ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ।
Tuesday, Nov 12, 2019 - 10:30 AM (IST)

ਜਗਤਾਰਜੀਤ ਸਿੰਘ
98990-91186
'ਆਰਤੀ' ਪਰਮ ਵਿਸਮਾਦ ਦੀ ਅਵਸਥਾ ਦੀ ਰਚਨਾ ਹੈ, ਜਿਸਦੇ ਰਚਨਾਕਾਰ ਗੁਰੂ ਨਾਨਕ ਦੇਵ ਜੀ ਹਨ। ਇਸ 'ਚ ਦੁਨਿਆਵੀ ਵਿਹਾਰ, ਜੋ ਕਰਮਕਾਂਡ ਅਤੇ ਵਕਤੀ ਹੈ, ਦੇ ਮੁਕਾਬਲੇ ਕਰਮਕਾਂਡ ਤੋਂ ਪਰਾਂ ਹਰ ਖਿਣ ਹੋ ਰਹੀ ਅਤੇ ਬਦਲ ਰਹੀ ਬ੍ਰਹਮੰਡੀ ਗਰਦਿਸ਼ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਹੈ। 'ਆਰਤੀ' ਦ੍ਰਿਸ਼ ਦਾ ਰਚੈਤਾ ਜੀ. ਐੱਸ. ਸੋਹਨ ਸਿੰਘ ਉਸ ਵੇਲੇ ਨੂੰ ਆਪਣੀ ਕਲਪਨਾ ਅਤੇ ਕਲਾ ਸ਼ਕਤੀ ਨਾਲ ਕੈਨਵਸ ਉੱਪਰ ਉਤਾਰਨ ਦਾ ਉਪਰਾਲਾ ਕਰਦਾ ਹੈ। ਇਥੇ ਸਿਰਫ ਅਤੇ ਸਿਰਫ ਗੁਰੂ ਨਾਨਕ ਦੇਵ ਜੀ ਦੇ ਇਲਾਵਾ ਕੁਦਰਤ ਦੀਆਂ ਵੱਖ-ਵੱਖ ਇਕਾਈਆਂ ਹਨ।
ਚਿਤੇਰਾ ਕੀ ਆਪਣੇ ਉੱਦਮ 'ਚ ਸਫਲ ਹੋਇਆ ਹੈ, ਬਾਬਤ ਕੁਝ ਨਹੀਂ ਕਿਹਾ ਜਾ ਸਕਦਾ। ਇਹ ਸੱਚ ਹੈ ਕਿ ਚਿੱਤਰਕਾਰ ਨੂੰ ਚਿੱਤਰ ਪੇਂਟ ਕਰਦੇ ਸਮੇਂ, ਵਿਲੱਖਣ ਅਨੁਭਵ ਜਰੂਰ ਹੋਇਆ ਹੋਵੇਗਾ। ਓਦਾਂ ਵੀ ਇਸ ਵਿਸ਼ੇ ਨੂੰ ਲੈ ਕੇ ਕਿਸੇ ਹੋਰ ਚਿਤੇਰੇ ਦੀ ਰਚਨਾ ਦਿਖਾਈ ਨਹੀਂ ਦਿੰਦੀ। 'ਆਰਤੀ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ, ਜੋ 'ਗੁਰੂ ਗ੍ਰੰਥ ਸਾਹਿਬ' ਦੇ ਪੰਨਾ 663 'ਤੇ ਧਨਾਸਰੀ ਰਾਗ 'ਚ ਹੈ।
ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ,
ਤਾਰਿਕਾ ਮੰਡਲ ਜਨਕ ਮੋਤੀ।।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਜਦੋਂ ਜਗਨਨਾਥ ਪੁਰੀ ਪਹੁੰਚੇ ਤਾਂ ਉੱਥੇ ਉਨ੍ਹਾਂ ਪਾਂਡਿਆਂ ਦਾ ਵਰਤੋਂ- ਵਿਹਾਰ ਦੇਖਿਆ। ਉੱਥੇ ਹੀ ਉਨ੍ਹਾਂ ਨੇ ਪਾਂਡਿਆਂ ਨੂੰ ਮੂਰਤੀਆਂ ਅੱਗੇ ਖੜ੍ਹੇ ਹੋ ਕੇ ਜਗਦੇ ਦੀਵਿਆਂ ਨਾਲ ਉਨ੍ਹਾਂ ਦੀ ਆਰਤੀ ਉਤਾਰਦਿਆਂ ਦੇਖਿਆ। ਗੁਰੂ ਜੀ ਨੂੰ ਇਹ ਰੀਤ ਪ੍ਰਵਾਨ ਨਹੀਂ ਹੋਈ। ਉਨ੍ਹਾਂ ਨੇ ਪੱਥਰ ਦੀਆਂ ਦੇਵੀਆਂ ਦੇਵਤਿਆਂ ਦੀ ਸੀਮਤ ਉਸਤਤ ਦੀ ਥਾਂ ਕੁਦਰਤ ਦੇ ਵਿਸ਼ਾਲ ਅਸੀਮ ਵਰਤਾਰੇ ਨੂੰ ਆਪਣੀ ਉਸਤਤ ਦਾ ਵਿਸ਼ਾ ਸਵਿਕਾਰਿਆ। ਉਹ ਗਗਨ ਨੂੰ ਜਦ ਥਾਲ ਰੂਪ 'ਚ ਵਿਚਾਰਦੇ ਹਨ ਤਾਂ ਉਹ ਕਿਸੇ ਨਾ ਕਿਸੇ ਰੂਪ ਜਾਂ ਧਰਾਤਲ ਉੱਪਰ ਕਾਲ (ਸੀਮਤ) ਦੀ ਥਾਂ ਅਕਾਲ (ਅਸੀਮਤ) ਦੇ ਪੱਖ ਵੱਲ ਹਾਜ਼ਰ ਲਗਦੇ ਹਨ। ਦੇਵੀ ਦੇਵਤੇ ਇਕ ਨਿਸਚਿਤ ਕਾਲ-ਖੰਡ 'ਚ ਜਨਮੇ ਅਤੇ ਮਰ ਗਏ ਕਿ ਕੁਦਰਤ ਦੇ ਤੱਤ ਆਦਿ-ਅਨਾਦਿ ਸਮੇਂ ਤੋਂ ਹੋਂਦ 'ਚ ਹਨ। ਇਨ੍ਹਾਂ ਦੀ ਉਤਪਤੀ ਬਾਬਤ ਇਨ੍ਹਾਂ ਦੇ ਕਰਤੇ ਨੂੰ ਹੀ ਗਿਆਨ ਹੈ, ਜਿਸ ਨੇ ਇਨ੍ਹਾਂ ਦੀ ਰਚਨਾ ਕੀਤੀ ਹੈ। ਇਹ ਤਸਵੀਰ ਲੰਬੇ ਰੁੱਖ ਵੱਲ ਨੂੰ ਬਣੀ ਹੋਈ ਹੈ। ਕੀ ਜੀ. ਐੱਸ. ਸੋਹਨ ਸਿੰਘ ਨੇ ਇਸ ਵਿਸ਼ੇ ਨੂੰ ਮੁੜ ਚਿੱਤਰਿਆ ਜਾਂ ਕੋਈ ਉਤਾਰਾ ਤਿਆਰ ਕੀਤਾ, ਜਾਣਕਾਰੀ ਨਹੀਂ ਮਿਲਦੀ। ਚਿੱਤਰਕਾਰ ਆਪਣੇ ਇਸ਼ਟ ਨੂੰ ਕੁਦਰਤ ਦੀ ਗੋਦ 'ਚ ਪੇਸ਼ ਕਰਦਾ ਹੈ, ਜਿੱਥੇ ਬਨਸਪਤੀ, ਆਕਾਸ਼, ਜਲ ਸਰੋਤਾਂ ਦੀ ਕਲ-ਕਲ ਹੈ। ਲੱਗਦਾ ਹੈ ਸੱਜੇ ਵੱਲ ਦੀ ਗੁਰੂ ਨਾਨਕ ਦੇਵ ਜੀ ਫਰੇਮ 'ਚ ਪ੍ਰਵੇਸ਼ ਕਰ ਰਹੇ ਹਨ। ਉਹ ਆ ਕੇ ਟਿਕਦੇ ਨਹੀਂ ਸਗੋਂ ਅਗ੍ਹਾਂ ਵਧ ਰਹੇ ਹਨ। ਇਸ ਤਰ੍ਹਾਂ ਦਾ ਸੰਕੇਤ ਉਨ੍ਹਾਂ ਦੇ ਪੈਰਾਂ ਦੀ ਗਤੀ ਤੋਂ, ਪਾਏ ਗਏ ਵਸਤਰਾਂ ਦੀ ਪਿਛਾਂਹ ਵੱਲ ਨੂੰ ਹੋਣ 'ਚ ਦਰਜ ਹੈ।
ਉਨ੍ਹਾਂ ਨੂੰ ਵੱਡੇਰੀ ਉਮਰ ਦੇ ਰੂਪ 'ਚ ਦਿਖਾਇਆ ਹੈ। ਸਰੋਤਾਂ ਤੋਂ ਗਿਆਤ ਹੁੰਦਾ ਹੈ, ਉਹ ਜੂਨ ਮਹੀਨੇ ਦੇ ਦਿਨੀ 1510 ਨੂੰ ਜਗਨ ਨਾਥ ਸਨ। ਇਸ ਹਿਸਾਬ ਉਸ ਵੇਲੇ ਉਨ੍ਹਾਂ ਦੀ ਉਮਰ ਇੱਕਤਾਲੀ ਸਾਲ ਦੀ ਸੀ। ਚਿੱਤਕਾਰ ਗੁਰੂ ਜੀ ਨੂੰ ਉਮਰ ਅਨੁਰੂਪ ਨਹੀਂ ਬਣਾ ਰਿਹਾ। ਇਸ ਦੇ ਬਾਵਜੂਦ ਉਹ ਇਕਹਰੇ ਸਰੀਰ ਚੰਗੇ ਕੱਦ–ਕਾਠ ਵਾਲੇ ਹਨ। ਉਨ੍ਹਾਂ ਨੇ ਪੀਲੀ ਪੱਗ ਅਤੇ ਇਸੇ ਰੰਗ ਦਾ ਪੈਰਾਂ ਤੱਕ ਲੰਬਾ ਚੋਲਾ ਪਾਇਆ ਹੋਇਆ ਹੈ। ਮੋਢਿਆ ਉੱਪਰ ਨੀਲੇ/ਜਾਮੁਨੀ ਰੰਗ ਦੀ ਚਾਦਰ ਹੈ। ਪੈਰਾਂ ਦੀ ਰਾਖੀ ਲਈ ਕੀ ਪਾਇਆ ਹੈ, ਨਿੱਕੀ-ਨਿੱਕੀ ਜੜੀ-ਬੂਟੀ 'ਚ ਲੁਕਿਆ ਹੋਇਆ ਹੈ। ਇਸ ਰੂਪ ਨੂੰ ਕਿਸੇ ਕਿਸਮ ਦੀ ਵਾਧੂ ਵਸਤੂ ਨਾਲ ਸ਼ਿੰਗਾਰਿਆ ਨਹੀਂ। ਇਹ ਦੂਸਰੇ ਚਿੱਤਰਕਾਰਾਂ ਤੋਂ ਹੱਟਵੀ ਪਹੁੰਚ ਹੈ। ਨਾਮੀ ਚਿਤੇਰੇ ਚਿੱਤਰ ਬੇਲੋੜੀਆਂ ਚੀਜ਼ਾਂ ਨਾਲ ਭਰ ਦਿੰਦੇ ਹਨ। ਇਸ ਪੱਖੋਂ ਇਹ ਰੂਪ ਬਿਲਕੁਲ ਸਾਦਾ ਹੈ, ਇੱਥੋਂ ਤਕ ਕਿ ਨਾ ਹੱਥ 'ਚ ਸਿਮਰਨਾ ਹੈ ਅਤੇ ਨਾ ਹੀ ਗਲ ਦੁਆਲੇ ਭਾਂਤ ਭਾਂਤ ਦੀਆਂ ਮਾਲਾਵਾਂ। ਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵ ਆਧਾਰ ਉੱਪਰ, ਜਿਸ ਆਰਤੀ ਨੂੰ ਨਿਰੂਪਤ (ਵਿਜੂਅਲਾਇਜਰ) ਕੀਤਾ ਹੈ, ਉਸੇ ਸਥਿਤੀ ਨੂੰ ਚਿੱਤਰਕਾਰ ਆਪਣੀ ਤਰ੍ਹਾਂ ਕਲਪਦਾ/ਬਣਾਉਂਦਾ ਹੈ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬ੍ਰਹਿਮੰਡ ਦੀ ਗਰਦਿਸ਼ ਦਰਮਿਆਨ ਰੱਖਣ ਦਾ ਯਤਨ ਕੀਤਾ ਹੈ। ਭਾਵੇਂ ਕਿ ਇਹ ਦ੍ਰਿਸ਼ ਉਸ ਸਮੁੱਚੇ ਵਰਤਾਰੇ ਦੇ ਸਾਹਮਣੇ ਨਿਗੂਣਾ ਹੈ ਤਾਂ ਵੀ ਹੋਈ ਕੋਸ਼ਿਸ਼ ਭਿੰਨਤਾ ਵਾਲੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਛਲੇ ਪਾਸੇ ਲਾਲ ਰੰਗ ਦੇ ਫੁੱਲਾਂ ਨਾਲ ਭਰੇ ਰੁੱਖ ਦੀਆਂ ਟਹਿਣੀਆਂ ਹਨ। ਦੂਰ ਪਹਾੜਾਂ ਦੀਆਂ ਸਿਖਰਾਂ ਦੇ ਪਿਛੋਕੜ 'ਚ ਅਸਮਾਨ ਹੈ। ਪਹਾੜਾਂ ਉੱਪਰ ਚੜੀ ਲਲਿਮਾ ਦੀ ਪਰਤ ਦੱਸਦੀ ਹੈ ਜਿਵੇਂ ਦੂਰ, ਚਿੱਤਰ ਫਰੇਮ ਤੋਂ ਬਾਹਰ ਕੋਈ ਸੂਰਜ ਉਦੈ ਜਾਂ ਅਸਤ ਹੋ ਰਿਹਾ ਹੈ। ਜਲਦ ਲਲਿਮਾ ਵਾਲੀ ਇਹ ਥਾਂ ਹਲਕੀ ਹੁੰਦੀ-ਹੁੰਦੀ ਹਲਕੇ ਤੋਂ ਗੁੜ੍ਹੇ ਹੁੰਦੇ ਨੀਲੇ ਰੰਗ 'ਚ ਤਬਦੀਲ ਹੋ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਰ ਹਲਕਾ ਜਿਹਾ ਉਤਾਂਹ ਵੱਲ ਹੈ। ਜਦ ਕੋਈ ਸ਼ਖਸ ਦੂਰ ਵੱਲ ਦੇਖਣਾ ਚਾਹੁੰਦਾ ਹੈ ਤਾਂ ਏਦਾਂ ਹੋ ਜਾਣਾ ਸੁਭਾਵਿਕ ਹੀ ਹੈ। ਉਨ੍ਹਾਂ ਦਾ ਖੁੱਲਿਆ ਸੱਜਾ ਹੱਥ ਅਤੇ ਖੱਬੇ ਹੱਥ ਦੀ ਹਰਕਤ ਮਨ ਅੰਦਰ ਪੈਦਾ ਹੋਏ ਅਸਚਰਜ ਦਾ ਬਾਹਰੀ ਪ੍ਰਗਟਾਵਾ ਸੰਜਮ ਨਾਲ ਕੀਤਾ ਹੈ। ਚਿੱਤਰਕਾਰ ਮਰਿਆਦਾ 'ਚ ਰਹਿ ਕੇ ਆਪਣੇ ਭਾਵਾਂ ਨੁੰ ਰੂਪਾਂਤਰਿਤ ਕਰ ਰਿਹਾ ਹੈ। ਅਜੋਕੇ ਸਮੇਂ ਦੇ ਕੁਝ ਕਲਾਕਾਰ, ਜੋ ਨਾ ਆਪ ਮਰਿਆਦਿਤ ਹਨ ਅਤੇ ਨਾ ਹੀ ਸਿੱਖ ਮਰਿਆਦਾ ਤੋਂ ਜਾਣੂ ਹਨ।ਉਹ ਨਿੱਜੀ ਸ਼ੋਹਰਤ ਹਿਤ ਅਮੰਨਣਯੋਗ ਚਿੱਤਰ ਉਲੀਕਣ ਲੱਗੇ ਹੋਏ ਹਨ।
ਉਨ੍ਹਾਂ ਦੇ ਸੱਜੇ ਦੂਰ ਤੱਕ ਅਤੇ ਬਿਲਕੁਲ ਸਾਹਮਣੇ ਵਾਲੀ ਦਿਸ਼ਾ ਪ੍ਰਕਿਰਤ ਇਕਾਈਆ ਨਾਲ ਭਰਪੂਰ ਹੈ। ਸਮੁੱਚੀ ਥਾਂ ਉੱਚੀ–ਨੀਵੀਂ ਹੈ, ਜਿਸ ਦੀ ਸਤਹ ਉੱਪਰ ਜੋ ਛੋਟੇ-ਵੱਡੇ ਰੁੱਖ, ਜੜੀ ਬੂਟ ਹਰਿਆਵਲ ਰੂਪ 'ਚ ਦਿਸ ਆਉਂਦੇ ਹਨ, ਉਹ ਪਛਾਨਣਯੋਗ ਨਹੀਂ। ਸੰਭਵ ਹੈ ਚਿਤੇਰੇ ਨੂੰ ਇਨ੍ਹਾਂ ਦੀ ਪਛਾਣ ਹੋਵੇ ਪਰ ਅਗ੍ਹਾਂ ਹੁੰਦਿਆਂ, ਦਰਸ਼ਕ ਤੱਕ ਪਹੁੰਚਦਿਆਂ ਇਹ ਬੇਪਛਾਣ ਹੋ ਜਾਂਦੇ ਹਨ। ਇਹ ਇਕਾਈਆਂ ਥਾਂ ਨੂੰ ਭਰਨ ਦੇ ਨਾਲ ਨਾਲ ਉਸ ਦੀ ਸਜਾਵਟ ਕਰ ਰਹੀ ਹੈ।ਦਿਖਣ ਵਾਲਾ ਬਲਸ਼ਾਲੀ ਮੋਇਫ ਪਾਣੀ ਹੈ, ਜਿਹੜਾ ਕਿਸੇ ਵੀ ਥਾਂ ਟਿਕਿਆ ਹੋਇਆ ਨਹੀਂ ਸਗੋਂ ਗਤੀਸ਼ੀਲ ਹੈ। ਖੱਬੇ ਵੱਲ ਵੱਡੇ ਆਕਾਰਾਂ ਵਿਚਾਲਿਓ ਲੋਅ ਦਾ ਜਖੀਰਾ ਦਿਸ ਰਿਹਾ ਹੈ।ਇਹ ਇਸੇ ਧਰਤੀ ਦਾ ਅੰਗ ਹੋ ਸਕਦਾ ਹੈ, ਕਿਸੇ ਹੋਰ ਪੁਲਾੜ ਵੱਲ ਦਾ ਸੰਕੇਤ ਵੀ ਹੋ ਸਕਦਾ ਹੈ। ਇਹੋ ਲੋਅ ਬਾਕੀ ਦੀ ਸਪੇਸ ਨੂੰ ਪ੍ਰਕਾਸ਼ਿਤ ਕਰ ਰਹੀ ਹੈ, ਜਿਸ ਆਸਰੇ ਇਕਾਈਆਂ ਦਾ ਆਕਾਰ, ਪ੍ਰਕਾਰ, ਰੰਗ ਉਘੜ ਰਿਹਾ ਹੈ। ਗੌਰ ਨਾਲ ਦੇਖਣ ਉਪਰੰਤ ਪਤਾ ਚਲਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਉਸੇ ਦਿਸ਼ਾ ਵੱਲ ਹੈ। ਦ੍ਰਿਸ਼ਟੀ ਦਾ ਹੋਰ ਵਸਤਾਂ ਤੋਂ ਹੱਟ ਕੇ ਉਧਰ ਨੂੰ ਹੋਣਾ ਸਾਧਾਰਣ ਗੱਲ ਨਹੀਂ, ਇਹਦੇ ਰਾਹੀਂ ਚਿਤੇਰਾ ਗੁਰੂ ਜੀ ਦੇ ਉਦੇਸ਼/ ਸਿੱਖਿਆ ਵੱਲ ਇਸ਼ਾਰਾ ਕਰ ਰਿਹਾ ਹੈ।