ਹਰਭਜਨ ਸਿੰਘ ਤੇ ਅਰਵਿੰਦ ਖੰਨਾ ਨੇ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੱਧੂ ਵੱਲੋਂ ਚਲਾਈ ਮੁਹਿੰਮ ਦੀ ਕੀਤੀ ਸ਼ਲਾਘਾ

04/19/2022 5:54:27 PM

ਸੰਗਰੂਰ (ਵਿਵੇਕ ਸਿੰਧਵਾਨੀ) :  ਜ਼ਿਲ੍ਹਾ ਪੁਲਸ ਮੁਖੀ ਸਰਦਾਰ ਮਨਦੀਪ ਸਿੰਘ ਸਿੱਧੂ ਵੱਲੋਂ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਭਰਾਵਾਂ ਦੀਆਂ ਲੜਕੀਆਂ, ਜਿਹੜੀਆਂ ਲੋੜਵੰਦ ਹਨ ਅਤੇ ਪੜ੍ਹਨ ਦੀਆਂ ਇਛੁੱਕ ਹਨ, ਲਈ ਵਿੱਤੀ ਸਹਾਇਤਾ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਲਈ ਉਨ੍ਹਾਂ ਵੱਲੋਂ ਆਪਣੀ ਪਹਿਲੀ ਤਨਖਾਹ 51 ਹਜ਼ਾਰ ਰੁਪਏ ਅਤੇ ਜਦੋਂ ਤੱਕ ਉਹ ਐੱਸ. ਐੱਸ. ਪੀ. ਸੰਗਰੂਰ ਹਨ ਉਦੋਂ ਤੱਕ ਹਰ ਮਹੀਨੇ ਆਪਣੀ ਤਨਖਾਹ ਵਿਚੋਂ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਇਸ ਮੁਹਿੰਮ ਨੂੰ ਉਦਯੋਗਿਕ ਘਰਾਣਿਆਂ ਅਤੇ ਵੱਖ-ਵੱਖ ਸਿਆਸੀ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਭਰਵਾਂ ਸਮਰਥਨ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਇਸ ਪਹਿਲ ਤੋਂ ਬਾਅਦ ਸਭ ਤੋਂ ਪਹਿਲਾਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਡਾ. ਰਾਜਿੰਦਰ ਗੁਪਤਾ ਨੇ ਆਪਣੇ ਵੱਲੋਂ ਇਸ ਮੁਹਿੰਮ ਵਿਚ 21 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਸੀ, ਉਥੇ ਹੀ ਦੋ ਦਿਨ ਬਾਅਦ ਹੀ ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ. ਏ. ਆਰ ਸ਼ਰਮਾ ਵੱਲੋਂ ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਨਾਲ ਲੈ ਕੇ ਪੜ੍ਹੋ ਪੰਜਾਬ ਮੁਹਿੰਮ ਦੇ ਤਹਿਤ ਧੂਰੀ ਬਲਾਕ ਦੇ 3184 ਵਿਦਿਆਰਥੀਆਂ ਨੂੰ ਕਰੀਬ ਲੱਖ ਰੁਪਏ ਦੀ ਰਾਸ਼ੀ ਵੰਡੀ ਗਈ।

PunjabKesari

ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੱਧੂ ਦੀ ਇਸ ਮੁਹਿੰਮ ਤੋਂ ਖੁਸ਼ ਹੋ ਕੇ ਟਵੀਟ ਕੀਤਾ ਹੈ ਕਿ ਬਹੁਤ ਵਧੀਆ ਦਿਲ ਖੁਸ਼ ਕਰ ਦਿੱਤਾ ਜੀ ਤੁਸੀਂ ਵਾਹਿਗੁਰੂ ਮਿਹਰ ਕਰੇ। ਸਾਨੂੰ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਦੀ ਲੋੜ ਹੈ ਅਤੇ ਤੁਹਾਨੂੰ ਮੇਰਾ ਸਲਿਊਟ ਹੈ। ਇਸੇ ਤਰ੍ਹਾਂ ਦੇਸ਼ ਦੇ ਉੱਘੇ ਉਦਯੋਗਪਤੀ ਅਤੇ ਸੀਨੀਅਰ ਭਾਜਪਾ ਆਗੂ ਅਰਵਿੰਦ ਖੰਨਾ ਸਾਬਕਾ ਵਿਧਾਇਕ ਨੇ ਆਪਣੀ ਫੇਸਬੁੱਕ ਵਾਲ ’ਤੇ ਲਿਖਿਆ ਕਿ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਧੀਆਂ ਦੀ ਆਰਥਿਕ ਮਦਦ ਕਰਨ ਵਾਲੇ ਜ਼ਿਲ੍ਹਾ ਸੰਗਰੂਰ ਦੇ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਹਮੇਸ਼ਾ ਹੀ ਗ਼ਰੀਬਾਂ ਅਤੇ ਲੋੜਵੰਦਾਂ ਦੇ ਹਮਦਰਦ ਬਣੇ ਹਨ ਅਤੇ ਉਹ ਉੱਚ ਅਹੁਦਿਆਂ ਤੇ ਬੈਠੇ ਅਫ਼ਸਰਾ ਲਈ ਚਾਨਣ ਮੁਨਾਰਾ ਹਨ, ਉਨ੍ਹਾਂ ਕਿਹਾ ਰੱਬ ਕਰੇ ਕਿ ਸਿੱਧੂ ਸਾਬ੍ਹ ਸਾਡੇ ਸੰਗਰੂਰ ਦਾ ਸ਼ਿੰਗਾਰ ਹਮੇਸ਼ਾ ਲਈ ਹੀ ਬਣੇ ਰਹਿਣ।

 


Gurminder Singh

Content Editor

Related News