ਰਾਜ ਸਭਾ ’ਚ ਗਾਇਬ ਰਹਿਣ ਸਬੰਧੀ ਕ੍ਰਿਕਟਰ ਹਰਭਜਨ ਸਿੰਘ ਨੂੰ ਲੈ ਕੇ ਛਿੜੀ ਨਵੀਂ ਚਰਚਾ
Saturday, Jul 22, 2023 - 12:06 PM (IST)
ਜਲੰਧਰ (ਅਨਿਲ ਪਾਹਵਾ)– ਕ੍ਰਿਕਟਰ ਹਰਭਜਨ ਸਿੰਘ ਜੋ ਹੁਣ ਸਿਆਸਤਦਾਨ ਵੀ ਬਣ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣਾਏ ਗਏ ਹਨ, ਲਗਾਤਾਰ ਚਰਚਾ ਵਿਚ ਹਨ। ਜਲੰਧਰ ਤੋਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਪਰ ਉਹ ਜਲੰਧਰ ਆਉਣ ਤੋਂ ਪਿਛਲੇ ਕਾਫ਼ੀ ਸਮੇਂ ਤੋਂ ਕਤਰਾ ਰਹੇ ਸਨ। ਹੜ੍ਹ ਵਿਚ ਡੁੱਬੇ ਲੋਕਾਂ ਦੀਆਂ ਦਾਸਤਾਨ ਵੀ ਉਨ੍ਹਾਂ ਨੂੰ ਜ਼ਿਆਦਾ ਦੇਰ ਪਿਘਲਾ ਨਹੀਂ ਸਕੀ ਪਰ ਅਖ਼ੀਰ ਉਹ ਲੋਕਾਂ ਦਾ ਹਾਲ ਪੁੱਛਣ ਆ ਹੀ ਗਏ।
ਹੁਣ ਇਕ ਵਾਰ ਮੁੜ ਹਰਭਜਨ ਸਿੰਘ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਇਹ ਚਰਚਾ ਹੈ ਉਨ੍ਹਾਂ ਦੇ ਸੰਸਦ ਵਿਚੋਂ ਗਾਇਬ ਰਹਿਣ ਦੀ। ਫਰਵਰੀ ਵਿਚ ਬਜਟ ਸੈਸ਼ਨ ਦੌਰਾਨ ਹਰਭਜਨ ਸਿੰਘ ਨੇ ਇਕ ਵੀ ਦਿਨ ਸੈਸ਼ਨ ਵਿਚ ਹਿੱਸਾ ਨਹੀਂ ਲਿਆ। ਰਾਜ ਸਭਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 10 ਦਿਨ ਦੇ ਸੈਸ਼ਨ ਦੌਰਾਨ ਹਰਭਜਨ ਸਿੰਘ ਇਕ ਵਾਰ ਵੀ ਹਾਜ਼ਰ ਨਹੀਂ ਹੋਏ। ਜੇ ਹਾਊਸ ਵਿਚ ਹਾਜ਼ਰੀ ਹੀ ਦਰਜ ਨਹੀਂ ਹੋਈ ਤਾਂ ਜਲੰਧਰ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਕਿਵੇਂ ਰੱਖੀ ਗਈ ਹੋਵੇਗੀ।
ਇਹ ਵੀ ਪੜ੍ਹੋ- ਜਲੰਧਰ ਦੇ BMC ਚੌਂਕ 'ਤੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਕੈਂਟਰ ਨਾਲ ਲਟਕਦੀ ਲਾਸ਼ ਵੇਖ ਲੋਕਾਂ ਦੇ ਸਾਹ ਸੂਤੇ
ਪੀ. ਆਰ. ਐੱਸ. ਇੰਡੀਆ ਦੇ ਡਾਟਾ ਅਨੁਸਾਰ ਹਰਭਜਨ ਸਿੰਘ 10 ਅਪ੍ਰੈਲ 2022 ਨੂੰ ਰਾਜ ਸਭਾ ਮੈਂਬਰ ਬਣਾਏ ਗਏ ਸਨ। ਰਾਜ ਸਭਾ ਵਿਚ ਉਨ੍ਹਾਂ ਦੀ ਹਾਜ਼ਰੀ ’ਤੇ ਆਧਾਰਤ ਅੰਕੜਿਆਂ ਅਨੁਸਾਰ ਉਨ੍ਹਾਂ ਸਿਰਫ਼ 55 ਫ਼ੀਸਦੀ ਹਾਜ਼ਰੀ ਦਰਜ ਕਰਵਾਈ ਹੈ। ਸੰਸਦ ਵਿਚ ਮੌਜੂਦ ਮੈਂਬਰਾਂ ਦੇ ਅੰਕੜਿਆਂ ਅਨੁਸਾਰ ਕੌਮੀ ਪੱਧਰ ’ਤੇ ਇਸ ਦੀ ਔਸਤ 78 ਫ਼ੀਸਦੀ ਹੈ। ਇਹੀ ਨਹੀਂ, ਸੰਸਦ ਮੈਂਬਰ ਨੇ ਆਪਣੇ ਇਸ ਕਾਰਜਕਾਲ ਦੌਰਾਨ ਸਿਰਫ਼ ਇਕੋ ਡਿਬੇਟ ਵਿਚ ਹਿੱਸਾ ਲਿਆ ਹੈ। 3 ਅਗਸਤ 2022 ਨੂੰ ਸੈਸ਼ਨ ਦੌਰਾਨ ਹਰਭਜਨ ਸਿੰਘ ਨੇ ਅਫਗਾਨਿਸਤਾਨ ਵਿਚ ਸਿੱਖਾਂ ਅਤੇ ਗੁਰਦੁਆਰਿਆਂ ’ਤੇ ਹੋਏ ਹਮਲਿਆਂ ਸਬੰਧੀ ਸਵਾਲ ਉਠਾਇਆ ਸੀ। ਉਂਝ ਹੁਣ ਤਕ ਦੇ ਆਪਣੇ ਸੈਸ਼ਨ ਦੌਰਾਨ ਹਰਭਜਨ ਸਿੰਘ ਹਾਊਸ ਵਿਚ 70 ਸਵਾਲ ਪੁੱਛ ਚੁੱਕੇ ਹਨ ਜਿਨ੍ਹਾਂ ਵਿਚ ਪੇਂਡੂ ਵਿਕਾਸ, ਸਿਵਲ ਐਵੀਏਸ਼ਨ, ਜਲ ਸ਼ਕਤੀ, ਇੰਡਸਟਰੀ, ਵਣਜ ਆਦਿ ਨਾਲ ਸਬੰਧਤ ਸਵਾਲ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ