ਬਾਬਾ ਸਾਹਿਬ ਦਾ ਅਪਮਾਨ ਕਰਨ ਵਾਲੇ ਭਗਵੰਤ ਮਾਨ ਲਿਖ਼ਤੀ ਮੁਆਫ਼ੀ ਮੰਗਣ : ਹੰਸਰਾਜ ਹੰਸ
Friday, Jan 28, 2022 - 03:53 PM (IST)
ਜਲੰਧਰ (ਗੁਲਸ਼ਨ)– ਉੱਤਰ-ਪੂਰਬੀ ਦਿੱਲੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਵੀਰਵਾਰ ਜਲੰਧਰ ਦੇ ਲਾਜਪਤ ਨਗਰ ਵਿਚ ਸਥਿਤ ਭਾਜਪਾ ਦੇ ਚੋਣ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਆਪਣੇ ਗਲੇ ਵਿਚੋਂ ਹਾਰ ਲਾਹ ਕੇ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਪਾ ਕੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ। ਇਸ ਦੇ ਲਈ ਭਗਵੰਤ ਮਾਨ ਲਿਖਤੀ ਮੁਆਫ਼ੀ ਮੰਗਣ।
ਇਹ ਵੀ ਪੜ੍ਹੋ: ਮਹਿਤਪੁਰ ਥਾਣੇ ਦੇ ਮੁਲਾਜ਼ਮ ਨੇ ਲਾਈਵ ਹੋ ਕੇ ਦਿੱਤੀ ਖ਼ੁਦਕੁਸ਼ੀ ਦੀ ਧਮਕੀ, SHO ਤੇ ਮੁਨਸ਼ੀ ਸਟਾਫ਼ 'ਤੇ ਲਾਏ ਵੱਡੇ ਦੋਸ਼
ਹੰਸ ਨੇ ਕਿਹਾ ਕਿ ਮਾਨ ਦਾ ਇਹ ਹਾਰ ਹੀ ਉਨ੍ਹਾਂ ਦੀ ਹਾਰ ਦਾ ਕਾਰਨ ਬਣੇਗਾ। ਭਗਵੰਤ ਮਾਨ ਦੇ ਉਕਤ ਕਾਰੇ ਕਾਰਨ ਅਨੁਸੂਚਿਤ ਭਾਈਚਾਰੇ ਦੇ ਸਮਾਜ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਐੱਸ. ਸੀ./ਐੱਸ. ਟੀ. ਕਮਿਸ਼ਨ ਅਤੇ ਪੰਜਾਬ ਪੁਲਸ ਨੂੰ ਵੀ ਭਗਵੰਤ ਮਾਨ ਖ਼ਿਲਾਫ਼ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੀਰਾਂ-ਫਕੀਰਾਂ ਦੀ ਧਰਤੀ ਹੈ। ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿਚ ਪਿਆਰ ਦਾ ਪੈਗਾਮ ਦਿੰਦਿਆਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚੋਣ ਪ੍ਰਚਾਰ ਦੌਰਾਨ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜੇ ਕਿਉਂਕਿ ਚੋਣਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ, ਹੁਣ ਵੀ ਹੋ ਰਹੀਆਂ ਹਨ ਅਤੇ ਅੱਗੇ ਵੀ ਹੁੰਦੀਆਂ ਰਹਿਣਗੀਆਂ।
ਹੰਸ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਆਪਸੀ ਪਿਆਰ ਅਤੇ ਭਾਈਚਾਰੇ ਦੀ ਸਾਂਝ ਨੂੰ ਬਰਕਰਾਰ ਰੱਖਿਆ ਹੈ। ਹਿੰਦੂਆਂ-ਸਿੱਖਾਂ ਦੇ ਤੀਰਥ ਅਸਥਾਨਾਂ ਦਾ ਕਾਇਆ-ਕਲਪ ਕਰਨਾ ਅਤੇ ਕਰਤਾਰਪੁਰ ਕਾਰੀਡੋਰ ਖੋਲ੍ਹਣਾ ਇਸਦਾ ਸਬੂਤ ਹੈ। ਇਸ ਮੌਕੇ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਗਾ, ਅਨਿਲ ਸਰੀਨ, ਸਾਬਕਾ ਮੇਅਰ ਸੁਰਿੰਦਰ ਮਹੇ, ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ ਆਦਿ ਭਾਜਪਾ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੇ ਵਿਰੋਧੀਆਂ ’ਤੇ ਰਗੜੇ, ਕਿਹਾ-ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ CM ਚਾਹੀਦੈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ