ਲੀਡਿੰਗ ਏਅਰ ਕਰਾਫਟਮੈਨ ਸੁਨੀਲ ਕੁਮਾਰ ਨੂੰ ਸ਼ੌਰਿਆ ਚੱਕਰ ਮਿਲਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ
Friday, May 12, 2023 - 05:13 AM (IST)
ਦਸੂਹਾ (ਝਾਵਰ)-ਉੱਪ ਮੰਡਲ ਦਸੂਹਾ ਦੇ ਇਤਿਹਾਸਕ ਪਿੰਡ ਡਡਿਆਲ ਦੇ ਨੌਜਵਾਨ ਲੀਡਿੰਗ ਏਅਰ ਕਰਾਫਟਮੈਨ ਸੁਨੀਲ ਕੁਮਾਰ ਠਾਕੁਰ, ਜੋ ਭਾਰਤੀ ਏਅਰ ਫੋਰਸ ’ਚ 2018 ਵਿਚ ਭਰਤੀ ਹੋਏ ਸਨ, ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੂਰਮੂ ਵੱਲੋਂ 9 ਮਈ ਨੂੰ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਘਰੋਂ ਸੈਰ ਕਰਨ ਗਏ ਬਜ਼ੁਰਗ ਦਾ ਭੇਤਭਰੀ ਹਾਲਤ ’ਚ ਹੋਇਆ ਕਤਲ
ਇਸ ਸਬੰਧੀ ਪ੍ਰਾਪਤ ਸੂਚਨਾ ਅਨੁਸਾਰ ਨੌਜਵਾਨ ਸੁਨੀਲ ਕੁਮਾਰ ਠਾਕੁਰ ਲੀਡਿੰਗ ਏਅਰ ਕਰਾਫਟ ਗਰੁੜ ਕਮਾਂਡੋ ’ਚ ਭਰਤੀ ਹੋਏ ਸਨ। 25 ਸਾਲਾ ਇਸ ਨੌਜਵਾਨ ਨੇ ਆਪਣੀ ਡਿਊਟੀ ਨਿਭਾਉਂਦਿਆਂ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੈਲੀਕਾਪਟਰ ਤੋਂ 3000 ਹਜ਼ਾਰ ਫੁੱਟ ਤੋਂ ਜੰਪ ਕਰ ਕੇ 12 ਤੀਰਥ ਯਾਤਰੀਆਂ ਦੀ ਜਾਨ ਬਚਾਈ, ਜੋ ਭਾਰਤ ਦੇ ਸਭ ਤੋਂ ਉੱਚੇ ਤ੍ਰਿਕੂਟ ਰੋਪਵੇਅ ਝਾਰਖੰਡ ’ਚ ਫਸੇ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਇਕ ਵਾਰ ਫਿਰ ਸੀਵਰੇਜ ’ਚ ਗੈਸ, ਮੈਨਹੋਲ ਦਾ ਉੱਡਿਆ ਢੱਕਣ, ਵੇਖੋ ਕੀ ਹੋਇਆ ਸੜਕ ਦਾ ਹਾਲ
ਇਸ ਦੌਰਾਨ ਸੁਨੀਲ ਕੁਮਾਰ ਨੂੰ ਬਿਜਲੀ ਦੀਆਂ ਤਾਰਾਂ ਵਿਚ ਜਾਣਾ ਪਿਆ ਅਤੇ ਉਸ ਨੂੰ ਬਹੁਤ ਹੀ ਬਿਜਲੀ ਦੇ ਝਟਕੇ ਵੀ ਲੱਗੇ ਪਰ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਨ੍ਹਾਂ 12 ਯਾਤਰੀਆ ਦੀ ਜਾਨ ਬਚਾਉਣ ਵਿਚ ਸਫ਼ਲਤਾ ਪ੍ਰਾਪਤ ਕਰ ਲਈ। ਉਸ ਦੀ ਬਹਾਦਰੀ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਸ਼ੌਰਿਆ ਚੱਕਰ ਦੇਣ ਦਾ ਐਲਾਨ ਕੀਤਾ ਸੀ। ਜਿਥੇ ਉਸ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ, ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੀ ਮਾਣ ਪ੍ਰਾਪਤ ਹੋਇਆ।
ਇਹ ਖ਼ਬਰ ਵੀ ਪੜ੍ਹੋ : CBSE 10ਵੀਂ-12ਵੀਂ ਦੇ ਨਤੀਜੇ ਸਬੰਧੀ ਵਾਇਰਲ ਹੋਇਆ ਫ਼ਰਜ਼ੀ ਨੋਟਿਸ, ਬੋਰਡ ਨੇ ਟਵੀਟ ਕਰ ਕੀਤਾ ਅਲਰਟ
ਇਸ ਟੀਮ ’ਚ ਗਰੁੱਪ ਕੈਪਟਨ ਯੋਗੇਸ਼ਵਰ, ਫਲਾਈਟ ਲੈਫਟੀਨੈਂਟ ਤੇਜਪਾਲ ਨੂੰ ਵੀ ਬਹਾਦਰੀ ਵਿਖਾਉਣ ’ਤੇ ਸ਼ੌਰਿਆ ਚੱਕਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਨੇ ਕੁੱਲ 35 ਜਾਨਾਂ ਬਚਾਈਆਂ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਸ ਨੂੰ ਸ਼ੌਰਿਆ ਚੱਕਰ ਦੇਣ ਤੋਂ ਬਾਅਦ ਪਿੰਡ ਡਡਿਆਲ ਦੀ ਸਰਪੰਚ ਸ਼ਰਿਸ਼ਟਾ ਕੁਮਾਰੀ, ਯੁਚਰਾਜ, ਸਰਜੀਵਨ, ਸ਼ਕੁੰਤਲਾ ਦੇਵੀ, ਰਾਜੇਸ਼ ਕੁਮਾਰੀ, ਮਲਕੀਤ ਕੌਰ, ਰਵਿੰਦਰ ਸਿੰਘ, ਦਿਲਬਾਗ ਸਿੰਘ, ਸ਼ਿਵ ਕੁਮਾਰ ਸਾਬਕਾ ਸਰਪੰਚ, ਬਲਵੀਰ ਸਿੰਘ, ਮਦਨ ਲਾਲ, ਸਕੱਤਰ ਰਿਸ਼ੀ ਨੇ ਸ਼ੌਰੀਆ ਚੱਕਰ ਪ੍ਰਾਪਤ ਸੁਨੀਲ ਕੁਮਾਰ ਦੇ ਪਿਤਾ ਜਸਵੰਤ ਠਾਕੁਰ, ਮਾਤਾ ਸੰਜੋਗਤਾ ਦੇਵੀ ਤੇ ਹੋਰਨਾਂ ਨੂੰ ਵਧਾਈ ਦਿੱਤੀ ਅਤੇ ਮੂੰਹ ਵੀ ਮਿੱਠਾ ਕਰਵਾਇਆ। ਇਸ ਸਬੰਧੀ ਲਘੂ ਉਦਯੋਗ ਦੇ ਸਾਬਕਾ ਚੇਅਰਮੈਨ ਰਘੂਨਾਥ ਸਿੰਘ ਰਾਣਾ, ਭਾਜਪਾ ਸਿੱਖਿਆ ਸੈੱਲ ਪੰਜਾਬ ਦੇ ਕਨਵੀਨਰ ਪ੍ਰਿੰਸੀਪਲ ਬਲਕੀਸ਼ ਰਾਜ ਆਦਿ ਨੇ ਇਸ ਪ੍ਰਾਪਤੀ ’ਤੇ ਸੁਨੀਲ ਕੁਮਾਰ ਠਾਕੁਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਾਂ ਵੀ ਦਿੱਤੀਆਂ।