ਗੁਰਦੁਆਰਾ ਸਾਹਿਬਾਨ ਅੰਦਰ ਮੱਥਾ ਟੇਕ ਰਹੀ ਸੰਗਤ ਨੂੰ ਬਾਹਰੋਂ ਲਾ ਦਿੱਤੇ ਤਾਲੇ, ਤਣਾਅਪੂਰਨ ਬਣਿਆ ਮਾਹੌਲ

Wednesday, Feb 03, 2021 - 12:28 PM (IST)

ਗੁਰਦੁਆਰਾ ਸਾਹਿਬਾਨ ਅੰਦਰ ਮੱਥਾ ਟੇਕ ਰਹੀ ਸੰਗਤ ਨੂੰ ਬਾਹਰੋਂ ਲਾ ਦਿੱਤੇ ਤਾਲੇ, ਤਣਾਅਪੂਰਨ ਬਣਿਆ ਮਾਹੌਲ

ਡੇਰਾਬੱਸੀ (ਗੁਰਪ੍ਰੀਤ) : ਡੇਰਾਬੱਸੀ ਦੇ ਪਿੰਡ ਮਹਿਮਦਪੁਰ 'ਚ ਸਥਿਤ ਦੋ ਗੁਰਦੁਆਰਾ ਸਾਹਿਬਾਨ 'ਚ ਮੱਥਾ ਟੇਕਣ ਆਈ ਸੰਗਤ ਅਤੇ ਗ੍ਰੰਥੀ ਨੂੰ ਅੰਦਰ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਵੇਰ ਦੇ ਸਮੇਂ ਦੀ ਦੱਸੀ ਜਾ ਰਹੀ ਹੈ, ਜਦੋਂ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ 'ਚ ਪਾਠ ਚੱਲ ਰਿਹਾ ਸੀ ਅਤੇ ਸੰਗਤ ਮੱਥਾ ਟੇਕਣ ਗੁਰਦੁਆਰਾ ਸਾਹਿਬ 'ਚ ਆ ਰਹੀ ਸੀ, ਇਸ ਦੌਰਾਨ ਕਿਸੇ ਨੇ ਦਰਵਾਜ਼ੇ ’ਤੇ ਤਾਲੇ ਲਗਾ ਦਿੱਤੇ, ਜਿਸ ਦੇ ਬਾਅਦ ਪਿੰਡ 'ਚ ਹਾਲਾਤ ਤਣਾਅਪੂਰਨ ਹੋ ਗਏ। ਭਾਰੀ ਗਿਣਤੀ 'ਚ ਪਿੰਡ ਵਾਸੀ ਗੁਰਦੁਆਰਾ ਸਾਹਿਬ 'ਚ ਪੁੱਜੇ ਅਤੇ ਤਾਲੇ ਤੋੜ ਕੇ ਸੰਗਤ ਨੂੰ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਡੀ. ਐੱਸ. ਪੀ.-1 ਗੁਰਬਖਸ਼ੀਸ਼ ਅਤੇ ਐੱਸ. ਐੱਚ. ਓ. ਸਤਿੰਦਰ ਸਿੰਘ ਪੁਲਸ ਫੋਰਸ ਲੈ ਕੇ ਪਿੰਡ ਪੁੱਜੇ ਅਤੇ ਘਰ 'ਚ ਲੁਕੇ 40 ਸਾਲਾ ਮੁਲਜ਼ਮ ਕਰਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ 'ਅਧਿਆਪਕ ਭਰਤੀ' ਸਬੰਧੀ ਵਾਇਰਲ ਮੈਸਜ ਦਾ ਅਸਲ ਸੱਚ ਆਇਆ ਸਾਹਮਣੇ
ਮੱਥਾ ਟੇਕਣ ਆਇਆ ਸੀ, ਤਾਲਾ ਨਾਲ ਲੈ ਆਇਆ ਸੀ
ਪਿੰਡ ਦੇ ਜੱਥੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਗੁਰਦੁਆਰਾ ਸ੍ਰੀ ਅਮਰਦਾਸ ਸਾਹਿਬ 'ਚ ਸਵੇਰੇ ਗ੍ਰੰਥੀ ਗਿਆਨ ਸਿੰਘ ਨੇ ਨਿਤਨੇਮ ਦਾ ਪਾਠ ਸ਼ੁਰੂ ਕੀਤਾ। ਕਰੀਬ ਪੌਣੇ ਪੰਜ ਵਜੇ ਕਰਮ ਸਿੰਘ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਇਆ। ਪਰਤਦੇ ਸਮੇਂ ਉਹ ਘਰੋਂ ਨਾਲ ਹੀ ਲਿਆਇਆ ਤਾਲਾ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਲਗਾ ਕੇ ਚੱਲਦਾ ਬਣਿਆ। ਇਸ ਦੇ ਬਾਅਦ ਕਰਮ ਸਿੰਘ ਪਿੰਡ ਦੇ ਦੂਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ 'ਚ ਕਰੀਬ ਪੰਜ ਵਜੇ ਪਹੁੰਚਿਆ, ਜਿੱਥੇ ਗਿਆਨੀ ਸੰਤ ਸਿੰਘ ਪਾਠ ਕਰ ਰਹੇ ਸਨ, ਉੱਥੇ ਵੀ ਗੇਟ ’ਤੇ ਤਾਲਾ ਲਗਾ ਕੇ ਕਰਮ ਸਿੰਘ ਚਾਬੀਆਂ ਸਮੇਤ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਇਨ੍ਹਾਂ ਹੋਣਹਾਰ ਧੀਆਂ ਨੇ ਮਾਪਿਆਂ ਦਾ ਸੁਫ਼ਨਾ ਕੀਤਾ ਸਾਕਾਰ, 'ਜੱਜ' ਬਣ ਕੇ ਦਿੱਤੀ ਵੱਡੀ ਖੁਸ਼ੀ
ਘਟਨਾ ਮਗਰੋਂ ਲੋਕਾਂ ਦਾ ਫੁੱਟਿਆ ਗੁੱਸਾ
ਇਸ ਦੌਰਾਨ ਪਿੰਡ ਵੱਲੋਂ ਸੰਗਤ ਮੱਥਾ ਟੇਕਣ ਪਹੁੰਚੀ ਤਾਂ ਤਾਲੇ ਲੱਗੇ ਦੇਖ ਹੈਰਾਨ ਹੋਏ ਅਤੇ ਜਦੋਂ ਘਟਨਾ ਦੀ ਭਿਣਕ ਲੱਗੀ ਤਾਂ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦਾ ਤਾਲਾ ਤੋੜਿਆ ਅਤੇ ਅੰਦਰ ਪਾਠੀ ਸਮੇਤ ਸੰਗਤ ਨੂੰ ਬਾਹਰ ਕੱਢਿਆ। ਬਾਹਰ ਆਈ ਸੰਗਤ ਨੇ ਦੱਸਿਆ ਕਿ ਕਰਮ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸ ਦੇ ਬਾਅਦ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਗਿਆ ਅਤੇ ਉਹ ਕਰਮ ਸਿੰਘ ਦੇ ਘਰ ਪਹੁੰਚ ਗਏ ਪਰ ਉਸਨੇ ਆਪਣੇ ਆਪ ਨੂੰ ਅੰਦਰ ਬੰਦ ਕੀਤਾ ਹੋਇਆ ਸੀ। ਲੋਕਾਂ ਦੀ ਭੀੜ ਵੱਧਣ ’ਤੇ ਸਥਿਤੀ ਤਣਾਅਪੂਰਨ ਹੋ ਗਈ। ਇਸ ਦੌਰਾਨ ਪੁਲਸ ਵੀ ਪਿੰਡ ਪਹੁੰਚ ਗਈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵੱਲੋਂ ਪੀੜਤ ਕਿਸਾਨਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ
ਧਾਰਮਿਕ ਭਾਵਨਾਵਾਂ ਭੜਕਾਉਣ ’ਤੇ ਕੇਸ ਦਰਜ
ਜਾਂਚ ਅਧਿਕਾਰੀ ਏ. ਐੱਸ. ਆਈ. ਮੇਵਾ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਨੂੰ ਉਸ ਦੇ ਘਰ ਤੋਂ ਬਾਹਰ ਕੱਢ ਕੇ ਗ੍ਰਿਫ਼ਤਾਰ ਕੀਤਾ ਗਿਆ। ਉਸ ਖ਼ਿਲਾਫ਼ ਸੰਗਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬੰਧਕ ਬਣਾਉਣ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਆਈ. ਪੀ. ਸੀ. ਦੀ ਧਾਰਾ-342 , 295 ਏ ਅਤੇ 511 ਦੇ ਅਨੁਸਾਰ ਮਾਮਲਾ ਦਰਜ ਕੀਤਾ ਗਿਆ।
ਖ਼ੁਦ ਦੀ ਅਹਿਮੀਅਤ ਦਿਖਾਉਣੀ ਸੀ
ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਅਨੁਸਾਰ ਮੁਲਜ਼ਮ ਨੇ ਨਫ਼ਰਤ ਭਰਿਆ ਕੰਮ ਕੀਤਾ ਹੈ। ਸ਼ੁਰੂਆਤੀ ਪੁੱਛਗਿਛ 'ਚ ਕੋਈ ਠੀਕ ਵਜ੍ਹਾ ਸਾਹਮਣੇ ਨਹੀਂ ਆਈ। ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਨਾਲ ਰੰਜਿਸ਼ ਵੀ ਨਹੀਂ ਹੈ ਪਰ ਪਿੰਡ 'ਚ ਖ਼ੁਦ ਦੀ ਅਹਿਮੀਅਤ ਵਿਖਾਉਣ ਲਈ ਉਸ ਨੇ ਅਜਿਹਾ ਕੀਤਾ ਹੈ। ਫਿਲਹਾਲ ਇਸ ਘਟਨਾ ਦੀ ਜਾਂਚ ਜਾਰੀ ਹੈ।
ਨੋਟ : ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਸਾਹਮਣੇ ਆ ਰਹੀਆਂ ਘਟਨਾਵਾਂ ਬਾਰੇ ਤੁਹਾਡੀ ਕੀ ਹੈ ਰਾਏ
 


author

Babita

Content Editor

Related News