ਜੰਗ ’ਚ ਫਸੇ ਭਾਰਤੀਆਂ ਦੀ ਮਦਦ ਲਈ ਉੱਠੇ ਹੱਥ, ਲੰਗਰ ਸੇਵਾ ਦੀ ਤਿਆਰੀ ’ਚ 'ਗੁਰੂ ਦੀ ਫ਼ੌਜ'

03/04/2022 3:33:30 PM

ਸਿੱਖ ਧਰਮ ਦਾ ਮੁੱਢਲਾ ਸਿਧਾਂਤ ਸਰਬੱਤ ਦੇ ਭਲੇ ’ਤੇ ਆਧਾਰਿਤ ਹੈ। ਇਸ ’ਚ ਬਿਨਾਂ ਕਿਸੇ ਵਿਤਕਰੇ ਦੇ ਸਾਰਿਆਂ ਦੀ ਮਦਦ ਕਰਨ ਦਾ ਸੰਕਲਪ ਹੈ। ਸਿੱਖ ਗੁਰੂਆਂ ਦੇ ਇਸੇ ਉਪਦੇਸ਼ ਨੂੰ ਅੱਗੇ ਵਧਾਉਂਦੇ ਹੋਏ ਸਿੱਖ ਧਰਮ ਨਾਲ ਜੁੜੇ ਸੰਗਠਨ ਹੁਣ ਰੂਸ ਅਤੇ ਯੂਕ੍ਰੇਨ ਦਰਮਿਆਨ ਛਿੜੀ ਜੰਗ ਦੇ ਕਾਰਨ ਯੂਕ੍ਰੇਨ ’ਚ ਫਸੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਹਨ। ਕੁਝ ਸਿੱਖ ਸੰਗਠਨ ਉੱਥੇ ਪਹੁੰਚ ਵੀ ਗਏ ਹਨ ਅਤੇ ਰਾਹਤ ਸੇਵਾ ਸ਼ੁਰੂ ਵੀ ਕਰ ਦਿੱਤੀ ਹੈ। ਦਿੱਲੀ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਸਰਕਾਰ ਦੀ ਮਦਦ ਨਾਲ ਯੂਕ੍ਰੇਨ ਦੇ ਬਾਰਡਰ ’ਤੇ ਸੇਵਾ ਕਰਨ ਜਾ ਰਹੀ ਹੈ।

ਕਮੇਟੀ ਨੇ ਪੋਲੈਂਡ ਅਤੇ ਚੈਕੋਸਲੋਵਾਕੀਆ ਦੀ ਯੋਜਨਾ ਬਣਾਈ ਹੈ। ਪਹਿਲੇ ਪੜਾਅ ’ਚ ਪੋਲੈਂਡ ’ਚ ਲੰਗਰ ਲਗਾਉਣ ਅਤੇ ਮੈਡੀਕਲ ਸੇਵਾ ਸਮੇਤ ਹੋਰ ਮਦਦ ਕਰਨ ਦੀ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਕਮੇਟੀ ਨੇ ਇਸ ਦੇ ਲਈ ਬਾਕਾਇਦਾ ਕੁਲ 20 ਲੋਕਾਂ ਦੀਆਂ ਦੋ ਟੀਮਾਂ ਤਿਆਰ ਕੀਤੀਆਂ ਹਨ ਜੋ ਯੂਕ੍ਰੇਨ ਦੀ ਸਰਹੱਦ ’ਤੇ ਜਾ ਕੇ ਲੰਗਰ ਦੀ ਸੇਵਾ ਕਰਨਗੀਆਂ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ ’ਚ ਕਮੇਟੀ ਦੇ ਅਹੁਦੇਦਾਰ, ਕਰਮਚਾਰੀ ਅਤੇ ਸੇਵਾਦਾਰ ਰਾਹਤ ਸਮੱਗਰੀ ਅਤੇ ਜ਼ਰੂਰੀ ਮੈਡੀਕਲ ਸਮੱਗਰੀ ਨਾਲ ਜਲਦੀ ਦਿੱਲੀ ਤੋਂ ਕੂਚ ਕਰਨਗੇ। ਇਸ ਦੇ ਲਈ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲਾ ਤੇ ਗ੍ਰਹਿ ਮੰਤਰਾਲਾ ਤੋਂ ਜ਼ਰੂਰੀ ਇਜਾਜ਼ਤ ਮੰਗੀ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਆਫ਼ਤਾਂ, ਹੜ੍ਹ, ਭੂਚਾਲ ’ਚ ਮਦਦ ਲਈ ਅੱਗੇ ਰਹੀ ਹੈ।

ਇਹ ਵੀ ਪੜ੍ਹੋ:  ਕੇਂਦਰ ਤੇ ਪੰਜਾਬ ਵਿਚਾਲੇ ਭਖਦਾ ਮੁੱਦਾ ਬਣਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਾਣੋ ਕੀ ਹੈ ਵਿਵਾਦ ਦਾ ਕਾਰਨ

1984 ਦੇ ਸਿੱਖ ਦੰਗਾ ਪੀੜਤਾਂ ਨੂੰ ਰਾਹਤ ਜਾਰੀ ਰਹੇਗੀ : ਕੇਂਦਰ ਸਰਕਾਰ ਨੇ ਪ੍ਰਵਾਸੀਆਂ ਅਤੇ ਵਤਨ ਪਰਤਣ ਵਾਲੇ ਲੋਕਾਂ ਲਈ ਰਾਹਤ ਅਤੇ ਮੁੜ-ਵਸੇਬੇ ਦੀ ਸਮੁੱਚੀ ਯੋਜਨਾ ਤਹਿਤ 7 ਮੌਜੂਦਾ ਉਪ ਯੋਜਨਾਵਾਂ ਨੂੰ ਸਾਲ 2021-22 ਤੋਂ ਲੈ ਕੇ 2025-26 ਤੱਕ ਦੇ ਅਰਸੇ ਲਈ 1452 ਕਰੋੜ ਰੁਪਏ ਦੇ ਕੁਲ ਖ਼ਰਚ ਦੇ ਨਾਲ ਜਾਰੀ ਰੱਖਣ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਗ੍ਰਹਿ ਮੰਤਰਾਲਾ ਦੀ ਇਸ ਸਮੁੱਚੀ ਯੋਜਨਾ ਤਹਿਤ ਮਿਲਣ ਵਾਲੀ ਸਹਾਇਤਾ ਦਾ ਲਾਭਪਾਤਰੀਆਂ ਤੱਕ ਪਹੁੰਚਣਾ ਯਕੀਨੀ ਹੋਵੇਗਾ। ਇਸ ’ਚ ਪਾਕਿਸਤਾਨ ਅਧਿਕਾਰਕ ਜੰਮੂ ਅਤੇ ਕਸ਼ਮੀਰ ਅਤੇ ਛੰਬ ਇਲਾਕਿਆਂ ਦੇ ਉਜੜੇ ਪਰਿਵਾਰਾਂ ਨੂੰ ਰਾਹਤ ਅਤੇ ਮੁੜ-ਵਸੇਬਾ, ਸ਼੍ਰੀਲੰਕਾਈ ਤਮਿਲ ਸ਼ਰਨਾਰਥੀਆਂ ਨੂੰ ਰਾਹਤ ਸਹਾਇਤਾ, ਤ੍ਰਿਪੁਰਾ ’ਚ ਰਾਹਤ ਕੈਂਪਾਂ ’ਚ ਰਹਿ ਰਹੇ ਪੀੜਤਾਂ ਨੂੰ ਰਾਹਤ ਸਹਾਇਤਾ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਵਧੀ ਹੋਈ ਰਾਹਤ, ਅੱਤਵਾਦ, ਫਿਰਕੂ ਅਤੇ ਖੱਬੇਪੱਖੀ ਅੱਤਵਾਦ ਦੀ ਹਿੰਸਾ ਤੇ ਸਰਹੱਦ ਪਾਰੋਂ ਭਾਰਤੀ ਇਲਾਕੇ ’ਚ ਗੋਲੀਬਾਰੀ ਅਤੇ ਬਾਰੂਦੀ ਸੁਰੰਗ ਅਤੇ ਆਈ. ਈ. ਡੀ. ਧਮਾਕੇ ਦੇ ਪੀੜਤਾਂ ਸਮੇਤ ਅੱਤਵਾਦੀ ਹਿੰਸਾ ਨਾਲ ਪ੍ਰਭਾਵਿਤ ਗ਼ੈਰ-ਫ਼ੌਜੀ ਪੀੜਤਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਅਤੇ ਹੋਰ ਸਹੂਲਤਾਂ, ਕੇਂਦਰੀ ਤਿੱਬਤੀ ਰਾਹਤ ਕਮੇਟੀ (ਸੀ. ਟੀ. ਆਰ. ਸੀ.) ਨੂੰ ਸਹਾਇਤਾ ਗ੍ਰਾਂਟ, ਭਾਰਤ ਸਰਕਾਰ ਦੇ ਕੂਚਬਿਹਾਰ ਜ਼ਿਲ੍ਹੇ ’ਚ ਸਥਿਤ 51 ਪੁਰਾਣੇ ਬੰਗਲਾਦੇਸ਼ੀ ਇਨਕਲੇਵ ’ਚ ਮੁੱਢਲੇ ਢਾਂਚੇ ਦੇ ਵਿਕਾਸ ਲਈ ਅਤੇ ਬੰਗਲਾਦੇਸ਼ ’ਚ ਪਹਿਲੇ ਭਾਰਤੀ ਇਨਕਲੇਵ ਤੋਂ ਵਾਪਸ ਪਰਤੇ 922 ਲੋਕਾਂ ਦੇ ਮੁੜ-ਵਸੇਬੇ ਲਈ ਪੱਛਮੀ ਬੰਗਾਲ ਸਰਕਾਰ ਨੂੰ ਸਹਾਇਤਾ ਗ੍ਰਾਂਟ ਵੀ ਮੁਹੱਈਆ ਕਰ ਰਹੀ ਹੈ।

ਇਹ ਵੀ ਪੜ੍ਹੋ: ਖ਼ੁਲਾਸਾ: ਅੰਗਰੇਜ਼ੀ ’ਚ ਕਮਜ਼ੋਰ ਸੈਂਕੜੇ ਵਿਦਿਆਰਥੀਆਂ ਨੂੰ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਭੇਜਿਆ ਯੂਕ੍ਰੇਨ

ਗੁਰਦੁਆਰਾ ਕਮੇਟੀ ਦੀ ਨਵੀਂ ਸੱਤਾ ’ਤੇ ਹੋ ਸਕਦਾ ਹੈ ਸੰਕਟ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਨਵੀਂ ਮੈਨੇਜਮੈਂਟ ਵਿਰੁੱਧ ਵਿਰੋਧੀ ਪਾਰਟੀ ਨੇ ਕੁਝ ਦਿਨ ਪਹਿਲਾਂ ਅੰਦਰੂਨੀ ਚੋਣ ਅਤੇ ਜਨਰਲ ਹਾਊਸ ਦੇ ਦਿਨ ਹੋਏ ਹੰਗਾਮੇ, ਬਵਾਲ ਦੀ ਲਗਭਗ 16 ਘੰਟੇ ਦੀ ਵੀਡੀਓ ਰਿਕਾਰਡਿੰਗ ਅਦਾਲਤ ਨੂੰ ਸੌਂਪੀ ਹੈ। ਇਸ ਵੀਡੀਓ ’ਚ ਮੈਂਬਰਾਂ ਸਬੰਧੀ 7 ਮਾਰਚ ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਰੇਖਾ ਪੱਲੀ ਦੀ ਕੋਰਟ ’ਚ ਸੁਣਵਾਈ ਹੈ। ਇਸ ਦੌਰਾਨ ਅਦਾਲਤ ਸਾਰੇ ਪ੍ਰਮੁੱਖ ਘਟਨਾਕ੍ਰਮ ਵਾਲੇ ਵੀਡੀਓ ਦੇਖੇਗੀ ਜਿਸ ’ਤੇ ਸਵਾਲ ਉਠਾਇਆ ਗਿਆ ਹੈ, ਅਜਿਹਾ ਵਿਰੋਧੀ ਧਿਰ ਵੱਲੋਂ ਦਾਅਵਾ ਕੀਤਾ ਜਾ ਰਿਹਾ। ਵਿਰੋਧੀ ਧਿਰ ਦੇ ਦਾਅਵੇ ’ਤੇ ਯਕੀਨ ਕਰੀਏ ਤਾਂ ਦੁਬਾਰਾ ਅੰਦਰੂਨੀ ਚੋਣ ਹੋਣੀ ਤੈਅ ਹੈ। ਇਸ ਲਈ ਮੌਜੂਦਾ ਕਮੇਟੀ ਦੀ ਨਵੀਂ ਮੈਨੇਜਮੈਂਟ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਹਾਲਾਂਕਿ ਸੱਤਾਧਾਰੀ ਪਾਰਟੀ ਕੋਲ ਲੋੜੀਂਦੇ ਮੈਂਬਰਾਂ ਦੀ ਬਹੁਮਤ ਹੈ।

ਇਹ ਵੀ ਪੜ੍ਹੋ: ਜਾਣੋ ਯੂਕ੍ਰੇਨ-ਰੂਸ ਲੜਾਈ ਦੀ ਅਸਲ ਵਜ੍ਹਾ, ਜਿਸ ਕਾਰਨ ਬਰੂਹਾਂ 'ਤੇ ਆਣ ਢੁੱਕੀ 'ਤੀਜੀ ਵਿਸ਼ਵ ਜੰਗ'

ਲਾਲ ਕਿਲ੍ਹੇ ’ਤੇ ਮਨਾਇਆ ਜਾਵੇਗਾ ਦਿੱਲੀ ਫਤਿਹ ਦਿਵਸ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਦਿੱਲੀ ਫਤਿਹ ਦਿਵਸ ਦਾ ਆਯੋਜਨ ਲਾਲ ਕਿਲ੍ਹੇ ’ਤੇ 6 ਤੋਂ 7 ਅਪ੍ਰੈਲ ਨੂੰ ਕੀਤਾ ਜਾਵੇਗਾ। ਇਸ ਦੌਰਾਨ ਵਿਸ਼ੇਸ਼ ਕੀਰਤਨ ਦਰਬਾਰ, ਖਾਲਸਾਈ ਖੇਡ ਗੱਤਕੇ ਦਾ ਆਯੋਜਨ ਹੋਵੇਗਾ। ਇਸ ਲਈ ਲਾਲ ਕਿਲ੍ਹੇ ਤੋਂ ਲੈ ਕੇ ਮਿਠਾਈਪੁਲ ਤੱਕ ਇਕ ਜਰਨੈਲੀ ਮਾਰਚ ਵੀ ਕੱਢਿਆ ਜਾਵੇਗਾ। ਇਸ ਮਾਰਚ ’ਚ ਜਥੇਦਾਰ ਸਾਹਿਬ, ਸੰਤ ਸਮਾਜ ਤੇ ਹੋਰ ਪੰਥਕ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ। ਕਹਿੰਦੇ ਹਨ ਕਿ 1783 ਈ. ’ਚ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰਨਾਂ ਸਿੱਖ ਜਰਨੈਲਾਂ ਦੀ ਅਗਵਾਈ ’ਚ ਸਿੰਘਾਂ ਨੇ ਮੁਗਲ ਹਾਕਮ ਸਮਰਾਟ ਸ਼ਾਹ ਆਲਮ (ਦੂਜੇ) ਨੂੰ ਹਰਾ ਕੇ ਦਿੱਲੀ ’ਤੇ ਜਿੱਤ ਹਾਸਲ ਕੀਤੀ ਸੀ। ਇਸ ਦੇ ਬਾਅਦ ਜਰਨੈਲਾਂ ਨੇ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ। ਇਹ ਇਕ ਇਤਿਹਾਸਕ ਘਟਨਾ ਹੈ ਅਤੇ ਅੱਜ ਵੀ ਉਸ ਦੀਆਂ ਨਿਸ਼ਾਨੀਆਂ ਦਿੱਲੀ ’ਚ ਮੌਜੂਦ ਹਨ। ਤੀਸ ਹਜ਼ਾਰੀ ਅਦਾਲਤ ਦਾ ਨਾਂ ਸਿੱਖ ਫ਼ੌਜ ਦੀ 30,000 ਮਜ਼ਬੂਤ ਫ਼ੌਜ ਦੇ ਨਾਂ ’ਤੇ ਰੱਖਿਆ ਗਿਆ ਜਿਨ੍ਹਾਂ ਨੇ ਇਸ ਸਥਾਨ ’ਤੇ ਡੇਰਾ ਲਾਇਆ ਸੀ। ਇਸੇ ਤਰ੍ਹਾਂ ਮੋਰੀ ਗੇਟ ਦਾ ਨਾਂ ਰੱਖਿਆ ਗਿਆ। ਲਾਲ ਕਿਲ੍ਹੇ ’ਚ ਦਾਖ਼ਲ ਹੋਣ ਲਈ ਸਿੱਖ ਫ਼ੌਜੀ ਦਿੱਲੀ ਦੀ ਕੰਧ ’ਚ ਸੰਨ੍ਹ ਲਾ ਕੇ ਦਿੱਲੀ ’ਚ ਦਾਖ਼ਲ ਹੋਏ ਸਨ, ਜਿਸ ਦੇ ਬਾਅਦ ਇਸ ਦਾ ਨਾਂ ਮੋਰੀ ਗੇਟ ਪਿਆ। ਇਸ ਦੇ ਇਲਾਵਾ ਮਿਠਾਈਪੁਲ ਉਹ ਸਥਾਨ ਹੈ ਜਿੱਥੇ ਸਿੱਖ ਫ਼ੌਜੀ ਜਨਤਾ ਦਰਮਿਆਨ ਮਠਿਆਈਆਂ ਵੰਡਦੇ ਸਨ।
ਸੁਨੀਲ ਪਾਂਡੇ

ਨੋਟ: ਇਸ ਆਰਟੀਕਲ ਸਬੰਧੀ ਕੀ ਹੈ ਤੁਹਾਡੀ ਰਾਏ?ਕੁਮੈਂਟ ਕਰਕੇ ਦੱਸੋ


Harnek Seechewal

Content Editor

Related News