ਥਰਮਲ ਮੁਲਾਜ਼ਮਾਂ ਵਲੋਂ ਡਾਇਰੈਕਟਰ ਦਾ ਘਿਰਾਓ
Sunday, Feb 25, 2018 - 02:49 PM (IST)
ਬਠਿੰਡਾ (ਸੁਖਵਿੰਦਰ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪੱਕੇ ਮੁਲਾਜ਼ਮਾਂ ਨੇ ਗੁਰੂ ਨਾਨਕ ਦੇਵ ਪਲਾਂਟ ਇੰਪਲਾਈਜ਼ ਫੈੱਡਰੇਸ਼ਨ ਦੀ ਅਗਵਾਈ ਵਿਚ ਪਾਵਰਕਾਮ ਬਠਿੰਡਾ ਪਹੁੰਚੇ ਡਾਇਰੈਕਟਰ ਦੀ ਗੱਡੀ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਉਕਤ ਅਧਿਕਾਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਥਰਮਲ ਬੰਦ ਕਰਨ, ਮੁਲਾਜ਼ਮਾਂ ਦੇ ਤਬਾਦਲੇ ਫੀਲਡ ਵਿਚ ਕਰਨ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਫੈੱਡਰੇਸ਼ਨ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਪਾਵਰਕਾਮ ਪ੍ਰਬੰਧਨ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸ਼ਨੀਵਾਰ ਨੂੰ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਸੀ ਕਿ ਪਾਵਰਕਾਮ ਦੇ ਡਾਇਰੈਕਟਰ ਜੀ. ਕੇ. ਗੋਇਲ ਬਠਿੰਡਾ ਆ ਰਹੇ ਹਨ। ਇਸ 'ਤੇ ਸਾਰੇ ਮੁਲਾਜ਼ਮ ਕਾਲੀਆਂ ਝੰਡੀਆਂ ਲੈ ਕੇ ਥਰਮਲ ਪਲਾਂਟ ਦੇ ਗੇਟ ਸਾਹਮਣੇ ਇਕੱਠ ਹੋ ਗਏ। ਜਿਵੇਂ ਹੀ ਡਾਇਰੈਕਟਰ ਤੇ ਹੋਰ ਗੱਡੀਆਂ ਦਾ ਕਾਫਲਾ ਥਰਮਲ ਪਲਾਂਟ ਤੋਂ ਬਾਹਰ ਕੱਢਿਆ ਤਾਂ ਮੁਲਾਜ਼ਮਾਂ ਨੇ ਉਨ੍ਹਾਂ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਘਟਨਾ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਵੀ ਨਹੀਂ ਮਿਲੀ, ਜਿਸ ਕਾਰਨ ਮੌਕੇ 'ਤੇ ਪੁਲਸ ਵੀ ਨਹੀਂ ਪਹੁੰਚ ਸਕੀ। ਥਰਮਲ ਪਲਾਂਟ ਦੇ ਹੀ ਕੁਝ ਸਕਿਓਰਿਟੀ ਗਾਰਡਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਡਾਇਰੈਕਟਰ ਦੀ ਗੱਡੀ ਨੂੰ ਉਥੋਂ ਕਢਵਾਇਆ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।