3 ਸਾਲਾ ਗੁਰਮਨਪ੍ਰੀਤ ਕੌਰ ਦੇਸ਼ ਦੀ ਹਾਕੀ ਟੀਮ 'ਚ ਖੇਡਣ ਦੀ ਰੱਖਦੀ ਹੈ ਇੱਛਾ

Saturday, Dec 28, 2019 - 12:43 PM (IST)

3 ਸਾਲਾ ਗੁਰਮਨਪ੍ਰੀਤ ਕੌਰ ਦੇਸ਼ ਦੀ ਹਾਕੀ ਟੀਮ 'ਚ ਖੇਡਣ ਦੀ ਰੱਖਦੀ ਹੈ ਇੱਛਾ

ਬੱਸੀ ਪਠਾਣਾਂ (ਰਾਜਕਮਲ): ਕਹਿੰਦੇ ਹਨ ਕਿ ਜੇਕਰ ਇਰਾਦੇ ਬੁਲੰਦ ਹੋਣ ਤਾਂ ਜ਼ਿੰਦਗੀ 'ਚ ਹਰ ਮੁਕਾਮ ਹਾਸਲ ਕਰਨਾ ਸੌਖਾ ਹੋ ਜਾਂਦਾ ਹੈ ਤੇ ਸਫ਼ਲਤਾ ਵੀ ਉਨ੍ਹਾਂ ਦਾ ਹੀ ਸਾਥ ਦਿੰਦੀ ਹੈ ਜਿਨ੍ਹਾਂ ਦੇ ਹੌਸਲੇ ਮਜ਼ਬੂਤ ਹੁੰਦੇ ਹਨ। ਅਜਿਹੇ ਹੀ ਹੌਸਲਿਆਂ ਨਾਲ ਹਾਕੀ ਦੀ ਸਿਖਲਾਈ ਲੈ ਰਹੀ ਹੈ ਐੱਲ. ਕੇ. ਜੀ. ਦੀ ਵਿਦਿਆਰਥਣ ਤਿੰਨ ਸਾਲਾ ਗੁਰਮਨਪ੍ਰੀਤ ਕੌਰ ਜੋ ਭਾਰਤ ਦੀ ਨੈਸ਼ਨਲ ਟੀਮ 'ਚ ਖੇਡਣ ਦੀ ਇੱਛਾ ਆਪਣੇ ਮਨ ਅੰਦਰ ਰੱਖਦੀ ਹੈ। ਗੁਰਮਨ ਦੇ ਪਿਤਾ ਗੁਰਦੀਪ ਸਿੰਘ ਤੇ ਮਾਤਾ ਗਗਨਦੀਪ ਕੌਰ ਨਿਵਾਸੀ ਬੱਸੀ ਪਠਾਣਾਂ ਨੇ ਦੱਸਿਆ ਕਿ ਗੁਰਮਨ ਦੇ ਅੰਦਰ ਦੋ ਸਾਲ ਦੀ ਉਮਰ ਤੋਂ ਹੀ ਹਾਕੀ ਦੀ ਖੇਡ ਪ੍ਰਤੀ ਜਜ਼ਬਾ ਪੈਦਾ ਹੋ ਗਿਆ ਤੇ ਉਹ ਗਰਾਊਂਡ ਵਿਚ ਇਕੱਲੀ ਹੀ ਹਾਕੀ ਤੇ ਬਾਲ ਲੈ ਕੇ ਚਲੀ ਜਾਂਦੀ ਸੀ।

ਇਸ ਦੀ ਖੇਡ ਭਾਵਨਾ ਨੂੰ ਦੇਖਦੇ ਹੋਏ ਮੇਹਰ ਬਾਬਾ ਚੈਰੀਟੇਬਲ ਟਰੱਸਟ ਦੀ ਹਾਕੀ ਨਰਸਰੀ ਵਿਚ ਉਸਨੂੰ ਕੋਚ ਜਸਵੀਰ ਸਿੰਘ ਬਾਜਵਾ ਵਲੋਂ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ। ਗੁਰਦੀਪ ਸਿੰਘ ਨੇ ਦੱਸਿਆ ਕਿ ਇੱਕ ਵਾਰ ਗੇਂਦ ਉਸਦੇ ਸਿਰ 'ਚ ਜਾ ਲੱਗੀ ਸੀ ਤੇ ਗੁਰਮਨ ਨੇ ਡਾਕਟਰਾਂ ਨੂੰ ਟਾਂਕੇ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਜੇਕਰ ਸੱਟ ਲੱਗੇਗੀ ਤਾਂ ਹੀ ਉਹ ਸਿੱਖੇਗੀ ਤੇ ਦੇਸ਼ ਲਈ ਖੇਡ ਸਕੇਗੀ। ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਟਰੱਸਟ ਦੀ ਹਾਕੀ ਨਰਸਰੀ ਤੋਂ 65 ਖਿਡਾਰੀ ਨੈਸ਼ਨਲ ਟੀਮ ਵਿਚ ਆਪਣੀ ਖੇਡ ਪ੍ਰਤਿਭਾ ਦਿਖਾ ਚੁੱਕੇ ਹਨ ਪ੍ਰੰਤੂ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਮਾਲੀ ਸਹਾਇਤਾ ਜਾਂ ਹੋਰ ਸਹੂਲਤ ਨਹੀਂ ਦਿੱਤੀ ਜਾ ਰਹੀ। ਜੇਕਰ ਗੁਰਮਨਪ੍ਰੀਤ ਵਰਗੇ ਹੋਣਹਾਰ ਬੱਚਿਆਂ ਦੀ ਖੇਡ ਭਾਵਨਾ ਨੂੰ ਸਰਕਾਰ ਵਲੋਂ ਉਤਸ਼ਾਹਿਤ ਕੀਤਾ ਜਾਵੇ ਤੇ ਹਰ ਸੰਭਵ ਸਹਾਇਤਾ ਦਿੱਤੀ ਜਾਵੇ ਤਾਂ ਅਜਿਹੇ ਬੱਚੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਰੋਸ਼ਨ ਕਰਨ ਦੀ ਕਾਬਲੀਅਤ ਰੱਖਦੇ ਹਨ।


author

Shyna

Content Editor

Related News