ਅਯੁੱਧਿਆ ਫੈਸਲੇ ''ਤੇ ਸਿੱਖਾਂ ਲਈ ਵਰਤਿਆ ''ਕਲਟ'' ਸ਼ਬਦ, ਫੂਲਕਾ ਵਲੋਂ ਅਕਾਲ ਤਖਤ ਨੂੰ ਚਿੱਠੀ

Sunday, Nov 17, 2019 - 06:50 PM (IST)

ਅਯੁੱਧਿਆ ਫੈਸਲੇ ''ਤੇ ਸਿੱਖਾਂ ਲਈ ਵਰਤਿਆ ''ਕਲਟ'' ਸ਼ਬਦ, ਫੂਲਕਾ ਵਲੋਂ ਅਕਾਲ ਤਖਤ ਨੂੰ ਚਿੱਠੀ

ਨਵੀਂ ਦਿੱਲੀ/ਚੰਡੀਗੜ੍ਹ : ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਸ੍ਰੀ ਅਕਾਲ਼ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਅਯੁੱਧਿਆ ਫੈਸਲੇ ਵਿਚ ਸਿੱਖਾਂ ਲਈ ਕਲਟ (CULT) ਸ਼ਬਦ ਵਰਤਣ ਦੇ ਮਾਮਲੇ ਬਾਰੇ ਧਿਆਨ ਦਿਵਾਇਆ ਹੈ। ਫੂਲਕਾ ਨੇ ਕਿਹਾ ਕਿ ਅਯੁੱਧਿਆ ਮਾਮਲੇ ਵਿਚ ਇਕ ਗਵਾਹ ਰਜਿੰਦਰ ਸਿੰਘ ਨੇ ਗਵਾਹੀ ਦਿੱਤੀ ਸੀ, ਜਿਸ ਵਿਚ ਸਿੱਖ ਕਲਟ ਸ਼ਬਦ ਲਿਖਿਆ ਹੋਇਆ ਹੈ ਜਦ ਕਿ ਡਿਕਸ਼ਨਰੀ ਵਿਚ ਕਲਟ ਦਾ ਮਤਲਬ ਪੰਥ ਲਿੱਖਿਆ ਹੋਇਆ। ਉਨ੍ਹਾਂ ਕਿਹਾ ਕਿ ਕਲਟ ਸ਼ਬਦ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ। 

ਫੂਲਕਾ ਨੇ ਆਖਿਆ ਕਿ ਡਿਕਸ਼ਨਰੀ ਵਿਚ ਕਲਟ ਦਾ ਮਤਲਬ ਬਹੁਤਾ ਚੰਗਾ ਨਹੀਂ ਹੈ ਜਦਕਿ ਅਸੀਂ ਪੰਜਾਬੀ ਵਿਚ ਸਿੱਖ ਪੰਥ ਸ਼ਬਦ ਸਿੱਖ ਧਰਮ ਲਈ ਵਰਤਦੇ ਹਾਂ। ਜੇਕਰ ਕੋਈ ਇਸ ਦਾ ਤਰਜ਼ਮਾ ਕਰਣ ਵਾਲਾ ਡਿਕਸ਼ਨਰੀ ਦਾ ਲਫਜ਼ ਦੇਖ ਕੇ ਲਿਖੇ ਤੇ ਉਹ ਸਿੱਖ ਪੰਥ ਨੂੰ ਸਿੱਖ ਕਲਟ ਹੀ ਲਿਖੇਗਾ, ਜਿਸ ਨੂੰ ਹਟਾਉਣ ਦੀ ਉਨ੍ਹਾਂ ਅਪੀਲ ਕੀਤੀ ਹੈ। ਫੂਲਕਾ ਨੇ ਰਾਏ ਦਿੰਦਿਆਂ ਆਖਿਆ ਕਿ ਜਾਂ ਤਾਂ ਅਸੀਂ ਡਿਕਸ਼ਨਰੀ ਵਿਚ ਸਿੱਖ ਪੰਥ ਨੂੰ ਰੀਲੇਜੀਅਨ ਲਿਖਵਾਈਏ ਜਾਂ ਫਿਰ ਸਿੱਖ ਪੰਥ ਦੀ ਥਾਂ 'ਤੇ ਸਿੱਖ ਧਰਮ ਦੀ ਵਰਤੋਂ ਕਰੀਏ ਤਾਂ ਜੋ ਅੰਗਰੇਜ਼ੀ ਵਿਚ ਤਰਜ਼ਮਾ ਕਰਨ ਵਾਲੇ ਨੂੰ ਸਿੱਖ ਰੀਲੇਜੀਅਨ ਲਿਖਣਾ ਪਵੇ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਬਾਰੇ ਇਕ ਕਮੇਟੀ ਬਣਾਈ ਜਾਵੇ ਅਤੇ ਡਿਕਸ਼ਨਰੀ ਵਿਚ ਸ਼ਬਦ ਨੂੰ ਬਦਲਵਾਇਆ ਜਾਵੇ। ਫੂਲਕਾ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ। ਜੇਕਰ ਕੋਈ ਇਤਿਹਾਸਕਾਰ ਇਸ ਦਾ ਅਨੁਵਾਦ ਕਰਦਾ ਹੈ ਤਾਂ ਸਿੱਖਾਂ ਧਰਮ ਬਾਰੇ ਵੱਡੇ ਭੁਲੇਖੇ ਖੜ੍ਹੇ ਹੋ ਜਾਣਗੇ।


author

Gurminder Singh

Content Editor

Related News