ਗੁਰਮਤਿ ਦੇ ਰਸੀਏ ਅਤੇ ਆਯੂਰਵੈਦ ਦੇ ਸ਼੍ਰੋਮਣੀ ਵੈਦ ਸਨ ਬਾਬਾ ਦਇਆ ਸਿੰਘ ਜੀ
Saturday, Aug 01, 2020 - 06:50 PM (IST)
ਜਲੰਧਰ(ਹਰਨੇਕ ਸਿੰਘ ਸੀਚੇਵਾਲ) ਬਾਬਾ ਦਇਆ ਸਿੰਘ ਜੀ ਦਾ ਜਨਮ 2 ਫਰਵਰੀ 1950 ਨੂੰ ਪਿੰਡ ਫ਼ਜ਼ਲਾਬਾਦ, ਨੇੜੇ ਫੱਤੂਢੀਂਗਾ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ ।ਆਪ ਜੀ ਦੇ ਪਿਤਾ ਦਾ ਨਾਮ ਸ.ਬੰਤਾ ਸਿੰਘ ਅਤੇ ਮਾਤਾ ਜੀ ਦਾ ਨਾਮ ਵੀਰ ਕੌਰ ਹੈ। ਬਾਬਾ ਜੀ ਦੀ 1 ਭੈਣ ਅਤੇ 5 ਭਰਾ ਹਨ। 3 ਭਰਾ ਖੇਤੀਬਾੜੀ ਕਰਦੇ ਹਨ। ਇੱਕ ਭਰਾ ਡਾਕਖਾਨੇ ’ਚ ਨੌਕਰੀ ਕਰਦਾ ਹੈ ਅਤੇ ਇੱਕ ਭਰਾ ਸੈਕਟਰੀ ਸੀ, ਜੋ ਪਿਛਲੇ ਸਾਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸਨ।ਆਪ ਜੀ ਦੀ ਭੈਣ ਅੰਮ੍ਰਿਤਸਰ ਵਿਆਹੀ ਹੋਈ ਹੈ। 9 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਮਾਤਾ-ਪਿਤਾ ਨੇ ਗੁਰਮਤਿ ਗਿਆਨ ਲਈ ਅਰਦਾਸ ਕਰਾ ਕੇ ਸੰਤ ਤੇਜਾ ਸਿੰਘ ਜੀ ਅਤੇ ਬਾਬਾ ਮਿਲਖਾ ਸਿੰਘ ਜੀ ਕੋਲ ਭੇਜ ਦਿੱਤਾ ਸੀ। ਬਚਪਨ ਤੋਂ ਹੀ ਆਪ ਦੀ ਬਿਰਤੀ ਸਾਧੂ ਸੁਭਾਅ ਵਾਲੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਟਾਹਲੀ ਸਾਹਿਬ ,ਬਲ੍ਹੇਰ ਖਾਨਪੁਰ ਦੇ ਮੁੱਖ ਸੇਵਾਦਾਰ ਬਾਬਾ ਦਇਆ ਸਿੰਘ ਜੀ ਦੀਆਂ ਸੇਵਾਵਾਂ ਰੋਗੀਆਂ ਲਈ ਵਰਦਾਨ ਸਾਬਿਤ ਹੁੰਦੀਆ ਸਨ। ਹਰ ਮਰੀਜ਼ ਇਸ ਅਸਥਾਨ ਤੋਂ ਨੌ-ਬਰ-ਨੌ ਹੋ ਕੇ ਜਾਂਦਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਇਸ ਧਰਤੀ ਨੂੰ ਨਤਮਸਤਕ ਹੋਣ ਲਈ ਆਉਂਦੀਆਂ।ਬਾਬਾ ਜੀ ਦੇ ਮਿਲਾਪੜੇ ਸੁਭਾਅ ਕਾਰਨ ਬੱਚਿਆਂ ਦਾ ਵੀ ਉਹਨਾਂ ਨਾਲ ਅੰਤਾਂ ਦਾ ਮੋਹ ਸੀ। ਇਸ ਅਸਥਾਨ ਨੂੰ ਰੂਹਾਨੀਅਤ ਅਤੇ ਅਰੋਗਤਾ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਗੁਰਦੁਆਰਾ ਟਾਹਲੀ ਸਾਹਿਬ ਵਿਖੇ ਆਪ ਜੀ ਦੀ ਅਗਵਾਈ 'ਚ ਹਰ ਸਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ। ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਚਰਨਾਂ ਨਾਲ ਜੁੜਦੀਆਂ। ਬੇਸ਼ੱਕ ਅੱਜ ਬਾਬਾ ਦਇਆ ਸਿੰਘ ਜੀ ਸਰੀਰਕ ਪੱਖੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦੇ ਜੀਵਨ ਅਤੇ ਗੁਰਮਤਿ ਗਿਆਨ ਦੇ ਕੀਤੇ ਪ੍ਰਚਾਰ ਤੋਂ ਸੰਗਤਾਂ ਹਮੇਸ਼ਾ ਲਾਹਾ ਲੈਂਦੀਆਂ ਰਹਿਣਗੀਆਂ।ਉਹਨਾਂ ਦੇ ਜੀਵਨ ਬਾਬਤ ਕੁਝ ਵਿਚਾਰਾਂ ਕਾਬਲ-ਏ- ਗੌਰ ਹਨ।
ਸ਼ਸਤਰ ਪ੍ਰੇਮੀ ਸਨ ਬਾਬਾ ਜੀ
ਬਾਬਾ ਲੀਡਰ ਸਿੰਘ ਜੀ ਅਤੇ ਬਾਬਾ ਦਇਆ ਸਿੰਘ ਜੀ ਗੁਰਭਾਈ ਸਨ। ਬਾਬਾ ਲੀਡਰ ਸਿੰਘ ਜੀ ਦੱਸਦੇ ਨੇ ਕਿ ਆਪ ਜੀ ਨੇ ਸ਼ਸਤਰ ਵਿਦਿਆ ਤਰਨਾ ਦਲ ਤੋਂ ਜਥੇਦਾਰ ਬਾਬਾ ਕੁੰਦਨ ਸਿੰਘ ਜੀ ਭਿੱਖੀਵਿੰਡੀਏ ਪਾਸੋਂ ਸਿੱਖੀ ਸੀ।ਗਤਕੇ ਦੇ ਜੌਹਰ ਵਿਖਾਉਣ ਵਾਲੇ ਯੋਧਿਆਂ ਨੂੰ ਬਾਬਾ ਜੀ ਖੁੱਲ੍ਹੇ ਦਿਲ ਨਾਲ ਬਖ਼ਸ਼ਿਸ਼ਾਂ ਨਿਵਾਜ਼ਦੇ। ਆਪ ਸ਼ਸਤਰ ਚਲਾਉਣ 'ਚ ਨਿਪੁੰਨ ਹੋਣ ਦੇ ਨਾਲ ਨਾਲ ਸ਼ਸਤਰ ਪ੍ਰੇਮੀ ਵੀ ਸਨ। ਆਪ ਜੀ ਨੂੰ ਗੁਰੂ ਸਾਹਿਬਾਨਾਂ ਦੇ ਸ਼ਸਤਰਾਂ ਨਾਲ ਬਹੁਤ ਪ੍ਰੇਮ ਸੀ। ਜਿੱਥੇ ਕਿਤੋਂ ਵੀ ਗੁਰੂ ਸਾਹਿਬਾਨ ਦੇ ਸ਼ਸਤਰਾਂ ਬਾਰੇ ਜਾਣਕਾਰੀ ਮਿਲਦੀ ਤਾਂ ਆਪ ਉਹ ਸ਼ਸਤਰ ਲੈ ਆਉਂਦੇ।
ਗੁਰਮਤਿ ਵਿਦਿਆ ਦੇ ਦਾਨੀ ਅਤੇ ਗਿਆਨ ਦਾ ਸਾਗਰ
ਬਾਬਾ ਜੀ ਨੇ ਗੁਰਮਤਿ ਦੀ ਵਿਦਿਆ ਬਾਬਾ ਤੇਜਾ ਸਿੰਘ ਜੀ ਅਤੇ ਬਾਬਾ ਮਿਲਖਾ ਸਿੰਘ ਜੀ ਪਾਸੋਂ ਗ੍ਰਹਿਣ ਕੀਤੀ ਸੀ। ਪੜ੍ਹਨ ਵਿੱਚ ਹੁਸ਼ਿਆਰ ਹੋਣ ਕਰਕੇ ਛੋਟੀ ਉਮਰ ਵਿੱਚ ਹੀ ਗੁਰਮਤਿ ਦਾ ਰੂਹਾਨੀ ਗਿਆਨ ਹਾਸਿਲ ਕਰ ਲਿਆ ਸੀ। ਗਿਆਨ ਦਾ ਇਹ ਪ੍ਰਵਾਹ ਅੱਗੇ ਵੀ ਨਿਰੰਤਰ ਜਾਰੀ ਰਿਹਾ।ਜਦੋਂ ਤੋਂ ਆਪ ਜੀ ਨੇ ਸੇਵਾ ਸੰਭਾਲੀ ਉਦੋਂ ਤੋਂ ਹੀ ਗੁਰਮਤਿ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ।ਛੋਟੇ ਬੱਚੇ ਬੜੇ ਚਾਅ ਨਾਲ ਆਪ ਜੀ ਪਾਸੋਂ ਵਿਦਿਆ ਗ੍ਰਹਿਣ ਕਰਦੇ।ਆਪ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ।
ਆਯੂਰਵੈਦ ਦੇ ਸ਼੍ਰੋਮਣੀ ਵੈਦ
ਬਾਬਾ ਦਇਆ ਸਿੰਘ ਜੀ ਗ਼ਰੀਬਾਂ ਅਤੇ ਬਿਮਾਰਾਂ ਲਈ ਫ਼ਰਿਸ਼ਤਾ ਸਨ। ਆਪ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਸਨ। ਲੋਕਾਂ ਦੇ ਦਰਦ ਵੇਖ ਕੇ ਆਪ ਜੀ ਨੇ ਖੁਦ ਦਾ ਵੈਦਗੀਖਾਨਾ ਖੋਲ੍ਹਣ ਦਾ ਪ੍ਰਣ ਲਿਆ। ਸੰਤ ਪਿਸ਼ੌਰਾ ਸਿੰਘ ਤੇ ਬਾਬਾ ਪਰੇਮ ਸਿੰਘ ਕੋਲ ਦੇਸੀ ਦਵਾਈਆਂ ਦੇ ਕਈ ਗ੍ਰੰਥ ਸਨ। ਆਪ ਜੀ ਨੇ ਇਹ ਗ੍ਰੰਥ ਬੜੀ ਬਾਰੀਕਬਾਨੀ ਨਾਲ ਖੰਘਾਲੇ ਅਤੇ ਲੋੜਵੰਦਾਂ ਦੀ ਮਦਦ ਲਈ ਖੁਦ ਹੀ ਦਵਾਈਆਂ ਬਣਾਉਣੀਆਂ ਸ਼ੁਰੂ ਕੀਤੀਆਂ। ਬਾਬਾ ਜੀ ਹਰ ਮਰੀਜ਼ ਨੂੰ ਗੁਰੂ ਅੱਗੇ ਅਰਦਾਸ-ਬੇਨਤੀ ਕਰਨ ਲਈ ਕਹਿੰਦੇ ।ਹਰ ਐਤਵਾਰ ਤੇ ਮੰਗਲਵਾਰ ਖ਼ੁਦ ਰੋਗੀਆਂ ਨੂੰ ਦਵਾਈਆਂ ਦਿੰਦੇ। ਦੇਸ਼ਾਂ ਵਿਦੇਸ਼ਾ 'ਤੋਂ ਸੰਗਤਾਂ ਆਪਣਾ ਰੋਗ ਬਾਬਾ ਜੀ ਕੋਲ ਲੈ ਕੇ ਆਉਂਦੀਆਂ ਤੇ ਨੌ-ਬਰ-ਨੌ ਹੋ ਕੇ ਜਾਂਦੀਆਂ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਿਹਰ ਸਦਕਾ ਗੁਰਦੁਆਰਾ ਟਾਹਲੀ ਸਾਹਿਬ ਆਇਆ ਕੋਈ ਵੀ ਵਿਅਕਤੀ ਖ਼ਾਲੀ ਹੱਥ ਨਹੀਂ ਮੁੜਦਾ ਸੀ। ਗ਼ਰੀਬਾਂ ਦੀ ਮਦਦ ਪੈਸੈ ਨਾਲ ਅਤੇ ਬਿਮਾਰਾਂ ਦਾ ਦੇਸੀ ਦਵਾਈਆਂ ਨਾਲ ਇਲਾਜ਼ ਕੀਤਾ ਜਾਂਦਾ। ਇੱਥੋਂ ਤੱਕ ਕੇ ਦਵਾਈ ਲੈਣ ਆਏ ਲੋੜਵੰਦਾਂ ਨੂੰ ਕਿਰਾਇਆ ਵੀ ਬਾਬਾ ਜੀ ਦੇ ਦਿੰਦੇ ਸਨ।
1983 ਤੋਂ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸਨ
ਬਾਬਾ ਜੀ ਗੁਰਮਤਿ ਅਤੇ ਸ਼ਾਸਤਰ ਵਿਦਿਆ ਗ੍ਰਹਿਣ ਕਰਕੇ ਪਹਿਲਾਂ ਤਲਵੰਡੀ ਜੱਲੇ ਖ਼ਾਂ ਵਿਖੇ ਸੇਵਾ ਦੇ ਕਾਰਜ ਨਿਭਾਉਣ ਲਈ ਗਏ ਸਨ। ਕੁਝ ਸਮਾਂ ਉੱਥੇ ਸੇਵਾਵਾਂ ਦੇਣ ਮਗਰੋਂ ਆਪ ਜੀ ਨੂੰ ਬਾਬਾ ਤੇਜਾ ਸਿੰਘ ਜੀ ਅਤੇ ਬਾਬਾ ਮਿਲਖਾ ਸਿੰਘ ਜੀ ਵੱਲੋਂ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੇਵਾ ਕਰਨ ਲਈ ਕਿਹਾ ਗਿਆ ਅਤੇ ਆਪ ਆਖ਼ਰੀ ਸਵਾਸਾਂ ਤੱਕ ਇਥੇ ਮਨੁੱਖਤਾ ਦੀ ਭਲਾਈ ਕਰਦੇ ਰਹੇ। ਆਂਪ ਦੀ ਅਗਵਾਈ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਸਾਲਾਨਾ ਜੋੜ ਮੇਲਾ ਹੁੰਦਾ। ਆਸ ਪਾਸ ਦੇ ਪਿੰਡਾਂ ਦੇ ਲੋਕ ਰੋਜ਼ਾਨਾ ਸ਼ਵੇਰੇ-ਸ਼ਾਮ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੇ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ। ਬਾਬਾ ਦਇਆ ਸਿੰਘ ਜੀ ਗੁਰੂ ਘਰ ਦੇ ਨਾਲ ਨਾਲ ਸਕੂਲਾਂ,ਸਮਸ਼ਾਨਘਾਟ,ਰਸਤਿਆਂ ਆਦਿ ਜਗ੍ਹਾਵਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ।
ਤਸ਼ੱਦਦ ਦੀ ਕਹਾਣੀ
ਬਾਬਾ ਲੀਡਰ ਸਿੰਘ ਜੀ ਦੱਸਦੇ ਨੇ ਕੇ 84 ਦੇ ਦੌਰ ਅੰਦਰ ਬਾਬਾ ਦਇਆ ਸਿੰਘ ਜੀ ਨੂੰ ਪੁਲਸ ਜਬਰਦਸਤੀ ਉਠਾ ਕੇ ਲੈ ਗਈ ਸੀ। ਆਪ 'ਤੇ ਜ਼ਾਲਮਾਨਾ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਪਰ ਆਪ ਗੁਰੂ ਦੀ ਮੌਜ ਵਿੱਚ ਅਡੋਲ ਰਹੇ। ਜਦੋਂ ਕਿਤੇ ਉਸ ਸਮੇਂ ਨੂੰ ਯਾਦ ਕਰਦੇ ਤਾਂ ਕਹਿ ਦਿੰਦੇ ਕਿ ਜੋ ਕੁਝ ਹੋਇਆ ਸਭ ਪਰਮਾਤਮਾ ਦੇ ਭਾਣੇ 'ਚ ਹੈ। ਉਹਦੀ ਰਜ਼ਾ 'ਚ ਵੱਡੇ ਤੋਂ ਵੱਡਾ ਦੁੱਖ ਜਰਨ ਦੀ ਤਾਕਤ ਮਿਲ ਜਾਂਦੀ ਹੈ।
ਦਇਆਵਾਨ ਤਬੀਅਤ ਦੇ ਮਾਲਕ ਬਾਬਾ ਦਇਆ ਸਿੰਘ ਜੀ
ਬਾਬਾ ਅਮਰੀਕ ਸਿੰਘ ਜੀ ਦਾ ਉਹਨਾਂ ਨਾਲ ਅੰਤਾਂ ਦਾ ਮੋਹ ਸੀ। ਉਹ ਕਹਿੰਦੇ ਨੇ ਕਿ ਬਾਬਾ ਜੀ ਸਿਰਫ ਨਾਮ ਦੇ ਹੀ ਨਹੀਂ ਸਗੋਂ ਸੇਵਾਂ ਕਾਰਜਾਂ 'ਚ ਵੀ ਦਇਆਵਾਨ ਸਨ। ਦਵਾਈ ਦਾ ਕੋਈ ਪੈਸਾ ਨਹੀਂ ਲੈਣਾ, ਲੋੜਵੰਦ ਦੀ ਆਰਥਿਕ ਮਦਦ ਕਰਨੀ,ਬੱਚਿਆਂ ਨੂੰ ਗੁਰਮਤਿ ਗਿਆਨ ਤੇ ਗੁਰੂ ਘਰ ਦੀ ਸੇਵਾ ਲਈ ਪ੍ਰੇਰਤ ਕਰਨਾ,ਵਾਤਾਵਰਣ ਦੀ ਸੰਭਾਲ ਲਈ ਰੁੱਖ ਲਾਉਣੇ ਆਦਿ ਕਾਰਜ ਸਭ ਬਾਬਾ ਜੀ ਦੀ ਦਇਆਵਾਨ ਤਬੀਅਤ ਕਾਰਨ ਹੋ ਰਹੇ ਸਨ। ਕੋਈ ਵੀ ਉਹਨਾਂ ਨੂੰਮਿਲਣ ਆਉਂਦਾ ਤਾਂ ਗੁਰੂ ਘਰ 'ਚੋਂ ਚਾਹ-ਪ੍ਰਸਾਦਾ ਛਕਣ ਤੋਂ ਬਿਨਾਂ ਨਾ ਜਾਂਦਾ। ਹਰ ਆਏ ਨੂੰ 'ਜੀ ਆਇਆਂ ਨੂੰ' ਕਹਿਣਾ ਆਪ ਦਾ ਵਡੱਪਣ ਸੀ।
ਸਰੀਰਕ ਪੱਖੋਂ ਤਾਕਤਵਰ
ਦੱਸਦੇ ਨੇ ਕੇ ਬਾਬਾ ਜੀ ਸਰੀਰਕ ਪੱਖੋਂ ਵੀ ਬਹੁਤ ਤਾਕਤਵਰ ਸਨ। ਇੱਕ ਵਾਰ ਨਿਸ਼ਾਨ ਸਾਹਿਬ ਬਦਲਣ ਦੀ ਸੇਵਾ ਚੱਲ ਰਹੀ ਸੀ।ਅਚਾਨਕ ਭੌਣੀ ਦੀ ਤਾਰ ਟੁੱਟ ਗਈ। ਬਾਬਾ ਜੀ ਬਿਨਾਂ ਭੌਣੀ ਤੋਂ ਹੱਥਾਂ-ਪੈਰਾਂ ਦੇ ਜ਼ੋਰ ਨਾਲ 100 ਫੁੱਟ ਉੱਚੇ ਨਿਸ਼ਾਨ ਸਾਹਿਬ 'ਤੇ ਚੜ੍ਹ ਗਏ ਸਨ।
ਸ਼੍ਰੋਮਣੀ ਸੇਵਾ ਰਤਨ ਦੀ ਉਪਾਧੀ
ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਲੋਂ ਬਾਬਾ ਜੀ ਨੂੰ ਨਾਮ ਗੁਰਬਾਣੀ, ਗੁਰਮਤਿ ਪ੍ਰਚਾਰ-ਪਾਸਾਰ,ਪਰਉਪਕਾਰੀ ਕਾਰਜਾਂ ਦੀਆਂ ਅਦੁੱਤੀ ਸੇਵਾਵਾਂ ਅਤੇ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਹੋਰ ਸੇਵਾਵਾਂ ਕਰਕੇ 'ਸ਼੍ਰੋਮਣੀ ਸੇਵਾ ਰਤਨ ਪੁਰਸਕਾਰ' ਦੀ ਉਪਾਧੀ ਨਾਲ ਨਵਾਜ਼ਿਆ ਗਿਆ।
ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸਾਂਝ ਦੀ ਗਾਥਾ ਅਤੇ ਵਾਤਾਵਰਣ ਪ੍ਰੇਮੀ
ਬਾਬਾ ਦਇਆ ਸਿੰਘ ਜੀ ਵਾਤਾਵਰਣ ਪ੍ਰੇਮੀ ਹੋਣ ਕਰਕੇ ਸੇਵਾ ਕਾਰਜਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। 2008 ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਕਾਲਾ ਸੰਘਿਆ ਡਰੇਨ ਦੇ ਪਾਣੀ ਨੂੰ ਸਾਫ਼ ਕਰਨ ਦੀ ਮੁਹਿੰਮ ’ਚ ਪ੍ਰਚਾਰ ਕਰ ਰਹੇ ਸਨ ਤਾਂ ਬਾਬਾ ਦਇਆ ਸਿੰਘ ਜੀ ਨਾਲ ਉਹਨਾਂ ਦੀ ਸਾਂਝ ਪੈ ਗਈ । ਬਾਬਾ ਸੀਚੇਵਾਲ ਜੀ ਅਨੁਸਾਰ ਬਾਬਾ ਦਇਆ ਸਿੰਘ ਜੀ ਹਰ ਵਾਤਾਵਰਣ ਕਾਰਜ ’ਚ ਉਹਨਾਂ ਦੇ ਨਾਲ ਹੁੰਦੇ ਸਨ। ਫਿਰ ਚਾਹੇ ਪਵਿੱਤਰ ਕਾਲੀ ਵੇਈਂ ਨੂੰ ਸਾਫ਼ ਕਰਨ ਦੀ ਗੱਲ ਹੋਵੇ ਜਾਂ ਪਿੰਡਾਂ ’ਚ ਪੈ ਰਹੇ ਸੀਵਰੇਜ ਦੀ। ਜਿਸ ਮਰੀਜ਼ ਨੂੰ ਡਾਕਟਰ ਜਵਾਬ ਦੇ ਦਿੰਦਾ ਸੀ ਬਾਬਾ ਜੀ ਗੁਰਮਤਿ ਨਾਲ ਜੋੜ ਕੇ ਅਤੇ ਆਪਣੇ ਵੈਦ ਦੇ ਤਜ਼ਰਬੇ ਨਾਲ ਠੀਕ ਕਰ ਦਿੰਦੇ ਸਨ। ਜਿਸ ਮਰੀਜ਼ ਦੀ ਹਾਲਤ ਵੇਖ ਕੇ ਉਸਦੇ ਕਰੀਬੀ ਵੀ ਦੂਰ ਹੋ ਜਾਂਦੇ ਸਨ ਬਾਬਾ ਜੀ ਉਸਨੂੰ ਵੀ ਗਲੇ ਲਾ ਲੈਂਦੇ ਸਨ। ਉਹਨਾਂ ਦਾ ਹਿਰਦਾ ਐਨਾ ਕੋਮਲ ਸੀ ਕਿ ਜੇ ਕਿਸੇ ਵਿਅਕਤੀ ਨੂੰ ਖੰਘਦੇ ਵੇਖਦੇ ਸਨ ਤਾਂ ਝੱਟ ਆਪਣੀ ਝੋਲੀ ’ਚੋਂ ਦਵਾ ਕੱਢ ਉਸਨੂੰ ਦੇ ਦਿੰਦੇ ਸਨ। ਉਹਨਾਂ ਦੇ ਜਾਣ ਨਾਲ ਵਿਚਾਰਾਂ ਦਾ ਅਤੇ ਵੈਦ ਦੇ ਤਜ਼ਰਬੇ ਦਾ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ।