ਗੁਰਦੁਆਰੇ ''ਚੋਂ 9 ਗੁਟਕਾ ਸਾਹਿਬ ਚੋਰੀ ਕਰਕੇ ਕੀਤੀ ਬੇਅਦਬੀ
Friday, Mar 22, 2019 - 07:01 PM (IST)

ਖੇਮਕਰਨ/ਤਰਨਤਾਰਨ (ਗੁਰਮੇਲ,ਅਵਤਾਰ,ਬਲਵਿੰਦਰ ਕੌਰ) : ਕਸਬਾ ਖੇਮਕਰਨ ਨੇੜੇ ਪਿੰਡ ਮਹਿੰਦੀਪੁਰ ਦੇ ਗੁਰਦੁਆਰਾ ਸਾਹਿਬ 'ਚ ਗੁਟਕੇ ਸਾਹਿਬ ਚੋਰੀ ਕਰਕੇ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ ਮਹਿੰਦੀਪੁਰ ਦੇ ਗ੍ਰੰਥੀ ਲਵਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਕੱਲ੍ਹ ਉਸਨੇ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਘੱਟ ਗਿਣਤੀ ਲੱਗਣ ਕਾਰਨ ਗੁਰਦੁਆਰਾ ਕੈਂਪਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਚੈਕਿੰਗ ਕੀਤੀ ਤਾਂ ਦੇਖਿਆ ਕਿ ਪਿੰਡ ਦਾ ਹੀ ਨੌਜਵਾਨ ਸੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਹਿੰਦੀਪੁਰ ਗੁਟਕੇ ਸਾਹਿਬ ਚੋਰੀ ਕਰ ਰਿਹਾ ਹੈ।
ਇਸ ਦੌਰਾਨ ਕੁਝ ਗੁਟਕਾ ਸਾਹਿਬ ਹੇਠਾਂ ਜ਼ਮੀਨ 'ਤੇ ਡਿੱਗ ਪਏ ਤੇ ਕੁਝ ਗੁਟਕਾ ਸਾਹਿਬ ਆਪਣੀ ਕੋਟੀ ਵਿਚ ਛਿਪਾ ਕੇ ਲੈ ਗਿਆ। ਜਦੋਂ ਉਨ੍ਹਾਂ ਗਿਣਤੀ ਕੀਤੀ ਤਾਂ 9 ਗੁਟਕਾ ਸਾਹਿਬ ਘੱਟ ਸਨ। ਇਸ ਸਬੰਧੀ ਥਾਣਾ ਖੇਮਕਰਨ ਦੀ ਪੁਲਸ ਨੇ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।