ਹੁਣ ਵਿਦਿਆਰਥਣ ਦੀ ਗੁੱਤ ਕੱਟਣ ਦੀ ਘਟਨਾ ਚਰਚਾ ''ਚ
Sunday, Aug 13, 2017 - 08:30 AM (IST)
ਖਮਾਣੋਂ (ਜਟਾਣਾ, ਸੰਜੀਵ ) – ਗੁੱਤਾਂ ਕੱਟਣ ਦੀਆਂ ਘਟਨਾਵਾਂ ਪਹਿਲਾਂ ਪੰਜਾਬੋਂ ਬਾਹਰਲੇ ਸੂਬਿਆਂ 'ਚ ਵਾਪਰੀਆਂ ਸਨ ਪਰ ਹੁਣ ਇਹ ਦਿਨ ਪ੍ਰਤੀ ਦਿਨ ਪੰਜਾਬ ਦੇ ਪਿੰਡਾਂ-ਸ਼ਹਿਰਾਂ 'ਚ ਵਾਪਰ ਰਹੀਆਂ ਹਨ। ਗੁੱਤ ਕੱਟਣ ਦੀ ਅਜਿਹੀ ਹੀ ਘਟਨਾ ਖਮਾਣੋਂ ਨੇੜਲੇ ਪਿੰਡ ਮਨੈਲੀ ਵਿਖੇ ਦਸਵੀਂ ਕਲਾਸ ਦੀ ਵਿਦਿਆਥਣ ਨਾਲ ਵਾਪਰੀ। ਪਿੰਡ ਮਨੈਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਦਿਆਰਥਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿ ਕੇ ਸਕੂਲ ਚਲੀ ਗਈ ਕਿ ਉਸਨੂੰ ਡਰ ਲਗ ਰਿਹਾ ਹੈ। ਛੁੱਟੀ ਤੋਂ ਬਾਅਦ ਜਦੋਂ ਉਹ ਘਰ ਪਰਤੀ ਤਾਂ ਘਰ ਆ ਕੇ ਉਸ ਨੇ ਡਰ ਲੱਗਣ ਦੀ ਗੱਲ ਮੁੜ ਦੁਹਰਾਈ। ਇਸ ਤੋਂ ਬਾਅਦ ਉਕਤ ਲੜਕੀ ਦਿਲਰਾਜ ਕੌਰ ਨੂੰ ਤੇਜ਼ ਬੁਖਾਰ ਹੋ ਗਿਆ ਤੇ ਉਸ ਨੂੰ ਤੁਰੰਤ ਨੀਂਦ ਆ ਗਈ ਤੇ ਕਾਫੀ ਦੇਰ ਬਾਅਦ ਜਦੋਂ ਲੜਕੀ ਨੀਂਦ ਤੋਂ ਉੱਠੀ ਤਾਂ ਉਸ ਨੇ ਰੌਲਾ ਪਾ ਦਿੱਤਾ ਕਿ ਉਸ ਦੀ ਗੁੱਤ ਕੱਟੀ ਗਈ, ਜਿਸ ਤੋਂ ਬਾਅਦ ਆਂਢ-ਗੁਆਂਢ ਤੇ ਸਾਰਾ ਪਿੰਡ ਇਕੱਠਾ ਹੋ ਗਿਆ।
ਦੂਸਰੇ ਪਾਸੇ ਜੇਕਰ ਪਿੰਡ ਦੇ ਪੜ੍ਹੇ-ਲਿਖੇ ਵਰਗ ਦੀ ਮੰਨੀਏ ਤਾਂ ਉਸਨੇ ਕਿਹਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਕਿਉਂਕਿ ਅਖਬਾਰਾਂ, ਸੋਸ਼ਲ ਮੀਡੀਏ ਤੇ ਟੀ. ਵੀ. ਚੈਨਲਾਂ 'ਤੇ ਚੱਲ ਰਹੀਆਂ ਗੁੱਤਾਂ ਕੱਟਣ ਦੀਆਂ ਮਨਘੜਤ ਕਹਾਣੀਆਂ ਕਾਰਨ ਹੀ ਉਕਤ ਘਟਨਾ ਵਾਪਰੀ ਹੈ, ਹਾਲਾਂਕਿ ਜਦੋਂ ਉਕਤ ਲੜਕੀ ਨੀਂਦ ਤੋਂ ਜਾਗੀ ਤਾਂ ਮਾਨਸਿਕ ਪੀੜ ਤਹਿਤ ਉਸ ਦੇ ਹੱਥ ਵਿਚ ਉਸ ਵਲੋਂ ਹੀ ਪੱਟਿਆਂ ਵਾਲਾਂ ਦਾ ਗੁੱਛਾ ਆ ਗਿਆ ਜਿਸ ਨੂੰ ਲੋਕਾਂ ਨੇ ਚਰਚਿਤ ਘਟਨਾਵਾਂ ਨਾਲ ਜੋੜ ਦਿੱਤਾ, ਜਦੋਂਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ।
ਇਸ ਘਟਨਾਂ ਤੋਂ ਬਾਅਦ ਵੇਖੋ-ਵੇਖੀ ਲੋਕਾਂ ਨੇ ਬਚਾਅ ਲਈ ਆਪੋ- ਆਪਣੇ ਘਰਾਂ ਦੇ ਦਰਵਾਜ਼ਿਆਂ ਅੱਗੇ ਨਿੰਬੂ, ਹਰੀਆਂ ਮਿਰਚਾਂ ਤੇ ਨਿੰਮ ਦੇ ਪੱਤੇ ਆਦਿ ਬੰਨ੍ਹ ਦਿੱਤੇ ਕਿਉਂਕਿ ਲੋਕਾਂ ਦਾ ਭਰਮ ਹੈ ਕਿ ਜੇਕਰ ਉਕਤ ਸਮੱਗਰੀ ਘਰਾਂ ਦੇ ਦਰਵਾਜ਼ਿਆਂ ਅੱਗੇ ਬੰਨ੍ਹੀ ਹੋਵੇਗੀ ਤਾਂ ਉਕਤ ਸ਼ੈਅ ਸਾਡੇ ਘਰ 'ਚ ਦਾਖਿਲ ਨਹੀਂ ਹੋ ਸਕਦੀ।
ਘਟਨਾ ਪਿੱਛੇ ਕੀ ਹੈ ਵਿਗਿਆਨਿਕ ਤੱਥ, ਆਓ ਜਾਣੀਏ
ਨਵਤੇਜ ਸਿੰਘ ਧੁੰਦਾਂ ਕਨਵੀਨਰ ਤਰਕਸ਼ੀਲ ਸੁਸਾਇਟੀ ਇਕਾਈ ਸੋਘੰਲ ਦਾ ਕਹਿਣਾ ਹੈ ਕਿ ਇਹ ਘਟਨਾਵਾਂ ਅੰਧਵਿਸ਼ਵਾਸ ਤੋ ਬਿਨਾਂ ਕੁਝ ਵੀ ਨਹੀਂ। ਇਹ ਇਕ ਤਰ੍ਹਾਂ ਦਾ ਅਸਟੀਰੀਆ (ਫੋਬੀਆ) ਹੈ, ਜੋ ਇਕੋ ਗੱਲ ਕਈ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮੀਡੀਆ ਵੀ ਅੱਗੇ ਆਵੇ ਤੇ ਉਹ ਵੀ ਲੋਕਾਂ ਨੂੰ ਪ੍ਰੇਰਿਤ ਕਰੇ ਕਿ ਅਜਿਹੀਆਂ ਘਟਨਾਵਾਂ ਨਾ ਫੈਲਾਈਆਂ ਜਾਣ। ਅਜਿਹੀਆਂ ਘਟਨਾਵਾਂ ਕਿਸ਼ੋਰ ਅਵਸਥਾ ਤੇ ਅੰਨਪੜ੍ਹ ਔਰਤਾਂ 'ਤੇ ਜਿਆਦਾ ਪ੍ਰਭਾਵ ਪਾਉਂਦੀਆਂ ਹਨ। ਇਹ ਘਟਨਾਵਾਂ ਇਕ ਭਰਮ ਤੋਂ ਬਿਨਾਂ ਕੁਝ ਵੀ ਨਹੀਂ। ਇਸ ਕਰਕੇ ਇਲਾਕੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਮਨਘੜਤ ਕਹਾਣੀਆਂ ਤੋਂ ਉਹ ਸੁਚੇਤ ਰਹਿਣ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਲਾਕ ਖਮਾਣੋਂ ਦੇ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਸ ਨੇ ਸਿੱਖੀ ਦਾ ਪ੍ਰਚਾਰ ਉਕਾ ਹੀ ਨਹੀਂ ਕੀਤਾ। ਅਜਿਹੀਆਂ ਮਨਘੜਤ ਘਟਨਾਵਾਂ ਫੈਲਾ ਕੇ ਸਿੱਖਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ ਕਿ ਉਹ ਇਹੋ ਜਿਹੀਆਂ ਮਨਘੜਤ ਘਟਨਾਵਾਂ ਨੂੰ ਵੇਖ ਕੇ ਆਪਣੇ ਕੇਸ ਕਤਲ ਕਰਵਾ ਦੇਣ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਈ ਇਹ ਬਰਦਾਸ਼ਤ ਤੋਂ ਬਾਹਰੀ ਗੱਲ ਹੈ ਕਿ ਕੋਈ ਪੰਜਾਬੋਂ ਬਾਹਰੀ ਤਾਕਤ ਆ ਕੇ ਪੰਜਾਬ ਅੰਦਰ ਅਜਿਹੀਆਂ ਘਟਨਾਵਾਂ ਫੈਲਾ ਕੇ ਸਿੱਖ ਭਾਈਚਾਰੇ 'ਚ ਡਰ ਪੈਦਾ ਕਰੇ।
