ਜੇ ਕਿਸੇ ਕਿਸਾਨ ਦੀ ਕੋਰੋਨਾ ਨਾਲ ਮੌਤ ਹੋਵੇ ਤਾਂ ਪਰਿਵਾਰ ਵਾਲੇ ਲਾਸ਼ ਭਾਜਪਾ ਆਗੂਆਂ ਦੇ ਘਰ ਲੈ ਕੇ ਜਾਣ : ਚਢੂਨੀ

Monday, May 03, 2021 - 10:03 AM (IST)

ਜੇ ਕਿਸੇ ਕਿਸਾਨ ਦੀ ਕੋਰੋਨਾ ਨਾਲ ਮੌਤ ਹੋਵੇ ਤਾਂ ਪਰਿਵਾਰ ਵਾਲੇ ਲਾਸ਼ ਭਾਜਪਾ ਆਗੂਆਂ ਦੇ ਘਰ ਲੈ ਕੇ ਜਾਣ : ਚਢੂਨੀ

ਲੁਧਿਆਣਾ (ਸਲੂਜਾ) : ਤਿੰਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ’ਚ ਅੰਦੋਲਨ ਦੀ ਅਗਵਾਈ ਕਰਨ ਵਾਲੀ ਸੰਯੁਕਤ ਕਿਸਾਨ ਮੋਰਚਾ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਚਢੂਨੀ ਨੇ ਦੇਸ਼ ਦੀ ਜਨਤਾ ਨੂੰ ਸੱਦਾ ਦਿੱਤਾ ਹੈ ਕਿ ਮੌਜੂਦਾ ਸਮੇਂ ਦੌਰਾਨ ਜੇਕਰ ਕਿਸੇ ਕਿਸਾਨ ਦੀ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵਾਲੇ ਉਸ ਦੀ ਲਾਸ਼  ਭਾਜਪਾ ਆਗੂਆਂ ਦੇ ਘਰ ਲੈ ਕੇ ਜਾਣ ਤਾਂ ਕਿ ਸੱਤਾਧਾਰੀ ਸਰਕਾਰ ਨਾਲ ਸਬੰਧਿਤ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਆਪਣਿਆਂ ਦੇ ਮਰਨ ਦਾ ਦੁੱਖ ਅਤੇ ਦਰਦ ਕੀ ਹੁੰਦਾ ਹੈ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਕਿਸਾਨ ਆਗੂ ਚਢੂਨੀ ਲੁਧਿਆਣਾ ਵਿਚ ਸਵ. ਜਥੇਦਾਰ ਉਜਾਗਰ ਸਿੰਘ ਛਾਪਾ ਦੀ ਧਰਮ ਪਤਨੀ ਮਾਤਾ ਨਸੀਬ ਕੌਰ ਦਾ ਹਾਲ-ਚਾਲ ਪੁੱਛਣ ਮੌਕੇ ਮੀਡੀਆ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਨੇ ਦੇਸ਼ ਭਰ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਦ ਵੀ ਕਿਸੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਸਸਕਾਰ ਕਰਨ ਤੋਂ ਪਹਿਲਾਂ ਲਾਸ਼ ਨੂੰ ਚੈੱਕ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਕੋਰੋਨਾ ਦੀ ਆੜ ’ਚ ਮਰੀਜ਼ਾਂ ਦਾ ਮਰਡਰ ਕਰ ਕੇ ਉਨ੍ਹਾਂ ’ਚੋਂ ਗੁਰਦੇ ਕੱਢੇ ਜਾ ਰਹੇ ਹਨ। ਚਢੂਨੀ ਨੇ ਕਿਹਾ ਕਿ ਅੱਜ ਪੂਰੇ ਭਾਰਤ ਵਿਚ ਕੋਰੋਨਾ ਜਿਸ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਲਈ ਸਿੱਧੇ ਤੌਰ ’ਤੇ ਕੇਂਦਰ ਦੀ ਮੋਦੀ ਸਰਕਾਰ ਹੀ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦਾ ਸਿਵਲ ਸਰਜਨਾਂ ਨੂੰ ਨਿਰਦੇਸ਼, ਪਿੰਡਾਂ 'ਚ ਵਧਾਈ ਜਾਵੇ ਕੋਵਿਡ ਟੈਸਟਿੰਗ

ਅੱਜ ਆਕਸੀਜਨ ਅਤੇ ਟੀਕਿਆਂ ਦੀ ਕਮੀ ਨਾਲ ਹਾਹਾਕਾਰ ਮਚੀ ਹੋਈ ਹੈ, ਜਦਕਿ ਸੱਚਾਈ ਇਹ ਹੈ ਕਿ ਸਰਕਾਰ ਕੋਲ ਸਾਰਾ ਕੁਝ ਹੈ ਪਰ ਸਰਕਾਰ ਬੇਈਮਾਨ ਹੈ, ਜੋ ਕਿ ਦੇਸ਼ ਦੇ ਵੱਡੇ ਮੁਨਾਫਾਖੋਰਾਂ ਦੇ ਨਾਲ ਮਿਲੀ ਹੋਈ ਹੈ। ਜਨਤਾ ਮਰਦੀ ਹੈ ਤਾਂ ਮਰ ਜਾਵੇ, ਇਸ ਨਾਲ ਇਸ ਭ੍ਰਿਸ਼ਟ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦਿੱਲੀ ’ਚ ਕਿਸਾਨੀ ਅੰਦੋਲਨ ਦੌਰਾਨ ਕੀ ਕਿਸਾਨ ਨੂੰ ਕੋਰੋਨਾ ਮਹਾਮਾਰੀ ਦੀ ਸ਼ਿਕਾਇਤ ਹੋਈ ਤਾਂ ਚਢੂਨੀ ਨੇ ਸਪੱਸ਼ਟ ਤੌਰ ’ਤੇ ਦੱਸਿਆ ਕਿ ਹੁਣ ਤੱਕ ਤਾਂ ਵਾਹਿਗੁਰੂ ਦੀ ਵੱਡੀ ਕ੍ਰਿਪਾ ਰਹੀ ਹੈ। ਇਕ ਵੀ ਅੰਦੋਲਨਕਾਰੀ ਕਿਸਾਨ ਕੋਰੋਨਾ ਤੋਂ ਪੀੜਤ ਨਹੀਂ ਹੋਇਆ। ਕੇਂਦਰ ਸਰਕਾਰ ਸ਼ਰੇਆਮ ਝੂਠ ਬੋਲ ਰਹੀ ਹੈ।
ਉਨ੍ਹਾਂ ਕਿਹਾ ਕਿ ਐੱਮ .ਐੱਸ. ਪੀ. ’ਤੇ ਵੀ ਮੋਦੀ ਸਰਕਾਰ ਸ਼ਰੇਆਮ ਝੂਠ ਬੋਲ ਕੇ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰ ਸਰਕਾਰ ਨੂੰ ਕਿਸੇ ਭਰਮ ’ਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨਾਂ ਨੂੰ ਕੋਰੋਨਾ ਦੀ ਆੜ ਵਿਚ ਜਾਂ ਫਿਰ ਧੱਕੇਸ਼ਾਹੀ ਨਾਲ ਅੰਦੋਲਨ ਤੋਂ ਚੁੱਕ ਲਿਆ ਜਾਵੇਗਾ। ਕੋਈ ਵੀ ਕਿਸਾਨ ਘਰ ਵਿਚ ਮਰਨਾ ਪਸੰਦ ਨਹੀਂ ਕਰੇਗਾ, ਸਗੋਂ ਅੰਦੋਲਨ ਦੇ ਮੈਦਾਨ ਵਿਚ ਸ਼ਹਾਦਤ ਦਾ ਜਾਮ ਪੀਣ ਨੂੰ ਪਹਿਲ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News