ਨਵੇਂ ਸਾਲ ''ਤੇ ਸਿੰਘੂ ਬਾਰਡਰ ''ਤੇ ਕਿਸਾਨਾਂ ਨਾਲ ਡਟੇ ਗੁਰਪ੍ਰੀਤ ਘੁੱਗੀ, ਜਿੱਤ ਲਈ ਕੀਤੀ ਅਰਦਾਸ
Saturday, Jan 02, 2021 - 09:35 AM (IST)
ਚੰਡੀਗੜ੍ਹ (ਬਿਊਰੋ) : ਕਾਮੇਡੀਅਨ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇਸ ਵਾਰ ਨਵਾਂ ਸਾਲ ਕਿਸਾਨਾਂ ਨਾਲ ਮਨਾਇਆ। ਗੁਰਪ੍ਰੀਤ ਘੁੱਗੀ 31 ਦਸੰਬਰ 2020 ਨੂੰ ਪਰਿਵਾਰ ਸਮੇਤ ਸਿੰਘੁ ਬਾਰਡਰ ਪਹੁੰਚੇ, ਜਿੱਥੇ ਉਨ੍ਹਾਂ ਨੇ ਨਵੇਂ ਸਾਲ ਦੀ ਰਾਤ ਕਿਸਾਨਾਂ ਨਾਲ ਗੁਜ਼ਾਰੀ। ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਕਿਹਾ, 'ਨਵਾਂ ਸਾਲ ਕਿਸਾਨਾਂ ਨਾਲ ਚੜ੍ਹਾਉਣ ਤੋਂ ਇਲਾਵਾ ਹੋਰ ਕੋਈ ਵਧੀਆ ਤਰੀਕਾ ਨਹੀਂ ਸੀ, ਜਿੱਥੇ ਸਾਡੇ ਕਿਸਾਨ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਅਸੀਂ ਵੀ ਇੱਥੇ ਹੀ ਸਾਲ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਲ 2020 ਜਿਸ ਤਰ੍ਹਾਂ ਦਾ ਵੀ ਨਿਕਲ ਗਿਆ ਪਰ ਪਰਮਾਤਮਾ ਅੱਗੇ ਅਰਦਾਸ ਹੈ ਕੀ ਸਾਲ 2021 ਵਧੀਆਂ ਆਵੇ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਹੋਵੇ।'
ਇਸ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਦਿੱਲੀ ਪਹੁੰਚੇ ਸੀ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਅਤੇ ਹੋਰ ਬਾਕੀ ਕਲਾਕਾਰ ਸੋਸ਼ਲ ਮੀਡੀਆ 'ਤੇ ਇਸ ਮੁਹਿੰਮ ਨਾਲ ਜੁੜਦੇ ਜਾ ਰਹੇ ਹਨ। ਆਏ ਦਿਨ ਕੋਈ ਨਾ ਕੋਈ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ 'ਚ ਜਾ ਆਪਣਾ ਯੋਗਦਾਨ ਦੇ ਰਿਹਾ ਹੈ।
ਪੰਜਾਬੀ ਕਲਾਕਾਰਾਂ ਕਿਸਾਨਾਂ ਨਾਲ ਮਨਾਇਆ ਨਵਾਂ ਸਾਲ
ਦੱਸ ਦਈਏ ਕਿ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਗਾਇਕ ਕੰਵਰ ਗਰੇਵਾਲ, ਗਲਵ ਵੜੈਚ, ਹਰਫ ਚੀਮਾ, ਦੀਪ ਸਿੱਧੂ ਅਤੇ ਅਦਾਕਾਰਾ ਸੋਨੀਆ ਮਾਨ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਹਨ। ਇਹ ਅਜਿਹੇ ਕਲਾਕਾਰ ਹਨ, ਜੋ ਪਹਿਲੇ ਦਿਨ ਤੋਂ ਦਿੱਲੀ ਅੰਦੋਲਨ ’ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਮਲਕੀਤ ਰੌਣ, ਜੈਜ਼ੀ ਬੀ, ਜਸਬੀਰ ਜੱਸੀ ਅਤੇ ਇਹਾਨਾ ਢਿੱਲੋਂ ਨੇ ਕਿਸਾਨੀ ਅੰਦੋਲਨ ’ਚ ਪਹੁੰਚ ਕੇ ਕਿਸਾਨਾਂ ਨਾਲ ਨਵਾਂ ਸਾਲ ਮਨਾਇਆ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਇਸ ਸਾਲ ਪੰਜਾਬੀ ਕਲਾਕਾਰਾਂ ਦਾ ਇਕ ਵੱਖਰਾ ਰੂਪ ਵੇਖਣ ਨੂੰ ਮਿਲਿਆ। ਕੋਰੋਨਾ ਕਾਲ 'ਚ ਜ਼ਰੂਰਤਮੰਦ ਲੋਕਾਂ ਲਈ ਜਿਥੇ ਪੰਜਾਬੀ ਕਲਾਕਾਰਾਂ ਨੇ ਹੱਥ ਵਧਾਇਆ, ਉਥੇ ਹੀ ਕਿਸਾਨੀ ਅੰਦੋਲਨ 'ਚ ਵੀ ਪਹਿਲੇ ਦਿਨ ਤੋਂ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਤਾਲਾਬੰਦੀ ਦੌਰਾਨ ਕੀਤੀ ਜ਼ਰੂਰਤਮੰਦ ਲੋਕਾਂ ਦੀ ਮਦਦ
ਗੱਲ ਕਰੀਏ ਸਾਲ ਦੀ ਸ਼ੁਰੂਆਤ ਦੀ ਤਾਂ ਜਿਥੇ ਕੋਰੋਨਾ ਵਾਇਰਸ ਕਰਕੇ ਦੇਸ਼ ਭਰ 'ਚ ਤਾਲਾਬੰਦੀ ਦੇਖਣ ਨੂੰ ਮਿਲੀ, ਉਥੇ ਪੰਜਾਬੀ ਕਲਾਕਾਰ ਵੀ ਘਰਾਂ 'ਚ ਬੈਠ ਗਏ। ਆਪਣੀ ਟੀਮ ਅਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖ ਵੱਖ-ਵੱਖ ਕਲਾਕਾਰਾਂ ਵਲੋਂ ਆਪਣੇ ਇਲਾਕੇ ਦੇ ਜ਼ਰੂਰਤਮੰਦਾਂ ਤੇ ਨਜ਼ਦੀਕੀਆਂ ਦੀ ਮਦਦ ਕੀਤੀ ਗਈ। ਦਿਹਾੜੀਦਾਰ ਲੋਕਾਂ ਲਈ ਇਸ ਔਖੀ ਘੜੀ 'ਚ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਰ ਕਲਾਕਾਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਿਹਾੜੀਦਾਰ ਵਿਅਕਤੀ ਦੀ ਰੋਟੀ ਬੰਦ ਨਹੀਂ ਹੋਣ ਦਿੱਤੀ ਤੇ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੇ।
ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।
ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ।
ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।