ਅੰਧਵਿਸ਼ਵਾਸ : ''ਕਾਲ'' ਦੀਆਂ ਟੁੱਟੀਆਂ ਜੰਜੀਰਾਂ ਨੇ ਗੁਰਮੀਤ ਰਾਮ ਰਹੀਮ ਨੂੰ ਪਹੁੰਚਾਇਆ ਜੇਲ (ਤਸਵੀਰਾਂ)

Monday, Sep 25, 2017 - 12:50 PM (IST)

ਅੰਧਵਿਸ਼ਵਾਸ : ''ਕਾਲ'' ਦੀਆਂ ਟੁੱਟੀਆਂ ਜੰਜੀਰਾਂ ਨੇ ਗੁਰਮੀਤ ਰਾਮ ਰਹੀਮ ਨੂੰ ਪਹੁੰਚਾਇਆ ਜੇਲ (ਤਸਵੀਰਾਂ)

ਚੰਡੀਗੜ੍ਹ\ਸਿਰਸਾ (ਸਤਨਾਮ) : ਰਾਮ ਰਹੀਮ ਜੇਲ 'ਚ ਹੈ ਅਤੇ ਉਸਦੇ ਕੁਝ ਸਮਰਥਕਾਂ ਮੁਤਾਬਕ ਉਸਨੂੰ ਜੇਲ ਭੇਜਣ ਦਾ ਜ਼ਿੰਮੇਵਾਰ ਇਕ ਕਾਲਾ ਬੁੱਤ ਹੈ। ਪਹਿਲੀ ਨਜ਼ਰ 'ਚ ਇਹ ਕਾਲੇ ਰੰਗ 'ਚ ਰੰਗੀ ਕੋਈ ਮੂਰਤੀ ਨਜ਼ਰ ਆਉਂਦੀ ਹੈ ਪਰ ਡੇਰੇ ਦੇ ਅੰਧਵਿਸ਼ਵਾਸੀ ਭਗਤਾਂ ਲਈ ਇਹ ਇਕ ਬੁੱਤ ਨਹੀਂ ਸਗੋਂ ਕਾਲ ਹੈ। ਉਹੀ ਕਾਲ ਜਿਸ ਨੂੰ ਬਲਾਤਕਾਰੀ ਬਾਬੇ ਨੇ ਆਪਣੇ ਵੱਸ 'ਚ ਕੀਤਾ ਹੋਇਆ ਸੀ ਪਰ ਹੁਣ ਇਸ ਕਾਲ ਦੀਆਂ ਜੰਜੀਰਾਂ ਟੁੱਟ ਗਈਆਂ ਹਨ ਅਤੇ ਕਾਲ ਬੇਕਾਬੂ ਹੋ ਗਿਆ ਹੈ। ਇਸ ਕਾਲ ਦੇ ਸਦਕਾ ਰਾਮ ਰਹੀਮ ਜੇਲ ਪਹੁੰਚ ਗਿਆ ਜਦਕਿ ਸਵਰਗਵਾਸੀ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਬਾਬੇ ਦੇ ਸਮਰਥਕਾਂ ਦਾ ਢੋਂਗ ਦੱਸਦੇ ਹੋਏ ਇਸ ਸਭ ਨੂੰ ਅੰਧਵਿਸ਼ਵਾਸ ਦੀ ਹੱਦ ਕਰਾਰ ਦਿੱਤਾ ਹੈ।
ਅੰਸ਼ੁਲ ਵਾਂਗ ਹੀ ਡੇਰੇ ਦੇ ਸਾਬਕਾ ਸਮਰਥਕ ਗੁਰਦਾਸ ਸਿੰਘ ਤੂਰ ਵੀ ਸਮਰਥਕਾਂ ਦੀ ਇਸ ਕਾਲ ਵਾਲੀ ਥਿਊਰੀ ਨੂੰ ਝੂਠ ਦਾ ਪੁਲੰਦਾ ਦੱਸਦੇ ਹਨ ਤੇ ਇਸ ਨੂੰ ਡੇਰਾ ਸਮਰਥਕਾਂ ਦੀ ਅੰਨ੍ਹੀ ਭਗਤੀ ਕਰਾਰ ਦੇ ਰਹੇ ਹਨ।
ਦਰਅਸਲ ਸਿਰਸਾ 'ਚ ਛੋਟੇ ਡੇਰੇ ਦੇ ਕੋਲ ਡੇਰੇ ਦੇ ਸੰਸਥਾਪਕ ਸ਼ਾਹ ਮਸਤਾਨਾ ਨੇ ਇਹ ਕਾਲ ਦੀ ਮੂਰਤੀ ਲਗਵਾਈ ਸੀ ਪਰ ਵੱਡੇ ਡੇਰੇ ਦੇ ਕੋਲ ਇਹ ਮੂਰਤੀ ਰਾਮ ਰਹੀਮ ਨੇ ਲਗਵਾਈ ਸੀ। ਡੇਰੇ ਦੇ ਭਗਤਾਂ ਵਿਚ ਰਾਮ ਰਹੀਮ ਨੇ ਇਹ ਅੰਧਵਿਸ਼ਵਾਸ ਕੁੱਟ-ਕੁੱਟ ਕੇ ਭਰ ਦਿੱਤਾ ਸੀ ਕਿ ਇਸ ਮੂਰਤੀ ਨੂੰ ਜੰਜੀਰਾਂ ਨਾਲ ਜਕੜ ਕੇ ਉਸ ਨੇ ਕਾਲ ਨੂੰ ਵੱਸ ਵਿਚ ਕੀਤਾ ਹੋਇਆ ਹੈ ਪਰ ਹੁਣ ਕਿਸੇ ਨੇ ਮੂਰਤੀ ਦੀਆਂ ਜੰਜੀਰਾਂ ਤੋੜ ਦਿੱਤੀਆਂ ਹ ਤੇ ਡੇਰੇ ਦੇ ਉਨ੍ਹਾਂ ਸਮਰਥਕਾਂ ਨੂੰ ਇਹ ਲੱਗ ਰਿਹਾ ਹੈ ਕਿ ਕਾਲ ਜੰਜੀਰਾਂ ਤੋਂ ਬਾਹਰ ਆ ਗਿਆ ਹੈ। ਇਸੇ ਦੇ ਚੱਲਦੇ ਰਾਮ ਰਹੀਮ ਨੂੰ ਜੇਲ ਹੋਈ ਹੈ। ਬਲਾਤਕਾਰੀ ਬਾਬਾ ਲਈ ਉਸਦੇ ਸਮਰਥਕਾਂ ਦੀ ਇਹ ਅੰਨ੍ਹੀ ਭਗਤੀ ਗਵਾਹ ਹੈ ਕਿ ਰਾਮ ਰਹੀਮ ਵਲੋਂ ਭਗਤਾਂ ਦੇ ਮਨ 'ਚ ਬੀਜੇ ਅੰਧਵਿਸ਼ਵਾਸ ਦੇ ਇਸ ਬੀਜ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ।


Related News