ਕਿੰਝ ਆਉਣਗੇ ਚੰਗੇ ਨਤੀਜੇ, ਅੱਧਾ ਸੈਸ਼ਨ ਬੀਤਿਆ, ਨਹੀਂ ਮਿਲੀਆਂ ਕਿਤਾਬਾਂ
Friday, Aug 11, 2017 - 11:01 AM (IST)

ਜਲੰਧਰ(ਸੁਮਿਤ)—ਸਰਕਾਰੀ ਸਕੂਲਾਂ ਵਿਚ ਪੜ੍ਹਾਈ ਨੂੰ ਲੈ ਕੇ ਸਰਕਾਰਾਂ ਵਲੋਂ ਅਕਸਰ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਸਕੀਮਾਂ 'ਤੇ ਕਰੋੜਾਂ ਰੁਪਏ ਵੀ ਖਰਚ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ਦੀ ਹਕੀਕਤ ਨੂੰ ਦੇਖਿਆ ਜਾਵੇ ਤਾਂ ਸਕੂਲਾਂ ਵਿਚ ਸਿੱਖਿਆ ਦੀ ਹਾਲਤ ਅੱਜ ਵੀ ਪਤਲੀ ਹੀ ਦਿਖਾਈ ਦਿੰਦੀ ਹੈ।
ਸਰਕਾਰ ਵਲੋਂ ਇਕ ਯੋਜਨਾ ਦੇ ਤਹਿਤ ਸਾਰੇ ਬੱਚਿਆਂ ਨੂੰ ਮੁਫਤ ਕਿਤਾਬਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਸ ਵਾਰ ਅੱਧਾ ਸੈਸ਼ਨ ਖਤਮ ਹੋਣ ਨੂੰ ਲੈ ਕੇ ਹੈ ਅਤੇ ਸਕੂਲਾਂ ਵਿਚ ਅਜੇ ਤੱਕ 24 ਵਿਸ਼ਿਆਂ ਦੀਆਂ ਕਿਤਾਬਾਂ ਹੀ ਨਹੀਂ ਪਹੁੰਚੀਆਂ। ਇਨ੍ਹਾਂ ਵਿਸ਼ਿਆਂ ਵਿਚ ਗਣਿਤ, ਸਾਇੰਸ ਵਰਗੇ ਮਹੱਤਵਪੂਰਨ ਵਿਸ਼ੇ ਵੀ ਸ਼ਾਮਲ ਹਨ। ਅਪ੍ਰੈਲ ਮਹੀਨੇ ਤੋਂ ਸਕੂਲਾਂ ਵਿਚ ਨਵਾਂ ਸੈਸ਼ਨ ਸ਼ੁਰੂ ਹੋਇਆ ਸੀ, ਉਦੋਂ ਤੋਂ ਹੀ ਹੁਣ ਤੱਕ ਬੱਚੇ ਬਿਨਾਂ ਕਿਤਾਬਾਂ ਦੇ ਹੀ ਕਈ ਵਿਸ਼ਿਆਂ ਦੀ ਪੜ੍ਹਾਈ ਕਰਨ ਨੂੰ ਮਜਬੂਰ ਹਨ। ਅਜਿਹੇ ਵਿਚ ਭਲਾ ਅਸੀਂ ਕਿਸ ਤਰ੍ਹਾਂ ਦੇ ਚੰਗੇ ਨਤੀਜਿਆਂ ਦੀ ਉਮੀਦ ਕਰ ਸਕਦੇ ਹਾਂ।
ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ। ਹਰ ਸਾਲ ਕਿਤਾਬਾਂ ਆਉਣ ਵਿਚ ਦੇਰੀ ਹੁੰਦੀ ਹੈ ਪਰ ਇਸ ਵਾਰ ਤਾਂ ਹਾਲਾਤ ਇਹ ਹਨ ਕਿ 24 ਵਿਸ਼ਿਆਂ ਦੀਆਂ ਕਿਤਾਬਾਂ ਦੀ ਅਜੇ ਤੱਕ ਛਪਾਈ ਵੀ ਨਹੀਂ ਹੋ ਸਕੀ। ਇਸਦੇ ਪਿੱਛੇ ਕਾਰਨ ਕਿਤਾਬਾਂ ਦੀ ਛਪਾਈ ਲਈ ਕਾਗਜ਼ ਦੀ ਖਰੀਦ ਨਾ ਹੋ ਸਕਣਾ ਦੱਸਿਆ ਜਾ ਰਿਹਾ ਹੈ।
ਜੇਕਰ ਦੇਖਿਆ ਜਾਵੇ ਤਾਂ ਇਸ ਸਾਰੇ ਮਾਮਲੇ ਵਿਚ ਬੱਚਿਆਂ ਜਾਂ ਅਧਿਆਪਕਾਂ ਦਾ ਕੀ ਕਸੂਰ ਹੈ? ਜੇਕਰ ਬੋਰਡ ਜਾਂ ਸਰਕਾਰ ਦੀ ਗਲਤੀ ਕਾਰਨ ਕਿਤਾਬਾਂ ਨਹੀਂ ਛਪਦੀਆਂ ਤਾਂ ਸਕੂਲਾਂ ਵਿਚ ਅਧਿਆਪਕਾਂ ਨੂੰ ਸਿਲੇਬਸ ਕਵਰ ਕਰਵਾਉਣ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਗੱਲ ਨੂੰ ਲੈ ਕੇ ਬੱਚਿਆਂ ਦੇ ਮਾਪੇ ਵੀ ਪ੍ਰੇਸ਼ਾਨ ਹਨ। ਬੱਚਿਆਂ ਦੀ ਪੜ੍ਹਾਈ ਠੀਕ ਢੰਗ ਨਾਲ ਨਾ ਹੋਣ ਕਾਰਨ ਉਨ੍ਹਾਂ ਨੂੰ ਬੱਚਿਆਂ ਦੇ ਪੇਪਰਾਂ ਵਿਚ ਫੇਲ ਹੋਣ ਦਾ ਡਰ ਸਤਾਉਣ ਲੱਗਿਆ ਹੈ।
ਸਾਲ 2016-17 ਦੇ ਪ੍ਰੀਖਿਆ ਨਤੀਜਿਆਂ ਦੀ ਗੱਲ ਕਰੀਏ ਤਾਂ ਉਹ ਬਹੁਤ ਖਰਾਬ ਰਹੇ ਸਨ, ਇਸ ਲਈ ਅਧਿਆਪਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਪਰ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹਿਣਗੇ ਤਾਂ ਅਧਿਆਪਕ ਵੀ ਪੜ੍ਹਾਈ ਕਿਸ ਤਰ੍ਹਾਂ ਕਰਵਾਉਣਗੇ। ਇਸ ਮਾਮਲੇ ਵਿਚ ਜੇਕਰ ਬੋਰਡ ਕਰਮਚਾਰੀ ਯੂਨੀਅਨ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ 80 ਫੀਸਦੀ ਤੋਂ ਜ਼ਿਆਦਾ ਕਿਤਾਬਾਂ ਛਪ ਕੇ ਸਕੂਲਾਂ ਵਿਚ ਪਹੁੰਚ ਚੁੱਕੀਆਂ ਹਨ ਪਰ ਜੋ 24 ਟਾਈਟਲ ਨਹੀਂ ਛਪੇ ਹਨ, ਉਸਦੇ ਲਈ ਸਰਕਾਰ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨ। ਇਨ੍ਹਾਂ ਵਿਚ ਮਹੱਤਵਪੂਰਨ ਵਿਸ਼ੇ ਵੀ ਸ਼ਾਮਲ ਹਨ।
ਬੁੱਕ ਬੈਂਕ ਦਾ ਆਈਡੀਆ ਵੀ ਰਿਹਾ ਫੇਲ
ਸਿੱਖਿਆ ਮੰਤਰੀ ਦਾ ਬੁੱਕ ਬੈਂਕ ਦਾ ਆਈਡੀਆ ਦਾ ਇਕ ਵਾਰ ਫਿਰ ਫੇਲ ਰਿਹਾ ਹੈ।
ਇਕ ਤਾਂ ਓਨੀ ਗਿਣਤੀ ਵਿਚ ਕਿਤਾਬਾਂ ਨਹੀਂ ਪਹੁੰਚ ਸਕੀਆਂ, ਜਿੰਨੀਆਂ ਚਾਹੀਦੀਆਂ ਸਨ। ਦੂਸਰਾ ਪੁਰਾਣੀਆਂ ਕਿਤਾਬਾਂ ਲੈਣ ਨੂੰ ਬੱਚੇ ਤਿਆਰ ਹੀ ਨਹੀਂ। ਅਜਿਹੇ ਵਿਚ ਬੁੱਕ ਬੈਂਕ ਦਾ ਸਫਲ ਹੋਣਾ ਅਜੇ ਤੱਕ ਤਾਂ ਨਹੀਂ ਦਿਖਾਈ ਦੇ ਰਿਹਾ।
ਕਿਸ ਕਲਾਸ ਦੀਆਂ ਕਿਹੜੀਆਂ ਕਿਤਾਬਾਂ ਨਹੀਂ ਪਹੁੰਚੀਆਂ
. ਕਲਾਸ 10ਵੀਂ-ਸਾਇੰਸ
. ਕਲਾਸ 9ਵੀਂ-ਸਮਾਜਿਕ ਸਿੱਖਿਆ ਤੇ ਕੰਪਿਊਟਰ
. ਕਲਾਸ 8ਵੀਂ-ਹਿੰਦੀ, ਗਣਿਤ, ਸਾਇੰਸ, ਕੰਪਿਊਟਰ ਅਤੇ ਸਰੀਰਕ ਸਿੱਖਿਆ
. ਕਲਾਸ 7ਵੀਂ-ਪੰਜਾਬੀ, ਹਿੰਦੀ, ਗਣਿਤ, ਸਾਇੰਸ ਅਤੇ ਸਮਾਜਿਕ ਸਿੱਖਿਆ
. ਕਲਾਸ 6ਵੀਂ-ਹਿੰਦੀ, ਇੰਗਲਿਸ਼ ਰੀਡਰ, ਗਣਿਤ, ਸਾਇੰਸ, ਸਮਾਜਿਕ ਸਿੱਖਿਆ ਤੇ ਕੰਪਿਊਟਰ
. ਕਲਾਸ ਚੌਥੀ-ਪੰਜਾਬੀ
. ਕਲਾਸ ਤੀਸਰੀ-ਪੰਜਾਬੀ ਤੇ ਇੰਗਲਿਸ਼
. ਕਲਾਸ ਪਹਿਲੀ-ਗਣਿਤ