ਡੇਰਾ ਸੱਚਾ ਸੌਦਾ ਮਾਮਲਾ ਜ਼ਿਲਾ ਪ੍ਰਸ਼ਾਸਨ ਵੱਲੋਂ 4 ਦਿਨਾਂ ਅੰਦਰ ਹੋਏ ਖਰਚਿਆਂ ਦਾ ਵੇਰਵਾ ਇਕੱਠਾ ਕਰਨ ਦੀ ਕਵਾਇਦ ਸ਼ੁਰੂ

Saturday, Sep 02, 2017 - 03:32 AM (IST)

ਮਾਨਸਾ(ਬਲਵਿੰਦਰ ਜੱਸਲ)-ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ 'ਚ ਸੀ. ਬੀ. ਆਈ. ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਅਤੇ ਸਜ਼ਾ ਦੇਣ ਦੀ ਪ੍ਰਕਿਰਿਆ ਦੌਰਾਨ ਪੈਦਾ ਹੋਏ ਗੰਭੀਰ ਹਾਲਾਤ ਨੂੰ ਕਾਬੂ ਰੱਖਣ ਲਈ ਮਾਨਸਾ ਜ਼ਿਲੇ ਅੰਦਰ ਹੋਏ ਨੁਕਸਾਨ ਅਤੇ ਪੰਜਾਬ ਪੁਲਸ, ਪੈਰਾ ਮਿਲਟਰੀ ਅਤੇ ਹੋਰ ਸੁਰੱਖਿਆ ਬਲਾਂ 'ਤੇ ਆਏ ਪੂਰੇ ਖਰਚਿਆਂ ਪ੍ਰਤੀ ਜ਼ਿਲਾ ਪ੍ਰਸ਼ਾਸਨ ਵੱਲੋਂ ਵੇਰਵੇ ਇਕੱਠੇ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਹਾਈ ਅਲਰਟ ਦੇ ਕਾਰਨ ਮਾਨਸਾ ਜ਼ਿਲੇ ਨੂੰ ਅਤਿ ਸੰਵੇਦਨਸ਼ੀਲ ਕਰਾਰ ਦਿੰਦਿਆਂ ਗੰਭੀਰ ਹਾਲਾਤ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਕਰਫਿਊ ਵੀ ਲਾਉਣਾ ਪਿਆ ਸੀ। ਮਾਨਸਾ ਜ਼ਿਲੇ ਅੰਦਰ ਕਾਰਾਂ ਸਾੜਨ, ਸੇਵਾ ਕੇਂਦਰਾਂ ਅਤੇ ਪੈਟਰੋਲ ਪੰਪਾਂ ਨੂੰ ਨੁਕਸਾਨ ਪਹੁੰਚਾਉਣ ਆਦਿ ਦੇ ਪ੍ਰਾਪਤ ਵੇਰਵਿਆਂ ਅਨੁਸਾਰ 20 ਲੱਖ ਰੁਪਏ ਦੇ ਨੁਕਸਾਨ ਦੀ ਰਿਪੋਰਟ ਸੌਂਪੀ ਜਾ ਚੁੱਕੀ ਹੈ। 
ਜ਼ਿਲਾ ਪ੍ਰਸ਼ਾਸਨ, ਜ਼ਿਲਾ ਪੁਲਸ ਅਤੇ ਸੁਰੱਖਿਆਂ ਬਲਾਂ ਨੇ ਬੜੀ ਚੌਕਸੀ ਨਾਲ ਸਥਿਤੀ ਨੂੰ ਕਾਬੂ 'ਚ ਰੱਖਿਆ ਪਰ ਇਸ ਪੂਰੀ ਪ੍ਰਕਿਰਿਆ 'ਤੇ ਹੋਏ ਖਰਚ ਦੇ ਬਿਓਰੇ ਨੂੰ ਇਕੱਠਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਨੁਕਸਾਨ ਅਤੇ ਸੁਰੱਖਿਆ ਲਈ ਹੋਇਆ ਖਰਚ ਡੇਰਾ ਸੱਚਾ ਸੌਦਾ ਦੀ ਸੰਪਤੀ ਜ਼ਬਤ ਕਰ ਕੇ ਵਸੂਲਿਆ ਜਾ ਸਕੇ। ਇਸ 4 ਦਿਨਾ ਪ੍ਰਕਿਰਿਆ 'ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਬਲਾਂ ਲਈ ਕਿਰਾਏ 'ਤੇ ਲਈਆਂ ਗੱਡੀਆਂ, ਪੈਟਰੋਲ ਅਤੇ ਡੀਜ਼ਲ, ਸੁਰੱਖਿਆ ਲਈ ਭੋਜਨ, ਸੀ. ਸੀ. ਟੀ. ਵੀ. ਕੈਮਰੇ, ਵੀਡੀਓਗ੍ਰਾਫੀ, ਮੁਨਿਆਦੀ ਅਤੇ ਸਾਊਂਡ ਸਿਸਟਮ ਆਦਿ ਲਈ ਲੱਖਾਂ ਰੁਪਏ ਦਾ ਖਰਚ ਹੋਇਆ ਹੈ। ਇਸ ਵੇਰਵੇ ਦੀ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੀ ਰਿਪੋਰਟ ਆਉਣ 'ਤੇ ਪਤਾ ਲੱਗੇਗਾ ਕਿ ਆਖਿਰ ਕਿੰਨਾ ਖਰਚ ਆਇਆ ਹੈ। ਇਸ ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਨੇ ਹਿੰਸਾ ਪੀੜਤ ਲੋਕਾਂ ਤੋਂ 3 ਸਤੰਬਰ ਤੱਕ ਕਲੇਮ ਲਈ ਅਰਜ਼ੀਆਂ ਮੰਗੀਆਂ ਹਨ। ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਪੁਲਸ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਹਾਲਾਤ ਸੁਖਾਵੇਂ ਹੋਣ ਤੇ ਕਰਫਿਊ ਹਟਣ ਤੋਂ ਬਾਅਦ ਫੌਜ ਨੂੰ ਵਾਪਸ ਭੇਜ ਦਿੱਤਾ ਹੈ ਪਰ ਮਾਨਸਾ ਜ਼ਿਲੇ ਦੀ ਸੁਰੱਖਿਆ ਲਈ ਹਾਲੇ ਤੱਕ ਸਖਤ ਸੁਰੱਖਿਆ ਪ੍ਰਬੰਧ ਲਈ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਤਾਇਨਾਤ ਹੈ। 


Related News