ਵਿਆਹ ''ਚ ਭਾਨੀ ਮਾਰਨ ਵਾਲਾ ਗ੍ਰੰਥੀ ਗ੍ਰਿਫਤਾਰ

10/23/2019 12:29:39 PM

ਗੁਰੂ ਕਾ ਬਾਗ (ਭੱਟੀ) : ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਚੇਤਨਪੁਰਾ ਦੀ ਵਸਨੀਕ ਲੜਕੀ ਰਾਜਬੀਰ ਕੌਰ (28) ਪੁੱਤਰੀ ਗੁਰਨਾਮ ਸਿੰਘ ਨੇ ਬੀਤੇ ਦਿਨੀਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਲੜਕੀ ਰਾਜਬੀਰ ਕੌਰ ਦੀ ਮੰਗਣੀ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਚੀਚਾ ਨਾਲ ਹੋਈ ਸੀ ਅਤੇ ਵਿਆਹ 5 ਨਵੰਬਰ ਨੂੰ ਹੋਣਾ ਸੀ। ਬੀਤੀ 17 ਅਕਤੂਬਰ ਨੂੰ ਰਾਜਬੀਰ ਕੌਰ ਦੀ ਸਿਹਤ ਅਚਾਨਕ ਵਿਗੜਣ ਕਾਰਣ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਲਿਜਾਇਆ ਗਿਆ। ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਇਸ ਦੀ ਸੂਚਨਾ ਥਾਣਾ ਝੰਡੇਰ ਵਿਖੇ ਦਿੱਤੀ ਗਈ।

ਲੜਕੀ ਦੇ ਪਿਤਾ ਗੁਰਨਾਮ ਸਿੰਘ ਪੁੱਤਰ ਇੰਦਰ ਸਿੰਘ ਪਿੰਡ ਚੇਤਨਪੁਰਾ ਵਲੋਂ ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪਿੰਡ ਚੇਤਨਪੁਰਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਬਾਬਾ ਨਿੱਕਜੀਤ ਸਿੰਘ ਵੱਲੋਂ ਲੜਕੀ ਦੇ ਸਹੁਰੇ ਪਿੰਡ ਚੀਚੇ ਜਾ ਕੇ ਵਿਆਹ 'ਚ ਭਾਨੀ ਮਾਰਦਿਆਂ ਉਸ ਦੇ ਜਵਾਈ ਗੁਰਪ੍ਰੀਤ ਸਿੰਘ ਅਤੇ ਲੜਕੀ ਦੇ ਸਹੁਰਾ ਪਰਿਵਾਰ ਨੂੰ ਸਾਡੇ ਪਰਿਵਾਰ ਅਤੇ ਮੇਰੀ ਲੜਕੀ ਦੇ ਚਾਲ-ਚਲਣ ਬਾਰੇ ਗਲਤ ਦੱਸ ਕੇ ਰਿਸ਼ਤਾ ਤੋੜਨ ਲਈ ਉਕਸਾਇਆ ਗਿਆ। ਇਸ 'ਤੇ ਮੇਰੇ ਜਵਾਈ ਵਲੋਂ ਵਿਚੋਲੇ ਨੂੰ ਟੈਲੀਫੋਨ ਕਰ ਕੇ ਰਿਸ਼ਤਾ ਤੋੜਨ ਦਾ ਕਹਿ ਦਿੱਤਾ ਗਿਆ। ਸਦਮੇ 'ਚ ਆ ਕੇ ਲੜਕੀ ਨੇ ਕੋਈ ਜ਼ਹਿਰੀਲੀ ਖਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਇਹ ਵੀ ਦੱਸਿਆ ਕਿ ਮਰਨ ਤੋਂ ਪਹਿਲਾਂ ਲੜਕੀ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਉਕਤ ਗ੍ਰੰਥੀ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਤੰਗ-ਪ੍ਰੇਸ਼ਾਨ ਕਰਦਾ ਰਿਹਾ। ਇਸ ਦੀ ਸ਼ਿਕਾਇਤ ਮਿਲਣ 'ਤੇ ਪੁਲਸ ਵੱਲੋਂ ਹਰਕਤ 'ਚ ਆਉਂਦਿਆਂ ਲੜਕੀ ਦੇ ਸਸਕਾਰ ਮੌਕੇ ਹੀ ਉਕਤ ਦੋਸ਼ੀ ਬਾਬਾ ਨਿੱਕਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਪੂਰੇ ਤੱਥਾਂ ਦੀ ਪੜਤਾਲ ਕਰਨੀ ਆਰੰਭ ਦਿੱਤੀ ਗਈ।

ਥਾਣਾ ਮੁਖੀ ਝੰਡੇਰ ਅਵਤਾਰ ਸਿੰਘ ਨੇ ਦੱਸਿਆ ਕਿ ਤਫਤੀਸ਼ ਉਪਰੰਤ ਲੜਕੀ ਦੇ ਪਿਤਾ ਗੁਰਨਾਮ ਸਿੰਘ ਦੇ ਬਿਆਨਾਂ ਮੁਤਾਬਕ ਨਿੱਕਜੀਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਾਸੀ ਲੋਹਗੜ੍ਹ ਥਾਣਾ ਰਾਏਕੋਟ ਜ਼ਿਲਾ ਸੰਗਰੁਰ ਹਾਲ ਵਾਸੀ ਚੇਤਨਪੁਰਾ ਥਾਣਾ ਝੰਡੇਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੀਚਾ ਥਾਣਾ ਘਰਿੰਡਾ ਖਿਲਾਫ ਆਈ. ਪੀ. ਸੀ. ਦੀ ਧਾਰਾ 306, 34 ਅਧੀਨ ਮੁਕੱਦਮਾ ਨੰਬਰ 94 ਮਿਤੀ 21/10/19 ਥਾਣਾ ਝੰਡੇਰ ਵਿਖੇ ਦਰਜ ਕਰ ਕੇ ਗ੍ਰੰਥੀ ਨੂੰ ਜੇਲ ਭੇਜ ਦਿੱਤਾ ਗਿਆ ਹੈ, ਜਦਕਿ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Baljeet Kaur

Content Editor

Related News