ਬਿੱਲ ਜਮ੍ਹਾ ਕਰਵਾਉਣ ਲਈ ਪ੍ਰੇਸ਼ਾਨ ਹੋਏ ਪਾਵਰਕਾਮ ਉਪਭੋਗਤਾ

Wednesday, Oct 04, 2017 - 01:40 AM (IST)

ਬਿੱਲ ਜਮ੍ਹਾ ਕਰਵਾਉਣ ਲਈ ਪ੍ਰੇਸ਼ਾਨ ਹੋਏ ਪਾਵਰਕਾਮ ਉਪਭੋਗਤਾ

ਰੂਪਨਗਰ, (ਕੈਲਾਸ਼)- ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ ਅੱਜ ਸਮੇਂ 'ਤੇ ਬਿੱਲ ਨਾ ਜਮ੍ਹਾ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਭੋਗਤਾਵਾਂ ਨੇ ਦੱਸਿਆ ਕਿ ਅੱਜ ਉਹ ਸਵੇਰੇ 9 ਵਜੇ ਦਫਤਰ ਖੁੱਲ੍ਹਣ ਸਮੇਂ ਬਿੱਲ ਜਮ੍ਹਾ ਕਰਵਾਉਣ ਲਈ ਲਾਈਨ 'ਚ ਲੱਗੇ ਪਰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਨੂੰ ਬਿੱਲ ਜਮ੍ਹਾ ਕਰਵਾਉਣ ਲਈ ਠੋਸ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਹੋਰ ਕਰਮਚਾਰੀ ਤਾਇਨਾਤ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਲੋਕਾਂ ਨੇ ਦੱਸਿਆ ਕਿ ਵਿਭਾਗ ਦੇ ਦਫਤਰ ਦੇ ਬਾਹਰ, ਜੋ ਬਿੱਲ ਜਮ੍ਹਾ ਕਰਵਾਉਣ ਦੀ ਮਸ਼ੀਨ ਸਥਾਪਤ ਕੀਤੀ ਗਈ ਸੀ, ਉਹ ਵੀ ਬੰਦ ਪਈ ਹੈ, ਜਿਸ ਕਾਰਨ ਲੋਕਾਂ ਨੂੰ ਲਾਈਨਾਂ 'ਚ ਲੱਗਣ ਤੋਂ ਇਲਾਵਾ ਕੋਈ ਹੋਰ ਸਾਧਨ ਦਿਖਾਈ ਨਹੀਂ ਦਿੰਦਾ।
ਕੀ ਕਹਿੰਦੇ ਨੇ ਵਿਭਾਗ ਦੇ ਐੱਸ. ਡੀ. ਓ.- ਵਿਭਾਗ ਦੇ ਐੱਸ. ਡੀ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਰਵਰ ਡਾਊਨ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਸਰਵਰ ਡਾਊਨ ਸੀ ਅਤੇ ਇਕ ਵਜੇ ਸਰਵਰ ਚਾਲੂ ਹੋਇਆ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਥਾਪਤ 132 ਕੇ. ਵੀ. 'ਚ ਬਿੱਲ ਜਮ੍ਹਾ ਕਰਵਾਉਣ ਦੀ ਮਸ਼ੀਨ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਪੁਰਾਣੇ ਦਫਤਰ ਤੋਂ ਉਕਤ ਮਸ਼ੀਨ ਨੂੰ ਸੁਵਿਧਾ ਕੇਂਦਰ 'ਚ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਲਾਈਨ 'ਚ ਲੱਗਣ ਦੀ ਬਜਾਏ ਈ-ਬੈਂਕਿੰਗ, ਪੇ-ਟੀ. ਐੱਮ., ਏ. ਟੀ. ਐੱਮ. ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ।


Related News