ਗੁਰਦੁਆਰਾ ਸਾਹਿਬ ''ਚ ਦਾਖਲ ਹੋਏ ਚੋਰ, ਸੀ. ਸੀ. ਟੀ. ਵੀ. ਕੈਦ ਹੋਈ ਪੂਰੀ ਘਟਨਾ
Saturday, Nov 02, 2019 - 02:44 PM (IST)
![ਗੁਰਦੁਆਰਾ ਸਾਹਿਬ ''ਚ ਦਾਖਲ ਹੋਏ ਚੋਰ, ਸੀ. ਸੀ. ਟੀ. ਵੀ. ਕੈਦ ਹੋਈ ਪੂਰੀ ਘਟਨਾ](https://static.jagbani.com/multimedia/2017_12image_12_01_270130000chor.jpg)
ਨਵਾਂਸ਼ਹਿਰ (ਤ੍ਰਿਪਾਠੀ) : ਗੁਰਦੁਆਰਾ ਦੀ ਗੋਲਕ ਤੋੜ ਕੇ 5 ਹਜ਼ਾਰ ਰੁਪਏ ਚੋਰੀ ਕਰਨ ਵਾਲੇ 2 ਅਣਪਛਾਤੇ ਨੌਜਵਾਨਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਹਨ। ਪੁਲਸ ਨੇ ਸੀ.ਸੀ.ਟੀ.ਵੀ. 'ਚ ਕੈਦ ਹੋਏ ਨੌਜਵਾਨਾਂ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਾਖਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਮੁਬਾਰਕਪੁਰ ਨੇ ਦੱਸਿਆ ਕਿ ਉਹ ਪ੍ਰਤੀਦਿਨ ਸਵੇਰੇ ਕਰੀਬ 3 ਵਜੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਲਈ ਜਾਂਦਾ ਹੈ। ਸ਼ੁੱਕਰਵਾਰ ਸਵੇਰੇ ਵੀ ਜਦੋਂ ਉਹ ਪਿੰਡ ਦੇ ਗੁਰਦੁਆਰਾ ਸ੍ਰੀ ਆਨੰਦਸਰ ਸਾਹਿਬ 'ਚ ਮੱਥਾ ਟੇਕਣ ਗਿਆ ਤਾਂ ਉਸਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦਾ ਗੱਲਾ (ਗੋਲਕ) ਟੁੱਟੀ ਹੋਈ ਹੈ ਅਤੇ ਗੱਲ੍ਹੇ 'ਚੋਂ ਪੈਸੇ ਗਾਇਬ ਸਨ। ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਦੀ ਖਿੜਕੀ ਪੱਟੀ ਹੋਈ ਸੀ ਅਤੇ ਸ਼ੀਸ਼ਾ ਟੁੱਟਿਆ ਹੋਇਆ ਸੀ।
ਇਸ ਦੌਰਾਨ ਗੁਰਦੁਆਰਾ ਸਾਹਿਬ ਵਲੋਂ ਸੰਗਤ ਅਤੇ ਹੈੱਡ ਗ੍ਰੰਥੀ ਵੀ ਪਹੁੰਚ ਗਏ। ਗ੍ਰੰਥੀ ਨੇ ਦੱਸਿਆ ਕਿ ਗੱਲ੍ਹੇ 'ਚ ਕਰੀਬ 5 ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਚੋਰੀ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ 2 ਅਣਪਛਾਤੇ ਨੌਜਵਾਨਾਂ ਦੇ ਚਿੱਤਰ ਕੈਪਚਰ ਹੋਏ ਹਨ ਜਿਸਦੀ ਫੁਟੇਜ ਪੁਲਸ ਨੂੰ ਦੇ ਦਿੱਤੀ ਗਈ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।