇ ਵਾਅਦਿਆਂ ਦੇ ਕਾਰਨ ਅੱਜ ਇਹ ਤਿੰਨੇ ਪਾਰਟੀਆਂ ਪੰਜਾਬ ਦੀ ਸੱਤਾ ਤੋਂ ਦੂਰ ਹਨ ਅਤੇ ਹੁਣ ਇੱਕ ਵਾਰ ਫਿਰ ਤੋਂ ਇਹ ਪਾਰਟੀਆਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਜਿੱਤ ਹਾਸਲ ਕਰਨ ਦੀ ਹੋੜ ਵਿੱਚ ਲੱਗੀਆਂ ਹੋਈਆ ਹਨ, ਪਰ ਲੋਕ ਇਨ੍ਹਾਂ ਦਾ ਅਸਲੀ ਚਿਹਰਾ ਪਛਾਣ ਚੁੱਕੇ ਹਨ। 


Babita

Content Editor

Related News