ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ''ਚ ਵੱਡਾ ਖੁਲਾਸਾ, ਸਾਜ਼ਿਸ਼ ਬੇਨਕਾਬ

Sunday, Jun 30, 2019 - 06:07 PM (IST)

ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ''ਚ ਵੱਡਾ ਖੁਲਾਸਾ, ਸਾਜ਼ਿਸ਼ ਬੇਨਕਾਬ

ਖੰਨਾ (ਬਿਪਨ) : ਪਿੰਡ ਢੀਂਡਸਾ 'ਚ ਪਿਛਲੇ ਦਿਨੀਂ ਇਕ ਪਸ਼ੂਆਂ ਵਾਲੇ ਮਕਾਨ ਅੰਦਰ ਅਤੇ ਬਾਹਰ ਸੜਕ 'ਤੇ ਪਵਿੱਤਰ ਸ੍ਰੀ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ, ਜਿਸ ਦੇ ਦੋਸ਼ੀ ਨੂੰ ਅੱਜ ਪੁਲਸ ਨੇ ਕਾਬੂ ਕਰ ਲਿਆ ਹੈ। ਐੱਸ. ਪੀ. ਜਸਵੀਰ ਸਿੰਘ ਖੰਨਾ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਢੀਂਡਸਾ ਤਹਿਸੀਲ਼ ਸਮਰਾਲਾ ਵਿਖੇ ਸਤਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ ਪੁੱਤਰਾਨ ਤੇਜਾ ਸਿੰਘ ਵਾਸੀ ਪਿੰਡ ਢੀਂਡਸਾ ਦੇ ਪਸ਼ੂਆ ਵਾਲੇ ਮਕਾਨ ਦੇ ਅੰਦਰ ਅਤੇ ਬਾਹਰ ਸੜਕ 'ਤੇ ਪਵਿੱਤਰ ਸ੍ਰੀ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਗਈ ਸੀ, ਜਿਸ ਸਬੰਧੀ ਨਾਮਲੂਮ ਮੁਲਜ਼ਮਾਂ ਖਿਲ਼ਾਫ ਥਾਣਾ ਸਮਰਾਲਾ 'ਚ ਮਾਮਲਾ ਦਰਜ ਕੀਤਾ ਗਿਆ ਸੀ। ਮੁੱਖ ਅਫਸਰ ਥਾਣਾ ਸਮਰਾਲਾ ਅਤੇ ਉਨ੍ਹਾਂ ਦੀ ਟੀਮ ਵੱਲੋ ਪਵਿੱਤਰ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਟਰੇਸ ਕਰਨ ਲਈ ਪਿੰਡ ਢੀਂਡਸਾ ਅਤੇ ਸਮਰਾਲਾ ਦੇ ਪਿੰਡਾਂ ਵਿਚ ਸੋਰਸ ਲਗਾਏ ਗਏ ਸਨ ਅਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆ 'ਤੇ ਨਜ਼ਰ ਰੱਖੀ ਜਾ ਰਹੀ ਸੀ। 

ਪੁਲਸ ਮੁਤਾਬਕ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਸਤਵਿੰਦਰ ਸਿੰਘ ਉਰਫ ਸ਼ਿੰਗਾਰਾ (52) ਪੁੱਤਰ ਲਛਮਣ ਸਿੰਘ ਵਾਸੀ ਪਿੰਡ ਢੀਂਡਸਾ, ਜਿਸਦਾ ਵਿਆਹ ਨਹੀਂ ਹੋਇਆ ਜੋ ਕਿ ਟਰੱਕ ਡਰਾਈਵਰ ਹੈ, ਉਸ ਨੇ ਹੀ ਰੰਜਿਸ਼ ਕਾਰਨ ਅਤੇ ਫਸਾਉਣ ਲਈ ਸਤਿੰਦਰਪਾਲ ਸਿੰਘ ਦੇ ਪਸ਼ੂਆਂ ਵਾਲੇ ਘਰ ਵਿਚ ਸ੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟ ਦਿੱਤੇ ਸਨ। ਪੁਲਸ ਮੁਤਾਬਕ ਉਕਤ ਦੋਸ਼ੀ ਨੇ ਪਵਿੱਤਰ ਸ੍ਰੀ ਗੁਟਕਾ ਸਾਹਿਬ, ਬਰੇਲੀ ਗੁਰਦੁਆਰਾ ਸਾਹਿਬ ਨੇੜੇ ਰੇਲਵੇ ਫਾਟਕ ਪਾਸ ਦੁਕਾਨਾਂ ਤੋਂ ਖਰੀਦਿਆ ਸੀ ਅਤੇ ਮਿਤੀ 02.06.19  ਨੂੰ ਤੜਕੇ ਕਰੀਬ 3 ਵਜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਪਸ਼ੂਆ ਵਾਲੇ ਘਰ ਦੇ ਅੰਦਰ ਅਤੇ ਬਾਹਰ ਸੜਕ ਪਰ ਸੁੱਟ ਦਿੱਤੇ ਅਤੇ ਆਪ ਟਰੱਕ ਲੈ ਕੇ ਬਾਹਰਲੀ ਸਟੇਟ ਨੂੰ ਚਲਾ ਗਿਆ। ਜਿਸਨੂੰ ਕੱਲ੍ਹ ਦੁਪਿਹਰ ਤੋਂ ਬਾਅਦ ਉਸਦੀ ਮੋਟਰ ਪਿੰਡ ਢੀਂਡਸਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।


author

Gurminder Singh

Content Editor

Related News