ਦਿੱਲੀ ਤੋਂ ਕੱਟੀ ਗਈ ਹੰਸ ਰਾਜ ਹੰਸ ਦੀ ਟਿਕਟ, ਪੰਜਾਬ 'ਚ ਮੈਦਾਨ 'ਤੇ ਉਤਾਰ ਸਕਦੀ ਹੈ ਭਾਜਪਾ (ਵੀਡੀਓ)

Wednesday, Mar 13, 2024 - 09:03 PM (IST)

ਨਵੀਂ ਦਿੱਲੀ (ਸੁਨੀਲ ਪਾਂਡੇ)- ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਉੱਤਰ-ਪੱਛਮੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਸੂਫ਼ੀ ਗਾਇਕ ਹੰਸਰਾਜ ਹੰਸ ਦੀ ਟਿਕਟ ਕੱਟ ਦਿੱਤੀ ਹੈ। ਬੁੱਧਵਾਰ ਸ਼ਾਮ ਨੂੰ ਜਾਰੀ ਭਾਜਪਾ ਦੀ ਦੂਜੀ ਲੋਕ ਸਭਾ ਸੂਚੀ ’ਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਦੀ ਥਾਂ ਪਾਰਟੀ ਨੇ ਯੋਗੇਂਦਰ ਚੰਦੌਲੀਆ ਨੂੰ ਮੈਦਾਨ ’ਚ ਉਤਾਰਿਆ ਹੈ। ਯੋਗੇਂਦਰ ਦਿੱਲੀ ਦੇ ਸਾਬਕਾ ਮੇਅਰ ਵੀ ਰਹਿ ਚੁੱਕੇ ਹਨ।

ਦਿੱਲੀ ਦੀ ਉੱਤਰ-ਪੱਛਮੀ ਲੋਕ ਸਭਾ ਸੀਟ ਨੂੰ ਸੁਰੱਖਿਅਤ ਸੀਟ ਐਲਾਨਿਆ ਗਿਆ ਹੈ। ਹੰਸਰਾਜ ਹੰਸ ਨੂੰ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਤੋਂ ਲਿਆ ਕੇ ਦਿੱਲੀ ਤੋਂ ਚੋਣ ਲੜਾਈ ਸੀ। ਇਨ੍ਹਾਂ ਚੋਣਾਂ ’ਚ ਮੋਦੀ ਲਹਿਰ ਕਾਰਨ ਹੰਸਰਾਜ ਨੇ ਆਪਣੇ ਵਿਰੋਧੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁੱਗਨ ਸਿੰਘ ਨੂੰ 5,53,897 ਵੋਟਾਂ ਨਾਲ ਹਰਾਇਆ ਸੀ। ਹੁਣ ਦਿੱਲੀ ਦੀਆਂ ਸਾਰੀਆਂ ਸੀਟਾਂ ’ਤੇ ਉਮੀਦਵਾਰ ਉਤਾਰੇ ਜਾ ਚੁੱਕੇ ਹਨ। ਦਿੱਲੀ ’ਚ ਲੋਕ ਸਭਾ ਦੀਆਂ ਕੁੱਲ 7 ਸੀਟਾਂ ਹਨ। ਭਾਜਪਾ ਦੇ ਅੱਜ ਦੇ ਇਸ ਫੈਸਲੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਸੰਸਦ ਮੈਂਬਰ ਹੰਸਰਾਜ ਹੰਸ ਦੀ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸਿਆਸੀ ਪਾਰੀ ਖ਼ਤਮ ਹੋ ਗਈ ਹੈ।

ਸੂਫੀ ਗਾਇਕ ਹੰਸਰਾਜ ਹੰਸ ਨੇ ਆਪਣੀ ਸਿਆਸੀ ਪਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ। ਹੰਸਰਾਜ ਨੇ ਅਕਾਲੀ ਦਲ ਦੀ ਟਿਕਟ ’ਤੇ 2009 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਪਰ ਉਹ ਕਾਂਗਰਸ ਦੇ ਮਹਿੰਦਰ ਸਿੰਘ ਕੇ.ਪੀ. ਤੋਂ ਹਾਰ ਗਏ ਸਨ। ਪਿਛਲੀਆਂ ਚੋਣਾਂ ’ਚ ਪਾਰਟੀ ਨੇ ਉਨ੍ਹਾਂ ਦੀ ਬਜਾਏ ਪਵਨ ਟੀਨੂੰ ਨੂੰ ਉਮੀਦਵਾਰ ਬਣਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਾਰਟੀ ਲੀਡਰਸ਼ਿਪ ਨਾਲ ਰਿਸ਼ਤਿਆਂ ’ਚ ਕੜਵਾਹਟ ਆ ਗਈ ਸੀ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਉਣ ’ਚ ਕੈਪਟਨ ਅਮਰਿੰਦਰ ਸਿੰਘ ਨਾਕਾਮ ਰਹੇ ਸਨ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਨੇਤਾਵਾਂ ਦੇ ਦਬਾਅ ’ਚ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੂੰ ਰਾਜ ਸਭਾ ਭੇਜ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਹੰਸ ਨੂੰ ਵਿਧਾਨ ਸਭਾ ਚੋਣਾਂ ਲੜਾਉਣ ਦਾ ਵੀ ਕਾਂਗਰਸ ’ਚ ਅੰਦਰਖਾਤੇ ਵਿਰੋਧ ਹੁੰਦਾ ਰਿਹਾ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਹ ਦਿੱਲੀ ’ਚ ਭਾਜਪਾ ਦੇ ਤਤਕਾਲੀ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਏ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਹੰਸ ਦੋਆਬਾ ਖੇਤਰ ’ਚ ਚੰਗਾ ਪ੍ਰਭਾਵ ਰੱਖਦੇ ਸਨ।

ਉੱਤਰ-ਪੱਛਮੀ ਦਿੱਲੀ : ਹਰ ਚੋਣਾਂ ’ਚ ਨਵਾਂ ਚਿਹਰਾ ਸੰਸਦ ’ਚ ਪਹੁੰਚਿਆ
ਰਾਜਧਾਨੀ ਦਿੱਲੀ ਦੀ ਉੱਤਰ-ਪੱਛਮੀ ਦਿੱਲੀ ਲੋਕ ਸਭਾ ਸੀਟ ਦੇ ਪਿਛਲੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਹਰ ਚੋਣਾਂ ’ਚ ਨਵਾਂ ਚਿਹਰਾ ਸੰਸਦ ’ਚ ਪਹੁੰਚਿਆ ਹੈ। ਇਹ ਸੀਟ 2008 ਦੀ ਹੱਦਬੰਦੀ ਤੋਂ ਬਾਅਦ ਹੋਂਦ ’ਚ ਆਈ ਸੀ। ਸਾਲ 2009 ’ਚ ਇਥੇ ਪਹਿਲੀ ਵਾਰ ਚੋਣਾਂ ਹੋਈਆਂ ਸਨ ਜਿਸ ’ਚ ਕਾਂਗਰਸ ਦੀ ਕ੍ਰਿਸ਼ਨਾ ਤੀਰਥ ਜੇਤੂ ਰਹੇ ਸਨ। ਇਸ ਤੋਂ ਬਾਅਦ 2014 ’ਚ ਭਾਜਪਾ ਦੀ ਟਿਕਟ ’ਤੇ ਉਦਿਤ ਰਾਜ ਜਿੱਤ ਕੇ ਸੰਸਦ ਪਹੁੰਚੇ।

2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਹੰਸਰਾਜ ਹੰਸ ਨੂੰ ਮੈਦਾਨ ’ਚ ਉਤਾਰਿਆ ਅਤੇ ਵੱਡੀ ਜਿੱਤ ਦਰਜ ਕੀਤੀ। ਹੁਣ 2024 ਦੀਆਂ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਨੇ ਆਪਣਾ ਉਮੀਦਵਾਰ ਬਦਲ ਲਿਆ ਹੈ, ਭਾਵ ਜੇ ਭਾਜਪਾ ਦੀ ਜਿੱਤ ਹੁੰਦੀ ਹੈ ਤਾਂ ਫਿਰ ਨਵਾਂ ਚਿਹਰਾ ਹੋਵੇਗਾ।

‘ਜਗ ਬਾਣੀ’ ਨੇ ਪਹਿਲਾਂ ਹੀ ਟਿਕਟ ਕੱਟੇ ਜਾਣ ਦੀ ਪ੍ਰਗਟਾਈ ਸੀ ਸੰਭਾਵਨਾ
‘ਜਗ ਬਾਣੀ’ ਨੇ ਪਹਿਲਾਂ ਹੀ ਸੰਭਾਵਨਾ ਪ੍ਰਗਟਾਈ ਸੀ ਕਿ ਸੰਸਦ ਮੈਂਬਰ ਹੰਸਰਾਜ ਹੰਸ ਦੀ ਟਿਕਟ ਕੱਟੀ ਜਾ ਸਕਦੀ ਹੈ। ਜਾਰੀ ਕੀਤੀ ਗਈ ਸੂਚੀ ’ਚ ਇਹ ਸੰਭਾਵਨਾ ਸੱਚ ’ਚ ਬਦਲ ਗਈ। ਸੂਤਰਾਂ ਅਨੁਸਾਰ ਹੰਸਰਾਜ ਹੰਸ ਆਪਣੇ ਲੋਕ ਸਭਾ ਹਲਕੇ ’ਚ ਬਕਾਇਦਾ ਸਮਾਂ ਨਹੀਂ ਦੇ ਪਾਉਂਦੇ ਸਨ। ਇਹੀ ਕਾਰਨ ਹੈ ਕਿ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਨਾਰਾਜ਼ ਚੱਲ ਰਹੇ ਸਨ। ਹੰਸਰਾਜ ਸਥਾਨਕ ਲੋਕਾਂ ਵਿਚ ਵੀ ਪੂਰੇ ਕਾਰਜਕਾਲ ਦੌਰਾਨ ਨਹੀਂ ਪਹੁੰਚ ਸਕੇ।

ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇਸ ਸੁਰੱਖਿਅਤ ਸੀਟ ’ਤੇ ਸਾਰਿਆਂ ਦੀਆਂ ਨਜ਼ਰਾਂ ਹੰਦੀਆਂ ਹਨ। ਬਾਵਜੂਦ ਇਸ ਦੇ ਸੰਸਦ ਮੈਂਬਰ ਆਪਣੇ ਕੰਮ ’ਚ ਗੰਭੀਰ ਨਹੀਂ ਰਹੇ। ਇਹੀ ਕਾਰਨ ਹੈ ਕਿ ਪਾਰਟੀ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ। ਹਾਲਾਂਕਿ ਪਾਰਟੀ ਦਾ ਇਕ ਧੜਾ ਇਹ ਵੀ ਹਵਾ ਉਡਾ ਰਿਹਾ ਹੈ ਕਿ ਹੰਸਰਾਜ ਹੰਸ ਨੂੰ ਪੰਜਾਬ ਦੀ ਕਿਸੇ ਲੋਕ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ ਪਰ ਪਾਰਟੀ ਦੇ ਸੀਨੀਅਰ ਨੇਤਾ ਇਸ ਖ਼ਬਰ ਨੂੰ ਖਾਰਿਜ ਕਰਦੇ ਹਨ।

ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ: ਦੁਬਈ ਦੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News