ਔਜਲਾ ਨੇ ਆਪਣੀ ਕੋਠੀ ਤੱਕ ਸੜਕ ਬਣਾਈ, ਬਾਕੀ ਦੁਨੀਆ ਛੱਡੀ ਰੱਬ ਆਸਰੇ
Tuesday, Feb 12, 2019 - 01:28 PM (IST)

ਅੰਮ੍ਰਿਤਸਰ (ਨੀਰਜ) - ਸਾਬਕਾ ਕੌਂਸਲਰ ਅਤੇ ਯੂਥ ਅਕਾਲੀ ਨੇਤਾ ਅੰਮੂ ਗੁੰਮਟਾਲਾ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ 'ਤੇ ਦੋਸ਼ ਲਾਇਆ ਕਿ ਔਜਲਾ ਨੇ ਘਟੀਆ ਰਾਜਨੀਤੀ ਕਰਦੇ ਹੋਏ ਨਾਲੇ ਤੋਂ ਪਾਰ ਸ਼ੁਰੂ ਹੋਣ ਵਾਲੀ ਅਜਨਾਲਾ ਰੋਡ ਤੋਂ ਗੁਰੂ ਅਮਰਦਾਸ ਐਵੀਨਿਊ 'ਚ ਆਪਣੀ ਕੋਠੀ ਤੱਕ ਪੱਕੀਆਂ ਸੜਕਾਂ ਦੀ ਉਸਾਰੀ ਕਰਵਾਕੇ ਬਾਕੀ ਗਲੀਆਂ 'ਚ ਰਹਿਣ ਵਾਲੀ ਜਨਤਾ ਨੂੰ ਰੱਬ ਆਸਰੇ ਛੱਡ ਦਿੱਤਾ ਹੈ। ਅੰਮੂ ਗੁੰਮਟਾਲਾ ਨੇ ਕਿਹਾ ਕਿ ਔਜਲਾ ਨੇ ਅਜਨਾਲਾ ਰੋਡ ਤੋਂ ਲੈ ਕੇ ਆਪਣੀ ਕੋਠੀ ਜੋ ਗਲੀ ਨੰਬਰ-9 ਦੇ ਮੇਨ 'ਤੇ ਪੈਂਦੀ ਹੈ, ਉਥੇ ਤੱਕ ਗਲੀਆਂ ਦੀ ਉਸਾਰੀ ਕਰਵਾ ਲਈ ਹੈ ਅਤੇ ਅਜਿਹਾ ਕਰਕੇ ਉਸ ਨੇ ਬਾਕੀ ਦੀ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ
ਇਸ ਸਬੰਧੀ ਜਦੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਸਰਕਾਰ ਵਲੋਂ ਮਿਲਣ ਵਾਲੇ ਸਾਰੇ ਤਰ੍ਹਾਂ ਦੇ ਫੰਡਾਂ ਦਾ ਸਹੀ ਪ੍ਰਯੋਗ ਕੀਤਾ ਹੈ। ਅਕਾਲੀ ਨੇਤਾ ਸਾਬਕਾ ਕੌਂਸਲਰ ਅੰਮੂ ਗੁੰਮਟਾਲਾ ਜਿਸ ਪ੍ਰਾਜੈਕਟ ਦੀ ਗੱਲ ਕਰ ਰਹੇ ਹਨ ਉਹ ਵੱਖ ਪ੍ਰਾਜੈਕਟ ਸਨ। ਗੁਰੂ ਅਮਰਦਾਸ ਐਵੀਨਿਊ ਦੀਆਂ ਸਾਰੀਆਂ ਗਲੀਆਂ ਨੂੰ ਪੱਕਾ ਕਰਨ ਲਈ ਛੇਤੀ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਗੁਰੂ ਅਮਰਦਾਸ ਐਵੀਨਿਊ ਦੇ ਕਿਸੇ ਵੀ ਨਾਗਰਿਕ ਦੇ ਨਾਲ ਮੈਂ ਪੱਖਪਾਤ ਨਹੀਂ ਕੀਤਾ ਹੈ ਮੇਰੇ ਲਈ ਅੰਮ੍ਰਿਤਸਰ ਦੇ ਸਾਰੇ ਨਾਗਰਿਕ ਇਕ ਸਮਾਨ ਹਨ। ਵਿਰੋਧੀ ਦਲ ਬਿਨਾਂ ਕਾਰਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੋਈ ਨਾ ਕੋਈ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।