ਯੂਕ੍ਰੇਨ ਤੋਂ ਪਰਤੀ ਪਿੰਡ ਹੈਬਤਪੁਰ ਦੀ ਗੁਰਲੀਨ, ਕਿਹਾ-ਅਜੇ ਵੀ ਕੰਨਾਂ ’ਚ ਗੂੰਜ ਰਹੀ ਬੰਬਾਂ ਦੀ ਆਵਾਜ਼
Saturday, Mar 12, 2022 - 07:01 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਰੂਸ ਵੱਲੋਂ ਯੂਕ੍ਰੇਨ ’ਤੇ ਕੀਤੇ ਹਮਲੇ ਦੌਰਾਨ ਹੋ ਰਹੀ ਬੰਬਾਰੀ ’ਚੋਂ ਅੱਜ 15 ਦਿਨਾਂ ਬਾਅਦ ਸੁਰੱਖਿਅਤ ਘਰ ਪਹੁੰਚੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਦੀ ਗੁਰਲੀਨ ਕੌਰ ਦਾ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੰਡਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਸਮੁੱਚੇ ਪਰਿਵਾਰ ਵੱਲੋਂ ਖੁਸ਼ੀ ਮਨਾਈ ਗਈ । ਯੂਕ੍ਰੇਨ ’ਚ ਫਸੇ ਕੁਝ ਵਿਦਿਆਰਥੀਆਂ ਨੂੰ ਕੱਲ ਵਿਸ਼ੇਸ਼ ਹਵਾਈ ਜਹਾਜ਼ ’ਚ ਭਾਰਤ ਸਰਕਾਰ ਵੱਲੋਂ ਦਿੱਲੀ ਲਿਆਂਦਾ ਗਿਆ, ਜਿਥੋਂ ਅੱਜ ਉਨ੍ਹਾਂ ਨੂੰ ਆਪੋ-ਆਪਣੇ ਘਰ ਭੇਜਿਆ ਗਿਆ । ਆਪਣੇ ਪਿੰਡ ਪੁੱਜਦੇ ਹੀ ਸਭ ਤੋਂ ਪਹਿਲਾਂ ਗੁਰਲੀਨ ਕੌਰ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ ਤੇ ਸੁੱਖੀ-ਸਾਂਦੀ ਘਰ ਪਹੁੰਚਣ ’ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।
ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਜਾਣ ਵਾਲੇ ਪਹਿਲੇ ਆਈ. ਪੀ. ਐੱਸ. ਹਨ ਕੁੰਵਰ ਵਿਜੇ ਪ੍ਰਤਾਪ
ਇਸ ਉਪਰੰਤ ਆਪਣੇ ਘਰ ਪੁੱਜਣ ’ਤੇ ਗੁਰਲੀਨ ਦੇ ਪਿਤਾ ਹੈੱਡ ਮਾਸਟਰ ਸੁਖਵਿੰਦਰ ਸਿੰਘ, ਮਾਤਾ ਰਮਨਦੀਪ ਕੌਰ, ਚਾਚਾ ਜਸਵਿੰਦਰ ਸਿੰਘ ਨੰਡਾ ਸਰਪੰਚ, ਤਾਇਆ ਅਮਰੀਕ ਸਿੰਘ, ਦਾਦਾ ਸਾਧੂ ਸਿੰਘ, ਮਾਸਟਰ ਸਰਵਣ ਸਿੰਘ ਅਤੇ ਮਾਸਟਰ ਕਸ਼ਮੀਰ ਸਿੰਘ ਆਦਿ ਹੋਰਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਬੱਚੀ ਸਹੀ ਸਲਾਮਤ ਘਰ ਪਹੁੰਚ ਗਈ ਹੈ। ਮਾਤਾ-ਪਿਤਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਬੱਚੀ ਦੀ ਬਾਕੀ ਰਹਿੰਦੀ ਪੜ੍ਹਾਈ ਭਾਰਤ ’ਚ ਹੀ ਪੂਰੀ ਕਰਵਾਈ ਜਾਵੇ ਤਾਂ ਜੋ ਗੁਰਲੀਨ ਨੂੰ ਭਵਿੱਖ ’ਚ ਕੋਈ ਨੁਕਸਾਨ ਨਾ ਝੱਲਣਾ ਪਵੇ।
ਕੰਨਾਂ ’ਚ ਬੰਬਾਂ ਦੀ ਆਵਾਜ਼ ਗੂੰਜ ਰਹੀ ਹੈ
ਇਸ ਮੌਕੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਗੁਰਲੀਨ ਕੌਰ ਨੇ ਦੱਸਿਆ ਕਿ ਰੂਸ ਵੱਲੋਂ ਯੂਕ੍ਰੇਨ ’ਤੇ ਕੀਤੀ ਜਾ ਰਹੀ ਬੰਬਾਰੀ ਤੇ ਗੋਲੀਬਾਰੀ ਦੇ ਕਾਰਨ ਬੜੇ ਸਹਿਮ ਦੇ ਮਾਹੌਲ ਵਿਚ 15 ਦਿਨ ਬਤੀਤ ਕੀਤੇ ਗਏ ਅਤੇ ਅੱਜ ਉਹ ਭਾਵੇਂ ਆਪਣੇ ਘਰ ਪੁੱਜ ਗਈ ਹੈ ਪਰ ਹੁਣ ਵੀ ਉਸ ਦੇ ਕੰਨਾਂ ’ਚ ਬੰਬਾਂ ਦੀ ਆਵਾਜ਼ ਗੂੰਜ ਰਹੀ ਹੈ ਤੇ ਉਸ ਦ੍ਰਿਸ਼ ਨੂੰ ਯਾਦ ਕਰਕੇ ਰੂਹ ਕੰਬ ਉੱਠਦੀ ਹੈ । ਗੁਰਲੀਨ ਨੇ ਦੱਸਿਆ ਕਿ ਭਾਵੇਂ ਅਸੀਂ ਆਪਣੇ ਖਾਣ-ਪੀਣ ਦਾ ਸਮਾਨ ਜਮ੍ਹਾ ਕੀਤਾ ਹੋਇਆ ਸੀ ਪਰ ਯੂਨੀਵਰਸਿਟੀ ਦੀਆਂ ਇਮਾਰਤਾਂ ਇੰਨੀਆਂ ਵੱਡੀਆਂ ਤੇ ਪੁਰਾਣੀਆਂ ਹੋਣ ਕਰਕੇ ਬੰਕਰਾਂ ’ਚ ਵੀ ਉਹ ਸੁਰੱਖਿਅਤ ਨਹੀਂ ਸਨ ਅਤੇ ਨਾ ਹੀ ਇਨ੍ਹਾਂ ’ਚ ਕੋਈ ਬੰਬ ਸ਼ੈਲਟਰ ਬਣੇ ਹੋਏ ਸਨ ਸਗੋਂ ਇਮਾਰਤ ਦੀ ਬੇਸਮੈਂਟ ’ਚ ਹੀ ਸਮਾਂ ਗੁਜ਼ਾਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਹਰ ਸਮੇਂ ਇਮਾਰਤ ਦੇ ਡਿੱਗਣ ਦਾ ਡਰ ਬਣਿਆ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਪੋਲੈਂਡ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਗਈ ਹੈ ਕਿ ਜੇਕਰ ਯੂਕ੍ਰੇਨ ’ਚ ਉਨ੍ਹਾਂ ਦੀ ਅਗਲੀ ਪੜ੍ਹਾਈ ਨਾ ਹੋ ਸਕੀ ਤਾਂ ਪੋਲੈਂਡ ਸਰਕਾਰ ਉਨ੍ਹਾਂ ਦੀ ਪੜ੍ਹਾਈ ਪੂਰੀ ਕਰਵਾਏਗੀ।
ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਜੇਕਰ ਯੂਕ੍ਰੇਨ ਦੇ ਹਾਲਾਤ ਸੁਧਰ ਜਾਂਦੇ ਹਨ ਤਾਂ ਉਹ ਆਪਣੀ ਰਹਿੰਦੀ ਪੜ੍ਹਾਈ ਉਥੇ ਹੀ ਪੂਰੀ ਕਰਨ ਨੂੰ ਤਰਜੀਹ ਦੇਵੇਗੀ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਸ਼ਹਿਰ ’ਚ ਰਹਿ ਰਹੇ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਵੱਲੋਂ ਸਿਰਤੋੜ ਯਤਨ ਕੀਤੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਭਵਿੱਖ ’ਚ ਕਦੇ ਅਜਿਹੀ ਸਥਿਤੀ ਕਿਸੇ ਮੁਲਕ ’ਤੇ ਬਣਦੀ ਹੈ ਤਾਂ ਉਥੇ ਰਹਿ ਰਹੇ ਭਾਰਤੀਆਂ ਨੂੰ ਪਹਿਲਾਂ ਸੁਚੇਤ ਕਰੇ ਤਾਂ ਜੋ ਉਹ ਸਮਾਂ ਰਹਿੰਦਿਆਂ ਸੁਰੱਖਿਅਤ ਆਪਣੇ ਘਰਾਂ ਤੱਕ ਪੁੱਜ ਸਕਣ। ਪਿੰਡ ਹੈਬਤਪੁਰ ਦੇ ਸਰਪੰਚ ਜਸਵਿੰਦਰ ਸਿੰਘ ਨੰਡਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕ੍ਰੇਨ ’ਚ ਫਸੇ ਸਾਰੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ ।