ਗੁਰਦੁਆਰਾ ਸਾਹਿਬ ’ਚ ਰਹਿਤ ਮਰਿਆਦਾ ਨੂੰ ਲੈ ਕੇ ਗੁਰਦੁਆਰਾ ਕਮੇਟੀ ਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ

Saturday, Aug 06, 2022 - 12:31 PM (IST)

ਗੁਰਦੁਆਰਾ ਸਾਹਿਬ ’ਚ ਰਹਿਤ ਮਰਿਆਦਾ ਨੂੰ ਲੈ ਕੇ ਗੁਰਦੁਆਰਾ ਕਮੇਟੀ ਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ, ਖਾਈ, ਰੌਂਤਾ ਅਤੇ ਕਿਸ਼ਨਗੜ੍ਹ ਦੀ ਹੱਦ ਵਿਚ ਪੈਂਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਹਿਤ ਮਰਿਆਦਾ ਅਤੇ ਸਤਿਕਾਰ ਦੇ ਮਾਮਲੇ ਵਿਚ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਧਾਨ ਦਰਮਿਆਨ ਤਕਰਾਰ ਹੋ ਗਿਆ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ। ਵਿਵਾਦ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਪਿੰਡ ਰੌਤਾਂ ਦੇ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਜਗ੍ਹਾ ’ਤੇ ਭਿਜਵਾ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਟੀਮ ਮੌਕੇ ’ਤੇ ਪਹੁੰਚ ਗਈ। ਗੁਰਦੁਆਰਾ ਚਰਨ ਕੰਵਲ ਵਿਚ ਪੁੱਜੇ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਮੇਟੀ, ਸਤਿਕਾਰ ਕਮੇਟੀ, ਦਮਦਮੀ ਟਕਸਾਲ, ਪੰਥਕ ਏਕਤਾ ਮੋਗਾ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਗੁਰਦੁਆਰਾ ਚਰਨ ਕੰਵਲ ਵਿਖੇ ਪੂਰਨ ਰਹਿਤ ਮਰਿਆਦਾ ਨਹੀਂ ਰੱਖੀ ਜਾ ਰਹੀ।

ਖੇਤਾਂ ਵਿਚ ਗੁਰਦੁਆਰਾ ਹੋਣ ਕਰ ਕੇ ਗੁਰੂ ਸਾਹਿਬ ਦੇ ਸਰੂਪ ਸੁਰੱਖਿਅਤ ਨਹੀਂ ਹਨ। ਇਸ ਸਮੇਂ ਗੁਰੂ ਸਾਹਿਬ ਦੇ ਸਰੂਪ ਕਿਸੇ ਹੋਰ ਗੁਰਦੁਆਰਾ ਸਾਹਿਬ ਸੁਰੱਖਿਅਤ ਥਾਂ ’ਤੇ ਲਿਜਾਣ ਨੂੰ ਲੈ ਕੇ ਗੁਰਦੁਆਰਾ ਪ੍ਰਧਾਨ ਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਸਿੱਖ ਆਗੂਆਂ ਨਾਲ ਤਕਰਾਰ ਵੀ ਹੋਇਆ। ਪ੍ਰਧਾਨ ਸੇਵਕ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਫ਼ੈਸਲਾ ਕੀਤਾ ਕਿ ਚਾਰ ਪਿੰਡਾਂ ਤੋਂ ਬਾਹਰ ਵਾਹਰ ਖੇਤਾਂ ਵਿਚ ਗੁਰਦੁਆਰਾ ਸਾਹਿਬ ਹੋਣ ਕਰ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਪੂਰੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ, ਪੱਕਾ ਗ੍ਰੰਥੀ ਸਿੰਘ ਅਤੇ ਪੰਜ ਸੱਤ ਸੇਵਾਦਾਰ ਲਾਜ਼ਮੀਂ ਹੋਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਉਸ ਸਮੇਂ ਤੱਕ ਗੁਰੂ ਸਾਹਿਬ ਦੇ ਸਰੂਪ ਪਿੰਡ ਦੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਜਗ੍ਹਾ ’ਤੇ ਭੇਜ ਦਿੱਤੇ ਗਏ। ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਸੂਝ-ਬੂਝ ਨਾਲ ਮਾਮਲਾ ਸ਼ਾਂਤ ਕਰ ਲਿਆ। ਇਸ ਸਮੇਂ ਭਾਈ ਅਵਤਾਰ ਸਿੰਘ ਘੋਲੀਆ ਅੰਮ੍ਰਿਤ ਸੰਚਾਰ ਜਥਾ ਦਮਦਮੀ ਟਕਸਾਲ, ਭਾਈ ਰਾਜਾ ਸਿੰਘ ਖੁਖਰਾਣਾ ਜ਼ਿਲਾ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਾਈ ਜਸਵਿੰਦਰ ਸਿੰਘ ਘੋਲੀਆ ਜ਼ਿਲਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਭਾਈ ਸੇਵਕ ਸਿੰਘ ਫੌਜੀ ਮੱਲਕੇ, ਭਾਈ ਬਲਜੀਤ ਸਿੰਘ ਮੋਗਾ, ਭਾਈ ਜਗਸੀਰ ਸਿੰਘ ਰਾਜੇਆਣਾ, ਭਾਈ ਮੱਘਰ ਸਿੰਘ ਰਾਜੇਆਣਾ, ਭਾਈ ਹਰਦੀਪ ਸਿੰਘ ਜ਼ਿਲਾ ਪ੍ਰਧਾਨ ਏਕਨੂਰ ਖਾਲਸਾ ਫੌਜ, ਭਾਈ ਸੱਤਪਾਲ ਸਿੰਘ ਡਗਰੂ, ਭਾਈ ਸੁਖਦੀਪ ਸਿੰਘ ਸਿੰਘਾਂਵਾਲਾ ਆਦਿ ਹਾਜ਼ਰ ਸਨ।


author

Gurminder Singh

Content Editor

Related News